ਭਾਰਤੀ ਪੁਰਸ਼ ਹਾਕੀ ਟੀਮ ਸੋਨ ਤਗ਼ਮੇ ਦੀ ਦੌੜ ’ਚੋਂ ਬਾਹਰ


ਜਕਾਰਤਾ - ਮਲੇਸ਼ੀਆ ਨੇ ਅੱਜ ਇੱਥੇ ਪੁਰਸ਼ ਹਾਕੀ ਵਿੱਚ ਸਾਬਕਾ ਚੈਂਪੀਅਨ ਭਾਰਤ ਨੂੰ ਪੈਨਲਈ ਸ਼ੂਟਆਊਟ ਵਿੱਚ ਹਰਾ ਕੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਦੀ ਦੌੜ ’ਚੋਂ ਬਾਹਰ ਕਰ ਦਿੱਤਾ। ਇਸ ਹਾਰ ਨਾਲ ਭਾਰਤ ਨੇ ਟੋਕੀਓ ਓਲੰਪਿਕ 2020 ਵਿੱਚ ਸਿੱਧੇ ਦਾਖ਼ਲੇ ਦਾ ਮੌਕਾ ਵੀ ਗੁਆ ਲਿਆ। ਮਲੇਸ਼ਿਆਈ ਟੀਮ ਨੇ ਸਡਨ ਡੈੱਥ ਵਿੱਚ ਭਾਰਤ ਨੂੰ 7-6 ਨਾਲ ਹਰਾਇਆ। ਮਲੇਸ਼ਿਆਈ ਟੀਮ ਨੇ ਅੱਠ ਸਾਲ ਪਹਿਲਾਂ ਗੁਆਂਗਜ਼ੂ ਵਿੱਚ ਭਾਰਤ ਨੂੰ ਸੈਮੀ ਫਾਈਨਲ ਵਿੱਚ ਸ਼ਿਕਸਤ ਦਿੱਤੀ ਸੀ। ਭਾਰਤੀ ਖਿਡਾਰੀਆਂ ਨੇ ਨਿਰਧਾਰਿਤ ਸਮੇਂ ਤੇ ਸ਼ੂਟਆਊਟ ਦੌਰਾਨ ਕਈ ਮੌਕੇ ਗੁਆਏ। ਦੋਵੇਂ ਟੀਮਾਂ ਨਿਰਧਾਰਿਤ ਸਮੇਂ ਮਗਰੋਂ 2-2 ਨਾਲ ਬਰਾਬਰੀ ’ਤੇ ਸਨ। ਭਾਰਤ ਨੇ ਆਖਰੀ ਪਲਾਂ ’ਚ ਗੋਲ ਕਰਨ ਦਾ ਮੌਕਾ ਗੁਆਇਆ, ਜਿਸ ਕਰਕੇ ਮੈਚ ਸ਼ੂਟਆਊਟ ਤਕ ਖਿੱਚਿਆ ਗਿਆ। ਹਰਮਲਪ੍ਰੀਤ ਸਿੰਘ ਤੇ ਵਰੁਣ ਕੁਮਾਰ ਨੇ ਕ੍ਰਮਵਾਰ 33ਵੇਂ ਤੇ 40ਵੇਂ ਮਿੰਟ ਵਿੱਚ ਗੋਲ ਦਾਗੇ਼। ਮਲੇਸ਼ੀਆ ਲਈ ਫ਼ੈਜਲ ਸਾਰੀ (39ਵੇਂ ਮਿੰਟ) ਤੇ ਮੁਹੰਮਦ ਰਜੀ ਨੇ ਹੂਟਰ ਵੱਜਣ ਤੋਂ ਦੋ ਮਿੰਟ ਪਹਿਲਾਂ ਗੋਲ ਕੀਤੇ। ਸ਼ੂਟ ਆਫ਼ ਵਿੱਚ ਮਲੇਸ਼ੀਆ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਦੂਜੀ ਵਾਰ ਏਸ਼ਿਆਡ ਦੇ ਫਾਈਨਲ ਵਿੱਚ ਥਾਂ ਬਣਾਈ।
ਭਾਰਤ ਨੇ ਗਰੁੱਪ ਗੇੜ ’ਚ 76 ਗੋਲ ਕੀਤੇ, ਪਰ ਸਡਨ ਡੈੱਥ ਵਿੱਚ ਐਸ.ਵੀ.ਸੁਨੀਲ ਮੌਕਾ ਖੁੰਝ ਗਿਆ। ਆਕਾਸ਼ਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਪਹਿਲੇ ਪੰਜ ਸ਼ਾਟ ਵਿੱਚ ਗੋਲ ਕਰ ਸਕੇ ਜਦੋਂਕਿ ਮਨਪ੍ਰੀਤ, ਦਿਲਪ੍ਰੀਤ ਸਿੰਘ ਤੇ ਸੁਨੀਲ ਖੁੰਝ ਗਏ। ਗੋਲਕੀਪਰ ਪੀ.ਆਰ.ਸ੍ਰੀਜੇਸ਼ ਨੇ ਮੁਹੰਮਦ ਅਸ਼ਾਰੀ ਤੇ ਫ਼ਿਤਰੀ ਸਾਰੀ ਨੂੰ ਹੀ ਗੋਲ ਕਰਨ ਦਿੱਤੇ ਜਿਸ ਕਰਕੇ ਭਾਰਤ ਮੈਚ ਵਿੱਚ ਬਰਕਰਾਰ ਰਿਹਾ। ਸਡਨ ਡੈੱਥ ਵਿੱਚ ਮਲੇਸ਼ੀਆ ਦੀਆਂ ਪੰਜੇ ਕੋਸ਼ਿਸ਼ਾਂ ਸਫ਼ਲ ਰਹੀਆਂ ਜਦੋਂਕਿ ਭਾਰਤ ਨੇ ਪਹਿਲਾਂ ਚਾਰ ਗੋਲ ਕੀਤੇ ਪਰ ਸੁਨੀਲ ਝੱਕਾਨੀ ਖਾ ਗਿਆ।
ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਹੀ ਮਿੰਟ ਵਿੱਚ ਹਮਲਾਵਰ ਖੇਡ ਦਾ ਮੁਜ਼ਾਹਰਾ ਕਰਦਿਆਂ ਪੈਨਲਟੀ ਕਾਰਨਰ ਦਾ ਮੌਕਾ ਬਣਾਇਆ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਚਾਰ ਪੈਨਲਟੀ ਕਾਰਨਰ ਮਿਲੇ, ਪਰ ਟੀਮ ਇਕ ਨੂੰ ਵੀ ਗੋਲ ਵਿੱਚ ਬਦਲਣ ’ਚ ਨਾਕਾਮ ਰਹੀ। ਦੂਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਨੂੰ ਇਕ ਇਕ ਪੈਨਲਟੀ ਕਾਰਨਰ ਮਿਲਿਆ, ਪਰ ਨਤੀਜਾ ਸਿਫ਼ਰ ਹੀ ਰਿਹਾ। ਭਾਰਤ ਲਈ ਹਰਮਨਪ੍ਰੀਤ ਨੇ ਤੀਜੇ ਕੁਆਰਟਰ ਵਿੱਚ ਗੋਲ ਦਾਗ਼ਿਆ। ਮਲੇਸ਼ੀਆ ਨੇ ਜਵਾਬੀ ਹੱਲਾ ਬੋਲਦਿਆਂ 40ਵੇਂ ਮਿੰਟ ਵਿੱਚ ਫੈਜਲ ਸਾਰੀ ਦੇ ਗੋਲ ਦੇ ਦਮ ’ਤੇ ਵਾਪਸੀ ਕੀਤੀ। ਭਾਰਤ ਲਈ ਅੱਠਵੇਂ ਪੈਨਲਟੀ ਕਾਰਨਰ ’ਤੇ ਵਰੁਣ ਕੁਮਾਰ ਨੇ ਗੋਲ ਕੀਤਾ। ਮਲੇਸ਼ੀਆ ਨੂੰ ਆਖਰੀ ਪੰਜ ਮਿੰਟਾਂ ਵਿੱਚ ਦੋ ਪੈਨਲਟੀ ਕਾਰਨਰ ਮਿਲੇ, ਜਿਸ ਵਿੱਚੋਂ ਦੂਜੇ ਨੂੰ ਰਜੀ ਨੇ ਗੋਲ ਵਿੱਚ ਤਬਦੀਲ ਕਰ ਦਿੱਤਾ।
ਗ਼ਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਾਂ: ਕੋਚ
ਜਕਾਰਤਾ: ਭਾਰਤੀ ਹਾਕੀ ਟੀਮ ਨੂੰ ਏਸ਼ਿਆਡ ਹਾਕੀ ਦੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਹੱਥੋਂ ਮਿਲੀ ਹਾਰ ਤੋਂ ਹੈਰਾਨ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਝਾੜ ਪਾਈ ਹੈ। ਆਪਣੇ ਖ਼ਿਤਾਬ ਦੀ ਰਾਖੀ ਕਰਨ ’ਚ ਨਾਕਾਮ ਰਹੀ ਭਾਰਤੀ ਟੀਮ ਹੁਣ ਸ਼ਨਿੱਚਰਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡੇਗੀ ਜਦੋਂਕਿ ਖ਼ਿਤਾਬੀ ਮੁਕਾਬਲਾ ਮਲੇਸ਼ੀਆ ਤੇ ਜਪਾਨ ਵਿਚਾਲੇ ਖੇਡਿਆ ਜਾਵੇਗਾ। ਹਰਿੰਦਰ ਨੇ ਮਲੇਸ਼ੀਆ ਸਿਰ ਜਿੱਤ ਦਾ ਸਿਹਰਾ ਬੰਨ੍ਹਦਿਆਂ ਕਿਹਾ ਕਿ ਅਸੀਂ ਬੇਹੱਦ ਖ਼ਰਾਬ ਗ਼ਲਤੀਆਂ ਕੀਤੀਆਂ ਜਿਸ ਦਾ ਖ਼ਮਿਆਜ਼ਾ ਭੁਗਤ ਰਹੇ ਹਾਂ।

 

 

fbbg-image

Latest News
Magazine Archive