ਬੇਭਰੋਸਗੀ ਮਤੇ ਤੋਂ ਇਕ ਦਿਨ ਪਹਿਲਾਂ

ਨਗਰ ਕੌਂਸਲ ਪ੍ਰਧਾਨ ਵੱਲੋਂ ਖ਼ੁਦਕੁਸ਼ੀ


ਬੁਢਲਾਡਾ (ਮਾਨਸਾ) - ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਅਤੇ ਅਕਾਲੀ ਆਗੂ ਹਰਵਿੰਦਰ ਸਿੰਘ ਬੰਟੀ ਨੇ ਆਪਣੇ ’ਤੇ ਲੱਗ ਰਹੀਆਂ ਤੋਹਮਤਾਂ ਤੋਂ ਪ੍ਰੇਸ਼ਾਨ ਹੋ ਕੇ ਅੱਜ ਬਾਅਦ ਦੁਪਹਿਰ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਕਾਰਨ ਬੁਢਲਾਡਾ ਵਿਚ ਸੋਗ ਪੱਸਰ ਗਿਆ ਹੈ। ਉਸ ਦਾ ਖ਼ੁਦਕੁਸ਼ੀ ਨੋਟ ਮਿਲਣ ਦੀ ਵੀ ਚਰਚਾ ਹੈ, ਪਰ ਪੁਲੀਸ ਨੇ ਇਸ ਦਾ ਕੋਈ ਖੁਲਾਸਾ ਨਹੀਂ ਕੀਤਾ।
ਐਸਐਸਪੀ ਮਨਧੀਰ ਸਿੰਘ ਦੇਰ ਸ਼ਾਮ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ। ਮਾਪਿਆਂ ਵੱਲੋਂ ਬੰਟੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਸਤੇ ਕਈ ਆਗੂਆਂ ਦਾ ਨਾਂਅ ਲਿਆ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਕੁਝ ਹਾਕਮ ਧਿਰ ਨਾਲ ਸਬੰਧਤ ਦੱਸੇ ਜਾਂਦੇ ਹਨ। ਜ਼ਹਿਰੀਲਾ ਪਦਾਰਥ ਨਿਗਲਣ ’ਤੇ ਉਸ ਨੂੰ ਬੁਢਲਾਡਾ ਵਿੱਚ ਹੀ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਫ਼ੌਰੀ ਮਾਨਸਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਪਰ ਉਥੇ ਪਹੁੰਚਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਆਸੀ ਲੋਕ ਵੱਡੀ ਪੱਧਰ ’ਤੇ ਹਸਪਤਾਲ ਵੱਲ ਪੁੱਜਣ ਲੱਗੇ। ਲਾਸ਼ ਨੂੰ ਪੋਸਟਮਾਰਟਮ ਲਈ ਮਾਨਸਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਗ਼ੌਰਤਲਬ ਹੈ ਕਿ ਬੁਢਲਾਡਾ ਦੀ ਮਾੜੀ ਹਾਲਤ ਤੇ ਅਧੂਰੇ ਵਿਕਾਸ ਕਾਰਜਾਂ ਦੇ ਮੁੱਦੇ ਉਤੇ ਕਾਫੀ ਸਮੇਂ ਤੋਂ ਧਰਨੇ-ਮੁਜ਼ਾਹਰੇ ਤੇ ‘ਬੁਢਲਾਡਾ ਬੰਦ’ ਹੋ ਰਹੇ ਸਨ, ਜਿਸ ਸਬੰਧੀ ਨਗਰ ਸੁਧਾਰ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਅੰਦੋਲਨਾਂ ਦੌਰਾਨ ਹਰਵਿੰਦਰ ਸਿੰਘ ਬੰਟੀ ’ਤੇ ਖੁੱਲ੍ਹੇਆਮ ਘਪਲੇਬਾਜ਼ੀ ਦੇ ਦੋਸ਼ ਲਾਏ ਜਾ ਰਹੇ ਸਨ, ਜਿਸ ਤੋਂ ਬੰਟੀ ਦੇ ਪ੍ਰੇਸ਼ਾਨ ਹੋਣ ਦੀ ਚਰਚਾ ਅੱਜ ਖੂਬ ਚੱਲਦੀ ਰਹੀ। ਜਾਣਕਾਰੀ ਮੁਤਾਬਕ ਬੰਟੀ ਦੁਪਹਿਰ ਸਮੇਂ ਇੱਕ ਦੁਕਾਨ ’ਤੇ ਮੌਜੂਦ ਸੀ, ਜਿੱਥੇ ਉਸ ਨੇ ਜ਼ਹਿਰ ਖਾ ਲਈ।
ਇਸ ਸਬੰਧੀ ਨਗਰ ਸੁਧਾਰ ਸਭਾ ਨੇ 20 ਤੋਂ 22 ਅਗਸਤ ਤੱਕ ਅੰਦੋਲਨ ਕੀਤਾ, ਜਿਸ ਦੌਰਾਨ ਥਾਣਾ ਮੁਖੀ ਰਾਜਿੰਦਰਪਾਲ ਸਿੰਘ ਦੀ ਬਦਲੀ ਹੋਣ ਤੋਂ ਬਾਅਦ ਸੰਘਰਸ਼ ਅੱਜ (28 ਅਗਸਤ) ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਐਸਡੀਐਮ ਨੇ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤੇ ਸਬੰਧੀ 29 ਅਗਸਤ ਨੂੰ ਮੀਟਿੰਗ ਸੱਦੀ ਹੋਈ ਸੀ, ਜਿਸ ਵਿਚ ਬੰਟੀ ਨੇ ਕੌਂਸਲਰਾਂ ਦਾ ਬਹੁਮਤ ਸਾਬਤ ਕਰਨਾ ਸੀ। ਦੱਸਿਆ ਜਾ ਰਿਹਾ ਹੈ ਕਿ ਖ਼ੁਦਕੁਸ਼ੀ ਦੀ ਇਕ ਵਜ੍ਹਾ ਇਹ ਵੀ ਹੋ ਸਕਦੀ ਹੈ, ਕਿਉਂਕਿ ਕੁਝ ਕੌਂਸਲਰ ਉਸ ਦਾ ਸਾਥ ਛੱਡਦੇ ਦੱਸੇ ਜਾ ਰਹੇ ਸਨ।
ਬੰਟੀ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਤੇਜ ਸਿੰਘ ਨੇ ਕਿਹਾ ਕਿ ਉਸ ਦਾ ਕੰਮ ਪਾਰਦਰਸ਼ੀ ਸੀ, ਪਰ ਕੁਝ ਵਿਅਕਤੀ ਉਸ ਨੂੰ ਪ੍ਰਧਾਨ ਨਹੀਂ ਸਨ ਦੇਖਣਾ ਚਾਹੁੰਦੇ ਤੇ ਬੇਵਜ੍ਹਾ ਪ੍ਰੇਸ਼ਾਨ ਕਰ ਰਹੇ ਸਨ। ਉਨ੍ਹਾਂ ਕੁਝ ਆਗੂਆਂ ’ਤੇ ਦੋਸ਼ ਲਾਉਦਿਆਂ ਉਨ੍ਹਾਂ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਦਿਆਂ, ਅਜਿਹਾ ਨਾ ਹੋਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਇਸ ਨੂੰ ਮਾੜੀ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਬੰਟੀ ਦੀ ਮੌਤ ਲਈ ਕੁਝ ਰਾਜਨੀਤੀਵਾਨ ਜ਼ਿੰਮੇਵਾਰ ਹਨ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਇਸ ਬਾਰੇ ਨਿਰਪੱਖ ਅਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਾਰਵਾਈ ਕੀਤੀ ਜਾਵੇ। ਐਸਪੀ ਅਨਿਲ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡੀਐਸਪੀ ਸਿਮਰਜੀਤ ਸਿੰਘ ਤੇ ਹੋਰ ਪੁਲੀਸ ਅਧਿਕਾਰੀ ਹਾਜ਼ਰ ਸਨ।
‘ਦੋਸ਼ੀਆਂ’ ਦੀ ਗ੍ਰਿਫ਼ਤਾਰੀ ਲਈ ਬੁਢਲਾਡਾ ਥਾਣੇ ਅੱਗੇ ਧਰਨਾ
ਨਗਰ ਕੌਂਸਲ ਪ੍ਰਧਾਨ ਦੀ ਮੌਤ ਤੋਂ ਬਾਅਦ ਉਸ ਦੇ ਕੁਝ ਹਮਾਇਤੀਆਂ ਨੇ ਬੁਢਲਾਡਾ ਥਾਣੇ ਅੱਗੇ ਧਰਨਾ ਦੇ ਕੇ ਕਸੂਰਵਾਰਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ, ਲਾਸ਼ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਵੇਗਾ। ਧਰਨੇ ਵਿਚ ਸ਼ਾਮਲ ਬਹੁਤੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਦੱਸੇ ਜਾਂਦੇ ਹਨ। ਇਸ ਤੋਂ ਪਹਿਲਾਂ ਹਸਪਤਾਲ ਅੰਦਰ ਵੀ ਕੁਝ ਵਿਅਕਤੀਆਂ ਵੱਲੋਂ ਸਿਆਸਤਦਾਨਾਂ ਖਿਲਾਫ਼ ਨਾਅਰੇ ਲਗਾਏ। ਬੁਢਲਾਡਾ ਦੇ ਥਾਣਾ ਮੁਖੀ ਪਰਮਜੀਤ ਸਿੰਘ ਭਗਵਾਨਪੁਰ ਹੀਂਗਣਾ ਨੇ ਕਿਹਾ ਕਿ ਪੁਲੀਸ ਘਟਨਾ ਵਾਲੀ ਦੁਕਾਨ ਦੇ ਕੈਮਰਿਆਂ ਨੂੰ ਪੜਤਾਲ ਕੇ ਜਾਂਚ ਕਰ ਰਹੀ ਹੈ ਅਤੇ ਸਾਰੀ ਗੱਲ ਛੇਤੀ ਹੀ ਸਾਹਮਣੇ ਆ ਜਾਵੇਗੀ।

 

 

fbbg-image

Latest News
Magazine Archive