ਖਾਲਿਸਤਾਨੀਆਂ ਵੱਲੋਂ ਰਾਹੁਲ ਦੇ ਸਮਾਗਮ ’ਚ ਨਾਅਰੇਬਾਜ਼ੀ


ਲੰਡਨ - ਤਿੰਨ ਖਾਲਿਸਤਾਨ ਸਮਰਥਕਾਂ ਨੇ ਬਰਤਾਨੀਆ ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਆਖ਼ਰੀ ਜਨਤਕ ਸਮਾਗਮ ’ਚ ਦਾਖਲ ਹੋ ਕੇ ਉਸ ’ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਰਾਹੁਲ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਸਕੌਟਲੈਂਡ ਯਾਰਡ ਨੇ ਖਾਲਿਸਤਾਨੀਆਂ ਨੂੰ ਪੰਡਾਲ ਤੋਂ ਬਾਹਰ ਕੱਢ ਦਿੱਤਾ।
ਇਹ ਘਟਨਾ ਬੀਤੀ ਸ਼ਾਮ ਪੱਛਮੀ ਲੰਡਨ ਦੇ ਰਾਈਸਲਿੱਪ ਦੀ ਹੈ ਜਿੱਥੇ ਭਾਰਤੀ ਮੂਲ ਦੇ ਲੋਕਾਂ ਲਈ ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਨੇ ਮੈਗਾ ਕਾਨਫਰੰਸ ਰੱਖੀ ਸੀ। ਇਸ ਦੌਰਾਨ ਖਾਲਿਸਤਾਨ ਦੇ ਤਿੰਨ ਹਮਾਇਤੀ ਸਮਾਗਮ ਦੇ ਪੰਡਾਲ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਰਾਹੁਲ ਗਾਂਧੀ ਦੇ ਸਮਾਗਮ ’ਚ ਪਹੁੰਚਣ ਤੋਂ ਪਹਿਲਾਂ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਸਮਾਗਮ ’ਚ ਅੜਿੱਕਾ ਪਾਉਣ ਦੀਆਂ ਕੋਸ਼ਿਸ਼ਾਂ ਦੇ ਜਵਾਬ ਵਿੱਚ ਲੋਕਾਂ ਨੇ ‘ਕਾਂਗਰਸ ਪਾਰਟੀ ਜ਼ਿੰਦਾਬਾਦ’ ਦੇ ਨਾਅਰੇ ਲਾਏ। ਸਮਾਗਮ ਦੀ ਸ਼ੁਰੂਆਤ ਵਿੱਚ ਕਾਂਗਰਸ ਦੇ ਓਵਰਸੀਜ਼ ਕਾਂਗਰਸ ਵਿਭਾਗ ਦੇ ਮੁਖੀ ਸੈਮ ਪਿਤ੍ਰੋਦਾ ਨੇ ਕਿਹਾ, ‘ਸਾਡਾ ਸੁਨੇਹਾ ਲੋਕਤੰਤਰ, ਆਜ਼ਾਦੀ, ਵੰਨ ਸੁਵੰਨਤਾ, ਨੌਕਰੀਆਂ ਤੇ ਵਿਕਾਸ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਸੁਨੇਹੇ ਨੂੰ ਫੈਲਾਓਂ। ਉਨ੍ਹਾਂ ਕਿਹਾ ਕਿ 2019 ਦੀਆਂ ਆਮ ਚੋਣਾਂ ਦੇ ਨਤੀਜੇ ਭਾਰਤ ਦੇ ਭਵਿੱਖ ਦੀ ਦਿਸ਼ਾ ਤੈਅ ਕਰਨਗੇ।’
ਇਸ ਦੌਰਾਨ ਹੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਭਾਰਤ ਦੀ ਨਿਆਂਪਾਲਿਕਾ, ਚੋਣ ਕਮਿਸ਼ਨ ਤੇ ਆਰਬੀਆਈ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਹਿ ਦੇ ਹਰ ਭਾਰਤੀ ਦੀ ਬੇਇੱਜ਼ਤੀ ਕੀਤੀ ਹੈ ਕਿ 2014 ਤੋਂ ਪਹਿਲਾਂ ਦੇਸ਼ ਦਾ ਵਿਕਾਸ ਹੀ ਨਹੀਂ ਹੋਇਆ। ਸ੍ਰੀ ਗਾਂਧੀ ਇੱਥੇ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, ‘ਭਾਰਤ ਨੇ ਵਿਸ਼ਵ ਦੇ ਲੋਕਾਂ ਨੂੰ ਭਵਿੱਖ ਦੇ ਦਰਸ਼ਨ ਕਰਾਏ। ਭਾਰਤ ਦੇ ਲੋਕਾਂ ਨੇ ਹਰ ਚੀਜ਼ ਨੂੰ ਸੰਭਵ ਬਣਾਇਆ ਤੇ ਕਾਂਗਰਸ ਨੇ ਲੋਕਾਂ ਦੀ ਮਦਦ ਕੀਤੀ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਦੇਸ਼ ਵਿੱਚ ਕੋਈ ਵਿਕਾਸ ਹੀ ਨਹੀਂ ਹੋਇਆ ਤਾਂ ਉਹ ਇਹ ਟਿੱਪਣੀ ਕਾਂਗਰਸ ’ਤੇ ਨਹੀਂ ਕਰ ਰਹੇ ਬਲਕਿ ਉਹ ਦੇਸ਼ ਦੇ ਹਰ ਵਸਨੀਕ ਦੀ ਬੇਇੱਜ਼ਤੀ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਮੇਂ ਭਾਰਤ ਵਿੱਚ ਦਲਿਤਾਂ, ਕਿਸਾਨਾਂ, ਕਬਾਇਲੀਆਂ, ਘੱਟ ਗਿਣਤੀ ਭਾਈਚਾਰਿਆਂ ਤੇ ਗਰੀਬਾਂ ਨੂੰ ਕਿਹਾ ਕਿ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੁੱਝ ਵੀ ਨਹੀਂ ਮਿਲੇਗਾ ਤੇ ਜੇ ਉਹ ਆਵਾਜ਼ ਉਠਾਉਣਗੇ ਤਾਂ ਉਨ੍ਹਾਂ ਨੂੰ ਕੁੱਟਿਆ ਜਾਵੇਗਾ।
ਉਨ੍ਹਾਂ ਕਿਹਾ, ‘‘ਅੱਜ ਭਾਰਤ ਵਿੱਚ ਹਾਸ਼ੀਏ ’ਤੇ ਆਏ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦਕਿ ਅਨਿਲ ਅੰਬਾਨੀ ਵਰਗਿਆਂ ਨੂੰ ਮੁਨਾਫ਼ੇ ਵੰਡੇ ਜਾ ਰਹੇ ਹਨ।’’ ਰਾਫਾਲ ਸਮਝੌਤੇ ’ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਹੱਲਾ ਬੋਲਦਿਆਂ ਉਨ੍ਹਾਂ ਕਿਹਾ, ‘‘ਹਿੰਦੁਸਤਾਨ ਐਰੋਨੌਟਿਕਸ ਲਿਮਿਟਡ ਪਿਛਲੇ 50 ਸਾਲਾਂ ਤੋਂ ਹਵਾਈ ਜਹਾਜ਼ਾਂ ਦਾ ਨਿਰਮਾਣ ਕਰ ਰਹੀ ਹੈ, ਪਰ ਸਰਕਾਰ ਵੱਲੋਂ ਕਰਾਰ ਕਿਸੇ ਹੋਰ ਕੰਪਨੀ ਨਾਲ ਕਰ ਲਿਆ ਗਿਆ।’’ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੁੱਝ ਨਹੀਂ ਮਿਲੇਗਾ ਤੇ ਸਿਰਫ਼ ਅੰਬਾਨੀ ਹੀ ਸਭ ਕੁਝ ਲੈ ਜਾਵੇਗਾ। ਇਹ ਵਿਅਕਤੀ 45 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕਾ ਹੈ।
ਰਾਹੁਲ ਗਾਂਧੀ ਨੇ ਸ੍ਰੀ ਮੋਦੀ ’ਤੇ ਦੋਸ਼ ਲਾਇਆ ਕਿ ਉਨ੍ਹਾਂ ਭਾਰਤ ਦੀਆਂ ਬੁਨਿਆਦੀ ਸੰਸਥਾਵਾਂ ਨਿਆਂਪਾਲਿਕਾ, ਆਰਬੀਆਈ ਤੇ ਚੋਣ ਕਮਿਸ਼ਨ ਆਦਿ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜਾਂ ਨੂੰ ਜਨਤਕ ਤੌਰ ’ਤੇ ਸਰਕਾਰ ਦਾ ਵਿਰੋਧ ਕਰਨਾ ਪਿਆ।
ਭਗੌੜਿਆਂ ਨੂੰ ਮੋਦੀ ਦੀ ਸ਼ਹਿ
ਪੱਤਰਕਾਰਾਂ ਦੇ ਸਵਾਲਾਂ ਜਵਾਬ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦਾ ਵਿਜੈ ਮਾਲਿਆ, ਨੀਰਵ ਮੋਦੀ ਦੇ ਮੇਹੁਲ ਚੋਕਸੀ ਪ੍ਰਤੀ ਵਤੀਰਾ ਨਰਮ ਹੈ, ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਦੇਸ਼ ਛੱਡਣ ਤੋਂ ਪਹਿਲਾਂ ਮਾਲਿਆ ਨੇ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨਾਲ ਹੀ ਕਿਹਾ ਮੇਹੁਲ ਚੋਕਸੀ ਤੇ ਨੀਰਵ ਮੋਦੀ ਦੀ ਪ੍ਰਧਾਨ ਮੰਤਰੀ ਨਾਲ ਰਿਸ਼ਤੇਦਾਰੀ ਹੋਣ ਕਾਰਨ ਉਨ੍ਹਾਂ ’ਤੇ ਕਾਰਵਾਈ ਨਹੀਂ ਹੋਈ।

 

 

fbbg-image

Latest News
Magazine Archive