ਏਸ਼ਿਆਡ ਦੇ ਅੱਠਵੇਂ ਦਿਨ ਭਾਰਤ ਦੀ ‘ਚਾਂਦੀ’


ਜਕਾਰਤਾ - ਤੇਜ਼ ਦੌੜਾਕ ਦੁੱਤੀ ਚੰਦ ਨੇ 18ਵੀਆਂ ਏਸ਼ਿਆਈ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਦੀ 100 ਮੀਟਰ ਦੌੜ ਵਿੱਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਅੱਜ ਚਾਂਦੀ ਦਾ ਤਗ਼ਮਾ ਜਿੱਤ ਲਿਆ, ਜਦਕਿ ਨਵੀਂ ਸਟਾਰ ਹਿਮਾ ਦਾਸ ਅਤੇ ਯਹੀਆ ਮੁਹੰਮਦ ਅਨਾਸ ਨੇ ਵੀ 400 ਮੀਟਰ ਦੌੜ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ। ਹਾਲਾਂਕਿ ਲਕਸ਼ਮਣ ਗੋਵਿੰਦਨ ਨੇ ਪੁਰਸ਼ 10000 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਪਰ ਕੁੱਝ ਦੇਰ ਮਗਰੋਂ ਹੀ ਉਸ ਨੂੰ ਅੜਿੱਕਾ ਡਾਹੁਣ ਕਾਰਨ ਅਯੋਗ ਕਰਾਰ ਦਿੱਤਾ ਗਿਆ। ਇੱਕ ਸਮੇਂ ਜੈਂਡਰ ਵਿਵਾਦ ਵਿੱਚ ਫਸੀ ਉੜੀਸਾ ਦੀ ਦੁੱਤੀ ਨੇ 100 ਮੀਟਰ ਦੇ ਫਾਈਨਲ ਵਿੱਚ ਲਾਜਵਾਬ ਪ੍ਰਦਰਸ਼ਨ ਕੀਤਾ ਅਤੇ ਇਸ ਮੁਕਾਬਲੇ ਦੇ ਸੋਨ, ਚਾਂਦੀ ਅਤੇ ਕਾਂਸੀ ਤਗ਼ਮੇ ਦਾ ਫ਼ੈਸਲਾ ਫੋਟੋ ਫਿਨਿਸ਼ ਰਾਹੀਂ ਹੋਇਆ। ਦੁੱਤੀ ਨੇ 11.32 ਸੈਕਿੰਡ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਬਹਿਰੀਨ ਦੀ ਐਡਿਡਿਯੋਂਗ ਨੇ 11.30 ਸੈਕਿੰਡ ਵਿੱਚ ਸੋਨਾ ਅਤੇ ਚੀਨ ਦੀ ਯੋਂਗਲੀ ਵੇਈ ਨੇ 11.33 ਸੈਕਿੰਡ ਵਿੱਚ ਕਾਂਸੀ ਜਿੱਤੀ।
22 ਸਾਲ ਦੀ ਦੁੱਤੀ ਇਸ ਤਰ੍ਹਾਂ ਦੇਸ਼ ਦੀ ਮਹਾਨ ਅਥਲੀਟ ਪੀਟੀ ਊਸ਼ਾ ਦੇ 1986 ਦੇ ਸੋਲ ਏਸ਼ਿਆਈ ਖੇਡਾਂ ਵਿੱਚ 100 ਮੀਟਰ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ।
ਭਾਰਤ ਅੱਜ ਕੋਈ ਸੋਨ ਤਗ਼ਮਾ ਨਹੀਂ ਜਿੱਤ ਸਕਿਆ, ਪਰ ਪੰਜ ਚਾਂਦੀ ਤਗ਼ਮੇ ਜਿੱਤਣ ਵਿੱਚ ਸਫਲ ਰਿਹਾ। ਦੇਸ਼ ਸੱਤ ਸੋਨੇ, ਦਸ ਚਾਂਦੀ ਅਤੇ 19 ਕਾਂਸੀ ਨਾਲ ਕੁੱਲ 36 ਤਗ਼ਮੇ ਜਿੱਤ ਕੇ ਸੂਚੀ ਵਿੱਚ ਨੌਂਵੇਂ ਸਥਾਨ ’ਤੇ ਹੈ।
ਹਿਮਾ ਨੇ ਦੋ ਦਿਨ ਵਿੱਚ ਦੂਜੀ ਵਾਰ ਮਹਿਲਾ 400 ਮੀਟਰ ਵਿੱਚ ਕੌਮੀ ਰਿਕਾਰਡ ਤੋੜ ਕੇ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਅਨਸ ਵੀ ਇਸੇ ਵਰਗ ਦੀ ਪੁਰਸ਼ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਰਿਹਾ।
ਹਿਮਾ ਅਤੇ ਅਨਾਸ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਚਾਂਦੀ ਦੇ ਤਗ਼ਮੇ ਦਾ ਹੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਕਿਉਂਕਿ ਇਨ੍ਹਾਂ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀ ਚੋਟੀ ’ਤੇ ਰਹਿਣ ਦੇ ਮਜ਼ਬੂਤ ਦਾਅਵੇਦਾਰ ਸਨ। ਹਿਮਾ ਨੇ 50.59 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਨਾਲ ਹੀ ਦੋ ਦਿਨ ਵਿੱਚ ਦੂਜੀ ਵਾਰ ਕੌਮੀ ਰਿਕਾਰਡ ਤੋੜਿਆ।
ਬਹਿਰੀਨ ਦੀ ਸਲਵਾ ਨਾਸੇਰ ਨੇ ਖੇਡਾਂ ਦੇ ਨਵੇਂ ਰਿਕਾਰਡ 50.09 ਸੈਕਿੰਡ ਨਾਲ ਸੋਨੇ ਦਾ ਤਗ਼ਮਾ ਆਪਣੀ ਝੋਲੀ ਪਾਇਆ। ਹਿਮਾ ਨੇ ਕੱਲ੍ਹ 51.00 ਸੈਕਿੰਡ ਦੇ ਕੌਮੀ ਰਿਕਾਰਡ ਨਾਲ ਫਾਈਨਲ ਵਿੱਚ ਥਾਂ ਬਣਾਈ ਸੀ। ਉਸ ਨੇ 2004 ਵਿੱਚ ਚੇਨੱਈ ਵਿੱਚ ਮਨਜੀਤ ਕੌਰ (51.05 ਸੈਕਿੰਡ) ਦੇ ਬਣਾਏ 14 ਸਾਲ ਪੁਰਾਣੇ ਰਿਕਾਰਡ ਵਿੱਚ ਸੁਧਾਰ ਕੀਤਾ। ਨਾਇਜੀਰੀਆ ਵਿੱਚ ਜਨਮੀ ਅਤੇ 2017 ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਸਲਵਾ ਨੂੰ ਹਾਲਾਂਕਿ ਸੋਨ ਤਗ਼ਮਾ ਜਿੱਤਣ ਲਈ ਵੱਧ ਪਸੀਨਾ ਨਹੀਂ ਵਹਾਉਣਾ ਪਿਆ। ਉਹ ਇਸ ਸਾਲ ਡਾਇਮੰਡ ਲੀਗ ਲੜੀ ਦੇ ਚਾਰ ਗੇੜ ਜਿੱਤ ਚੁੱਕੀ ਹੈ। ਹਿਮਾ ਤੋਂ ਬਾਅਦ ਅਨਸ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੁਰਸ਼ਾਂ ਦੀ 400 ਮੀਟਰ ਦੌੜ ਵਿੱਚ ਚਾਂਦੀ ਜਿੱਤੀ। ਕੇਰਲਾ ਦੇ 23 ਸਾਲਾ ਅਨਸ ਦਾ ਏਸ਼ਿਆਈ ਖੇਡਾਂ ਵਿੱਚ ਇਹ ਪਹਿਲਾ ਤਗ਼ਮਾ ਹੈ। ਉਸ ਨੇ ਬੀਤੇ ਸਾਲ ਭੁਵਨੇਸ਼ਵਰ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ ਸੋਨ ਤਗ਼ਮਾ ਜਿੱਤਿਆ ਸੀ, ਜਦਕਿ ਰਾਸ਼ਟਰਮੰਡਲ ਖੇਡਾਂ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ।
ਮਹਿਲਾ 400 ਮੀਟਰ ਵਿੱਚ ਚੁਣੌਤੀ ਪੇਸ਼ ਕਰ ਰਹੀ ਇੱਕ ਹੋਰ ਭਾਰਤੀ ਨਿਰਮਲਾ ਸ਼ਿਓਰਾਨ 52.96 ਸੈਕਿੰਡ ਨਾਲ ਚੌਥੇ ਸਥਾਨ ’ਤੇ ਰਹੀ। ਪੁਰਸ਼ 400 ਮੀਟਰ ਵਿੱਚ ਅਨਸ ਨੇ 45.69 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਕਤਰ ਨੇ ਹਸਨ ਅਬਦਾਲੇਲਾਹ 44.89 ਸੈਕਿੰਡ ਨਾਲ ਚੋਟੀ ’ਤੇ ਰਿਹਾ। ਇਨ੍ਹਾਂ ਦੋ ਚਾਂਦੀ ਦੇ ਤਗ਼ਮਿਆਂ ਮਗਰੋਂ ਲਕਸ਼ਮਣਨ ਨੇ 29 ਮਿੰਟ 44.91 ਸੈਕਿੰਡ ਦਾ ਸਮਾਂ ਕੱਢ ਕੇ 10000 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੁਕਾਬਲੇ ਵਿੱਚ ਸੋਨਾ ਅਤੇ ਚਾਂਦੀ ਬਹਿਰੀਨ ਨੇ ਜਿੱਤੀ।
ਏਸ਼ਿਆਈ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਅਨੂ ਰਾਘਵਨ ਨੇ ਮਹਿਲਾ 400 ਮੀਟਰ ਅੜਿੱਕਾ ਦੌੜ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਕੇਰਲਾ ਦੀ 25 ਸਾਲਾ ਅਨੂ ਨੇ ਹੀਟ ਦੋ ਵਿੱਚ ਤੀਜਾ ਸਭ ਤੋਂ ਤੇਜ਼ ਸਮਾਂ ਕੱਢਿਆ ਅਤੇ ਉਹ ਕੁੱਲ 56.77 ਸੈਕਿੰਡ ਨਾਲ ਓਵਰਆਲ ਤੀਜੇ ਸਥਾਨ ’ਤੇ ਰਹੀ। ਭਾਰਤ ਦੀ ਹੀ ਜੌਨਾ ਮੁਰੂਮੁ (59.20 ਸੈਕਿੰਡ) ਵੀ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੀ। ਬਹਿਰੀਨ ਦੀ ਓਲੁਵਾਕੇਮੀ ਅਦੇਕੋਆ ਨੇ 54.87 ਸੈਕਿੰਡ ਨਾਲ ਸਭ ਤੋਂ ਤੇਜ਼ ਸਮਾਂ ਕੱਢਿਆ। ਉਸ ਤੋਂ ਬਾਅਦ ਵੀਅਤਨਾਮ ਦੀ ਕਵਾਚ ਸੀ ਲੈਨ ਦੂਜੇ ਸਥਾਨ ’ਤੇ ਰਹੀ। ਟਰੈਕ ਐਂਡ ਫੀਲਡ ਵਿੱਚ ਖ਼ੁਸ਼ਖ਼ਬਰੀ ਦੇ ਨਾਲ ਦਿਲ ਤੋੜਨ ਵਾਲੀ ਖ਼ਬਰ ਵੀ ਆਈ, ਜਦੋਂ ਲੰਮੀ ਦੂਰੀ ਦੇ ਦੌੜਾਕ ਗੋਵਿੰਦਨ ਲਕਸ਼ਮਣਨ ਨੇ ਪੁਰਸ਼ 10 ਹਜ਼ਾਰ ਮੀਟਰ ਦੌੜ ਤੀਜੇ ਸਥਾਨ ’ਤੇ ਰਹਿੰਦਿਆਂ ਪੂਰੀ ਕੀਤੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਉਸ ਨੂੰ ਦੂਜੀ ਲੇਨ ਵਿੱਚ ਜਾਣ ਕਾਰਨ ਆਈਏਏਐਫ ਦੇ ਨਿਯਮਾਂ ਤਹਿਤ ਅਯੋਗ ਕਰਾਰ ਦਿੱਤਾ ਗਿਆ। ਉਸ ਨੇ 29 ਮਿੰਟ 44.91 ਸੈਕਿੰਡ ਦਾ ਸਮਾਂ ਲਿਆ ਸੀ।

 

 

fbbg-image

Latest News
Magazine Archive