ਹਥਿਆਰਬੰਦ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਦੋ ਬੈਂਕਾਂ ’ਚ ਡਾਕਾ


ਬਟਾਲਾ/ਤਰਨ ਤਾਰਨ - ਹਥਿਆਰਬੰਦ ਲੁਟੇਰਿਆਂ ਨੇ ਅੱਜ ਬਟਾਲਾ ਵਿੱਚ ਆਈਡੀਬੀਆਈ ਬੈਂਕ ਅਤੇ ਤਰਨ ਤਾਰਨ ’ਚ ਭਾਰਤੀ ਸਟੇਟ ਬੈਂਕ ਦੀ ਬਰਾਂਚ ’ਤੇ ਹਮਲਾ ਕਰਕੇ ਲੱਖਾਂ ਰੁਪਏ ਦੀ ਨਕਦੀ, ਗੰਨਮੈਨ ਦੀ ਬੰਦੂਕ ਅਤੇ ਗਾਹਕਾਂ ਤੇ ਬੈਂਕਾਂ ਦੇ ਸਟਾਫ਼ ਮੈਂਬਰਾਂ ਨੂੰ ਲੁੱਟ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਨੇੜਲੇ ਪਿੰਡ ਜੈਤੋ ਸਰਜਾ ਦੀ ਆਈਡੀਬੀਆਈ ਬੈਂਕ ’ਚ ਅੱਜ ਸਿਖਰ ਦੁਪਹਿਰੇ 4 ਹਥਿਆਰਬੰਦ ਲੁਟੇਰੇ 25 ਲੱਖ ਰੁਪਏ ਸਣੇ ਬੈਂਕ ਦਾ ਵੀਡੀਓ ਰਿਕਾਰਡਿੰਗ ਸਿਸਟਮ ਅਤੇ ਸਟਾਫ ਦੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਦੇ ਐੱਸਐੱਸਪੀ ਓਪਿੰਦਰਜੀਤ ਸਿੰਘ ਘੁੰਮਣ ਤੇ ਹੋਰ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਸਹਾਇਕ ਮੈਨੇਜਰ ਇਸ਼ਾਨ ਮਹਿੰਦਰਾ ਨੇ ਦੱਸਿਆ ਕਿ ਦੁਪਹਿਰ 1 ਵਜੇ ਦੇ ਕਰੀਬ ਅਚਾਨਕ ਚਾਰ ਨੌਜਵਾਨ ਹਥਿਆਰਾਂ ਸਣੇ ਬੈਂਕ ’ਚ ਆਏ। ਉਨ੍ਹਾਂ ਬੈਂਕ ਸਟਾਫ ਮੈਂਬਰਾਂ ਤੇ ਗਾਹਕਾਂ ’ਤੇ ਪਿਸਤੌਲ ਤਾਣ ਦਿੱਤੇ। ਇਸ ਸਮੇਂ ਖਜ਼ਾਨਚੀ ਅਤੇ ਇੱਕ ਸੇਵਾਦਾਰ ਸਣੇ 8-10 ਗਾਹਕ ਬੈਂਕ ’ਚ ਮੌਜੂਦ ਸਨ। ਲੁਟੇਰੇ ਬੈਂਕ ’ਚੋਂ 25-26 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਬੈਂਕ ’ਚੋਂ ਜਾਣ ਸਮੇਂ ਲੁਟੇਰੇ ਬੈਂਕ ਦਾ ਵੀਡੀਓ ਰਿਕਾਰਡਿੰਗ ਸਿਸਟਮ ਅਤੇ ਸਟਾਫ ਦੇ ਮੋਬਾਈਲ ਫੋਨ ਵੀ ਨਾਲ ਲੈ ਗਏ। ਪੁਲੀਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਸਟੇਟ ਬੈਂਕ ’ਚ ਡਾਕਾ: ਛੇ ਹਥਿਆਰਬੰਦ ਲੁਟੇਰਿਆਂ ਨੇ ਅੱਜ ਇਲਾਕੇ ਦੇ ਪਿੰਡ ਜੰਡੋਕੇ-ਸਰਹਾਲੀ ਖੁਰਦ ਦੀ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਲੁੱਟ ਲਈ| ਘਟਨਾ ਵੇਲੇ ਬੈਂਕ ਅੰਦਰ 35 ਦੇ ਕਰੀਬ ਗਾਹਕ ਮੌਜੂਦ ਸਨ| ਲੁਟੇਰੇ ਬੈਂਕ ਦੇ ਖਜ਼ਾਨਚੀ ਕੋਲੋਂ 3,37,410 ਰੁਪਏ, ਬੈਂਕ ਦੇ ਸੁਰੱਖਿਆ ਗਾਰਡ ਦਿਲਬਾਗ ਸਿੰਘ ਦੀ ਬੰਦੂਕ, ਖਜ਼ਾਨਚੀ ਦੀ ਸੋਨੇ ਦੀ ਮੁੰਦਰੀ, ਸਟਾਫ ਮੈਂਬਰਾਂ ਦੇ ਪਰਸ ਤੇ ਸੀਸੀਟੀਵੀ ਕੈਮਰਿਆਂ ਦਾ ਰਿਕਾਰਡਰ ਵੀ ਲੈ ਗਏ|
ਬੈਂਕ ਦੇ ਸ਼ਾਖਾ ਮੈਨੇਜਰ ਨਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਘਟਨਾ ਸਵਾ 11 ਵਜੇ ਦੇ ਕਰੀਬ ਵਾਪਰੀ। ਡੀਐੱਸਪੀ ਪੱਟੀ ਸੋਹਣ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ| ਐੱਸਐੱਸਪੀ ਦਰਸ਼ਨ ਸਿੰਘ ਮਾਨ ਤੇ ਪੁਲੀਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

fbbg-image

Latest News
Magazine Archive