ਵਿਧਾਨ ਸਭਾ ’ਚ ਸੀਟਾਂ ਲਈ ਖਿਲਰਿਆ ‘ਆਪ’ ਦਾ ਝਾੜੂ


ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅੱਜ ਵਿਧਾਨ ਸਭਾ ਦੇ ਸ਼ੁਰੂ ਹੋਏ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਸੀਟਾਂ ਨੂੰ ਲੈ ਕੇ ਫੁੱਟ ਦਾ ਸ਼ਿਕਾਰ ਹੋ ਗਏ, ਜਿਸ ਕਾਰਨ ‘ਆਪ’ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਮੂਹਰੇ ਮਜ਼ਾਕ ਬਣੀ ਰਹੀ।
ਸੈਸ਼ਨ ਸ਼ੁਰੂ ਹੋਣ ’ਤੇ ਸ੍ਰੀ ਖਹਿਰਾ ਸੀਟ ਨੰਬਰ 115 ’ਤੇ ਬੈਠ ਗਏ ਅਤੇ ਸ੍ਰੀ ਫੂਲਕਾ ਵੱਲੋਂ ਬੇਨਤੀ ਕਰਨ ’ਤੇ ਉਹ ਅਗਲੀ ਸੀਟ ਨੰਬਰ 38 ’ਤੇ ਆ ਕੇ ਬੈਠ ਗਏ। ਕੁਝ ਹੀ ਸਮੇਂ ਬਾਅਦ ਸ੍ਰੀ ਖਹਿਰਾ ਮੁੜ ਇਹ ਕਹਿੰਦੇ ਹੋਏ ਪਿਛਲੀ ਸੀਟ ’ਤੇ ਚਲੇ ਗਏ ਕਿ ਕੰਵਰ ਸੰਧੂ ਨੂੰ ਪਿਛਲੀ ਸੀਟ ਅਲਾਟ ਕੀਤੀ ਗਈ ਹੈ। ਸੈਸ਼ਨ ਤੋਂ ਪਹਿਲਾਂ ਇਕ ਪਾਸੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ 12 ਵਿਧਾਇਕਾਂ ਨਾਲ ਮੀਟਿੰਗ ਕਰਕੇ ਰਣਨੀਤੀ ਬਣਾਈ ਅਤੇ ਦੂਸਰੇ ਪਾਸੇ ਬਾਗੀ ਧੜੇ ਨਾਲ ਸਬੰਧਤ 8 ਵਿਧਾਇਕਾਂ ਨੇ ਸੁਖਪਾਲ ਖਹਿਰਾ ਦੀ ਨਿੱਜੀ ਕੋਠੀ ਵਿੱਚ ਵੱਖਰੀ ਮੀਟਿੰਗ ਕੀਤੀ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਐੱਚਐੱਸ ਫੂਲਕਾ ਨੇ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ੍ਰੀ ਚੀਮਾ ਨੂੰ ਸੈਸ਼ਨ ਵਿੱਚ ਵਿਧਾਇਕਾਂ ਦੇ ਏਕੇ ਲਈ ਬਾਗੀ ਧੜੇ ਦੀ ਗੱਲ ਨੂੰ ਮੰਨਦਿਆਂ ਸੀਟਾਂ ਦੀ ਅਲਾਟਮੈਂਟ ਦਾ ਪਹਿਲਾ ਪੈਟਰਨ ਹੀ ਬਹਾਲ ਰੱਖਣ ਦੀ ਅਪੀਲ ਕੀਤੀ। ਸ੍ਰੀ ਚੀਮਾ ਨੇ ਸ੍ਰੀ ਫੂਲਕਾ ਦੀ ਅਪੀਲ ਨੂੰ ਮੰਨਦਿਆਂ ਦੋਵਾਂ ਸਾਬਕਾ ਵਿਰੋਧੀ ਧਿਰ ਦੇ ਆਗੂਆਂ ਸ੍ਰੀ ਫੂਲਕਾ ਤੇ ਸ੍ਰੀ ਖਹਿਰਾ ਦੀਆ ਸੀਟਾਂ ਅੱਗੇ ਅਲਾਟ ਕਰਨ ਅਤੇ ਬਾਕੀ ਵਿਧਾਇਕਾਂ ਦੀਆਂ ਸੀਟਾਂ ਨਾਵਾਂ ਦੇ ਹਿਸਾਬ ਨਾਲ ਮੁੜ ਅਲਾਟ ਕਰਨ ਦੀ ਗੱਲ ਮੰਨ ਲਈ। ਇਸ ਤਹਿਤ ਸ੍ਰੀ ਫੂਲਕਾ ਸਮੇਤ ਵਿਰੋਧੀ ਧਿਰ ਦੀ ਉੱਪ ਆਗੂ ਸਰਵਜੀਤ ਕੌਰ ਮਾਣੂਕੇ, ਵਿਧਾਇਕ ਅਮਨ ਅਰੋੜਾ ਅਤੇ ਰੁਪਿੰਦਰ ਰੂਬੀ ਸ੍ਰੀ ਖਹਿਰਾ ਨੂੰ ਮਨਾਉਣ ਉਨ੍ਹਾਂ ਦੀ ਕੋਠੀ ਗਏ। ਸ੍ਰੀ ਚੀਮਾ ਨੇ ਦੱਸਿਆ ਕਿ ਉਨ੍ਹਾਂ ਸੀਟਾਂ ਦੀ ਮੁੜ ਅਲਾਟਮੈਂਟ ਅਤੇ ਸੈਸ਼ਨ ਦਾ ਸਮਾਂ ਵਧਾਉਣ ਲਈ ਮੁੜ ਸਪੀਕਰ ਨਾਲ ਮੁਲਾਕਾਤ ਕਰਨ ਦਾ ਫ਼ੈਸਲਾ ਕੀਤਾ। ਦੂਸਰੇ ਪਾਸੇ ਸ੍ਰੀ ਖਹਿਰਾ ਨੂੰ ਮਿਲਣ ਗਏ ਵਿਧਾਇਕਾਂ ਬੀਬੀ ਮਾਣੂਕੇ, ਰੂਬੀ ਅਤੇ ਸ੍ਰੀ ਅਰੋੜਾ ਨੇ ਦੱਸਿਆ ਕਿ ਖਹਿਰਾ ਧੜਾ ਵੀ ਸਪੀਕਰ ਕੋਲ ਆ ਰਹੇ ਹਨ ਅਤੇ ਸਾਰੇ ਵਿਧਾਇਕ ਇਕਜੁੱਟ ਹੋ ਕੇ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕਰਨਗੇ। ਸ੍ਰੀ ਚੀਮਾ ਨੇ ਦੱਸਿਆ ਕਿ ਉਹ 1.53 ਵਜੇ ਤੱਕ ਉਹ ਖਹਿਰਾ ਧੜੇ ਦੀ ਸਪੀਕਰ ਕੋਲ ਉਡੀਕ ਕਰਦੇ ਰਹੇ, ਪਰ ਸ੍ਰੀ ਖਹਿਰਾ ਸਪੀਕਰ ਕੋਲ ਆਉਣ ਦੀ ਥਾਂ ਵਿਧਾਨ ਸਭਾ ਦੇ ਬਾਹਰ ਧਰਨਾ ਮਾਰ ਕੇ ਬੈਠ ਗਏ। ਉਨ੍ਹਾਂ ਵੱਲੋਂ ਸਪੀਕਰ ਕੋਲੋਂ ਸੀਟਾਂ ਦੀ ਅਲਾਟਮੈਂਟ ਮੁੜ ਕਰਵਾਉਣ ਦੇ ਬਾਵਜੂਦ ਸ੍ਰੀ ਖਹਿਰਾ ਮੁੜ ਪਿੱਛੇ ਜਾ ਕੇ ਬੈਠ ਗਏ ਅਤੇ ਉਨ੍ਹਾਂ ਏਕੇ ਵੱਲ ਕੋਈ ਹੱਥ ਨਹੀਂ ਵਧਾਇਆ। ਉਨ੍ਹਾਂ ਕਿਹਾ ਕਿ ਜਿਹੜਾ ਵਿਧਾਇਕ ਉਨ੍ਹਾਂ ਵੱਲੋਂ ਸੱਦੀ ਮੀਟਿੰਗ ਵਿੱਚ ਆਵੇਗਾ ਸਿਰਫ਼ ਉਸ ਨੂੰ ਹੀ ਵਿਧਾਨ ਸਭਾ ’ਚ ਬੋਲਣ ਲਈ ਸਮਾਂ ਮਿਲੇਗਾ। ਸ੍ਰੀਮਤੀ ਮਾਣੂਕੇ ਨੇ ਵੀ ਕਿਹਾ ਕਿ ਸ੍ਰੀ ਖਹਿਰਾ ਨੇ ਉਨ੍ਹਾਂ ਨਾਲ ਸਪੀਕਰ ਕੋਲ ਜਾਣ ਦਾ ਵਾਅਦਾ ਕਰਨ ਮਗਰੋਂ ਟਾਲਾ ਵੱਟ ਕੇ ਨਿਰਾਸ਼ ਕੀਤਾ ਹੈ।
ਦੂਜੇ ਪਾਸੇ ਸ੍ਰੀ ਖਹਿਰਾ ਨੇ ਕਿਹਾ ਕਿ ਸੀਟਾਂ ਦੀ ਵੰਡ ਕਰਨ ਤੋਂ ਸਾਫ ਹੋ ਗਿਆ ਹੈ ਕਿ ਇਹ ਲੋਕ (ਚੀਮਾ) ਛੋਟੇ ਦਿਲ ਵਾਲੇ ਹਨ। ਉਨ੍ਹਾਂ ਕਿਹਾ ਕਿ ਕੰਵਰ ਸੰਧੂ ਨੂੰ ਪਿੱਛੇ ਸੀਟ ਦਿੱਤੀ ਗਈ ਹੈ। ਇਸ ਲਈ ਹੁਣ ਉਨ੍ਹਾਂ ਦੇ ਧੜੇ ਦੇ ਸਾਰੇ ਵਿਧਾਇਕ ਪਿੱਛੇ ਬੈਠਣਗੇ। ਉਨ੍ਹਾਂ ਕਿਹਾ ਕਿ ਬਠਿੰਡਾ ਕਨਵੈਨਸ਼ਨ ਦੇ 6 ਮਤਿਆਂ ਦੇ ਆਧਾਰ ’ਤੇ ਹੀ ਏਕਾ ਸੰਭਵ ਹੈ। ਉੱਧਰ ਸ੍ਰੀ ਫੂਲਕਾ ਨੇ ਕਿਹਾ ਕਿ ਉਹ ਦੋਵੇਂ ਧਿਰਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਉਪਰ ਸਿਰਫ਼ ਇਸ ਸੈਸ਼ਨ ਦੌਰਾਨ ਇਕ ਹੋਣ ਦੀ ਅਰਜ਼ੋਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸੈਸ਼ਨ ਦੌਰਾਨ ਏਕਾ ਕਰਵਾਉਣ ਦੇ ਯਤਨ ਜਾਰੀ ਰੱਖ ਰਹੇ ਹਨ।
ਵਿਧਾਨ ਸਭਾ ਵੱਲੋਂ ਵਾਜਪਾਈ, ਨਈਅਰ, ਚੈਟਰਜੀ ਤੇ ਟੰਡਨ ਨੂੰ ਸ਼ਰਧਾਂਜਲੀਆਂ
ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅੱਜ ਸ਼ੁਰੂ ਹੋ ਗਿਆ। ਪਹਿਲੇ ਦਿਨ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਜਿਨ੍ਹਾਂ ਸਿਆਸੀ ਹਸਤੀਆਂ ਅਤੇ ਆਜ਼ਾਦੀ ਘੁਲਾਟੀਆਂ ਦਾ ਨਾਮ ਲੈਂਦਿਆਂ ਸ਼ਰਧਾਂਜਲੀਆਂ ਦਿੱਤੀਆਂ, ਉਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਲੋਕ ਸਭਾ ਦੇ ਸਾਬਕਾ ਸਪੀਕਰ ਤੇ ਸੀਪੀਐੱਮ ਦੇ ਨੇਤਾ ਸੋਮਨਾਥ ਚੈਟਰਜੀ, ਛੱਤੀਸਗੜ੍ਹ ਦੇ ਗਵਰਨਰ ਤੇ ਪੰਜਾਬ ਦੇ ਸਾਬਕਾ ਮੰਤਰੀ ਬਲਰਾਮਜੀ ਦਾਸ ਟੰਡਨ, ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ, ਪੰਜਾਬ ਦੇ ਸਾਬਕਾ ਮੰਤਰੀ ਸੁਰਿੰਦਰ ਸਿੰਗਲਾ ਅਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ, ਸਾਬਕਾ ਵਿਧਾਇਕ ਜੋਗਿੰਦਰ ਨਾਥ, ਆਜ਼ਾਦੀ ਘੁਲਾਟੀਆਂ ਵਿੱਚ ਓਮ ਪ੍ਰਕਾਸ਼ ਸ਼ਰਮਾ, ਹਜ਼ਾਰਾ ਸਿੰਘ, ਮਹਿਲ ਸਿੰਘ, ਦਰਸ਼ਨ ਸਿੰਘ, ਮਿਲਖਾ ਸਿੰਘ, ਚਮਨ ਲਾਲ, ਬਖਸ਼ੀਸ਼ ਸਿੰਘ, ਰਤਨ ਸਿੰਘ, ਗੁਰਬਖਸ਼ ਸਿੰਘ, ਬਚਿੱਤਰ ਸਿੰਘ, ਜੰਗੀਰ ਸਿੰਘ ਸੁਤੰਤਰ ਸ਼ਾਮਲ ਹਨ। ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤਿਪ੍ਰਤ ਰਾਜਿੰਦਰ ਸਿੰਘ ਬਾਜਵਾ ਨੇ ਅਮਰੀਕਾ ਵਿੱਚ ਨਸਲੀ ਹਮਲੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ’ਚ ਜਾ ਪਏ ਤਰਲੋਕ ਸਿੰਘ ਦਾ ਨਾਮ ਵੀ ਸ਼ਰਧਾਂਜਲੀਆਂ ਵਾਲੀ ਸੂਚੀ ’ਚ ਸ਼ਾਮਲ ਕਰਨ ਦੀ ਮੰਗ ਕੀਤੀ ਅਤੇ ਸਪੀਕਰ ਨੇ ਇਹ ਨਾਮ ਸ਼ਾਮਲ ਕਰ ਦਿੱਤਾ। ਸਪੀਕਰ ਵੱਲੋਂ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦਾ ਨਾਮ ਵੀ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਰਹੱਦ ’ਤੇ ਸ਼ਹੀਦ ਹੋਏ ਸੈਨਿਕਾਂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਨਾਂ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। ਵਿਧਾਨ ਸਭਾ ਦਾ ਅੱਜ ਸ਼ੁਰੂ ਹੋਇਆ ਸਮਾਗਮ ਦੋ ਦਿਨ ਹੋਰ 27 ਅਤੇ 28 ਅਗਸਤ ਨੂੰ ਜੁੜੇਗਾ। ਸਦਨ ਵਿੱਚ ਬੇਅਦਬੀ ਤੇ ਪੁਲੀਸ ਗੋਲੀਬਾਰੀ ਦੀਆਂ ਪੜਤਾਲੀਆ ਰਿਪੋਰਟਾਂ ਪੇਸ਼ ਹੋਣ ਕਾਰਨ ਆਉਣ ਵਾਲੇ ਦਿਨਾਂ ਦੌਰਾਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦਰਮਿਆਨ ਝੜੱਪਾਂ ਹੋਣ ਦੇ ਵੀ ਆਸਾਰ ਹਨ।
ਫੂਲਕਾ ਨੇ ਸਿੱਧੂ ਨੂੰ ਦਿੱਤੀ ‘ਜੱਫੀ’ ਦੀ ਵਧਾਈ
ਵਿਧਾਨ ਸਭਾ ਦੇ ਬਾਹਰ ਮੰਤਰੀ ਨਵਜੋਤ ਸਿੱਧੂ ਨਾਲ ਐੱਚਐੱਸ ਫੂਲਕਾ ਦੀ ਮੁਲਾਕਾਤ ਹੋਈ ਤਾਂ ਉਨ੍ਹਾਂ ਸ੍ਰੀ ਸਿੱਧੂ ਨੂੰ ਕਿਹਾ ਕਿ ਉਹ ਪਾਕਿਸਤਾਨ ਵਿੱਚ ਬੜਾ ਵਧੀਆ ਕੰਮ ਕਰਕੇ ਆਏ ਹਨ ਅਤੇ ਜਿਵੇਂ ਉਨ੍ਹਾਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ, ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਜੱਫੀ ਪਾਉਣ। ਇਸ ਤੋਂ ਬਾਅਦ ਸ੍ਰੀ ਸਿੱਧੂ ਨੇ ਸ੍ਰੀ ਫੂਲਕਾ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ।

 

 

fbbg-image

Latest News
Magazine Archive