ਬਾਦਲ ਦੀ ਸਿਹਤ ਨਾਸਾਜ਼; ਅਕਾਲੀ ਲੀਡਰਸ਼ਿਪ ਫ਼ਿਕਰਮੰਦ


ਚੰਡੀਗੜ੍ਹ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਾਸਾਜ਼ ਸਿਹਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਫ਼ਿਕਰਮੰਦੀ ਜ਼ਾਹਿਰ ਕੀਤੀ ਜਾ ਰਹੀ ਹੈ। ਬਾਦਲ ਪਰਿਵਾਰ ਦੇ ਸੂਤਰਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਹਿਲਾਂ ਤਾਂ ਵਾਇਰਲ ਤੋਂ ਪੀੜਤ ਸਨ ਪਰ ਅਚਨਚੇਤ ਹੀ ਉਨ੍ਹਾਂ (ਪ੍ਰਕਾਸ਼ ਸਿੰਘ ਬਾਦਲ) ਦਾ ਬਲੱਡ ਪ੍ਰੈਸ਼ਰ ਘਟਣਾ ਸ਼ੁਰੂ ਹੋ ਗਿਆ ਤੇ ਸ਼ੂਗਰ ਦਾ ਲੈਵਲ ਵੀ ਘੱਟ ਗਿਆ ਹੈ। ਇਹ ਕਾਰਨ ਸ੍ਰੀ ਬਾਦਲ ਦੀ ਸਿਹਤ ਲਈ ਹਾਨੀਕਾਰਕ ਮੰਨੇ ਜਾ ਰਹੇ ਹਨ। ਸ੍ਰੀ ਬਾਦਲ ਅੱਜ ਵਿਧਾਨ ਸਭਾ ਦੇ ਸੈਸ਼ਨ ਵਿੱਚ ਹਾਜ਼ਰੀ ਭਰਨ ਲਈ ਨਹੀਂ ਆਏ। ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸ੍ਰੀ ਬਾਦਲ ਸੈਸ਼ਨ ਦੇ ਬਾਕੀ ਦੋ ਦਿਨਾਂ ਦੌਰਾਨ ਵੀ ਸ਼ਾਇਦ ਹਾਜ਼ਰ ਨਾ ਹੋਣ। ਸਾਬਕਾ ਮੁੱਖ ਮੰਤਰੀ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਆਏ ਸਨ। ਸਿਹਤ ਠੀਕ ਨਾ ਹੋਣ ਕਾਰਨ ਉਹ ਮਹਿਜ਼ 10 ਕੁ ਮਿੰਟ ਹੀ ਬੈਠ ਸਕੇ ਅਤੇ ਆਰਾਮ ਕਰਨ ਲਈ ਚਲੇ ਗਏ।
ਸੂਤਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਬਾਦਲ ਨਵੀਂ ਦਿੱਲੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸ਼ੋਕ ਸਭਾ ਵਿੱਚ ਸ਼ਾਮਲ ਹੋਣ ਤਾਂ ਗਏ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਸਭਾ ਵਿੱਚ ਨਾ ਪਹੁੰਚ ਸਕੇ। ਫਿਰ ਉਹ ਸਾਬਕਾ ਪ੍ਰਧਾਨ ਮੰਤਰੀ ਦੇ ਘਰ ਜਾ ਕੇ ਅਫ਼ਸੋਸ ਪ੍ਰਗਟ ਕਰਕੇ ਆਏ ਤੇ ਉਥੇ ਵੀ ਉਨ੍ਹਾਂ ਨੂੰ ਚੱਕਰ ਆ ਜਾਣ ਕਾਰਨ ਸ੍ਰੀ ਵਾਜਪਾਈ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਉਹ ਵੱਡੇ ਬਾਦਲ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਨ ਕਿਉਂਕਿ ਪਾਰਟੀ ਨੂੰ ਅਜੇ ਉਨ੍ਹਾਂ ਦੀ ਵੱਡੀ ਲੋੜ ਹੈ।
ਸ੍ਰੀ ਬਾਦਲ ਦੇ ਨਾਲ ਤਾਇਨਾਤ ਡਾਕਟਰਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਹਾਲ ਦੀ ਘੜੀ ਆਰਾਮ ਦੀ ਸਲਾਹ ਦਿੱਤੀ ਗਈ ਹੈ। ਪਾਰਟੀ ਹਲਕਿਆਂ ਮੁਤਾਬਕ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਦਾ ਨਾਮ ਆਉਣ ਤੋਂ ਬਾਅਦ ਉਨ੍ਹਾਂ ਦੇ ਮਨ ਨੂੰ ਡੂੰਘੀ ਸੱਟ ਵੱਜੀ ਹੈ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਅਕਾਲੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਹਨ ਤੇ ਇਸ ਸਮੇਂ ਸਭ ਤੋਂ ਵਡੇਰੀ ਉਮਰ ਦੇ ਸਿਆਸਤਦਾਨ ਹਨ। ਉਹ ਉਮਰ ਦੇ 9ਵੇਂ ਦਹਾਕੇ ਵਿੱਚ ਪ੍ਰਵੇਸ਼ ਕਰ ਚੁੱਕੇ ਹਨ ਅਤੇ ਰਾਜਨੀਤੀ ਵਿੱਚ ਪੰਜ ਦਹਾਕੇ ਤੋਂ ਵਧ ਦਾ ਸਮਾਂ ਲਗਾ ਚੁੱਕੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਰਾਜਨੀਤਕ ਸਰਗਰਮੀਆਂ ਬਿਲਕੁਲ ਹੀ ਘਟਾ ਦਿੱਤੀਆਂ ਹਨ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਜੇਕਰ ਸ੍ਰੀ ਬਾਦਲ ਤੱਕ ਰਾਜਸੀ ਵਿਚਾਰਾਂ ਅਤੇ ਪਾਰਟੀ ਦੇ ਮਸਲੇ ਵਿਚਾਰਨ ਲਈ ਪਹੁੰਚ ਵੀ ਕੀਤੀ ਤਾਂ ਉਨ੍ਹਾਂ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਸਾਰਾ ਮਾਮਲਾ ਅਕਾਲੀ ਦਲ ਦੇ ਪ੍ਰਧਾਨ ਅਤੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਵਿਚਾਰਨ ਲਈ ਕਿਹਾ। ਪਾਰਟੀ ਦੇ ਕਈ ਸੀਨੀਅਰ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਆਉਂਦੇ ਕੁਝ ਮਹੀਨਿਆਂ ਤਕ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ ਅਤੇ ਤਾਜ਼ਾ ਹਾਲਾਤ ਮੁਤਾਬਕ ਵੱਡੇ ਬਾਦਲ ਵੱਲੋਂ ਅਕਾਲੀ ਦਲ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤੇ ਜਾਣ ਦੇ ਕੋਈ ਆਸਾਰ ਨਹੀਂ ਹਨ। ਜੇਕਰ ਸ੍ਰੀ ਬਾਦਲ ਨੇ ਪ੍ਰਚਾਰ ਕੀਤਾ ਵੀ ਤਾਂ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਵਿੱਚ ਹੀ ਪ੍ਰਚਾਰ ਕੀਤੇ ਜਾਣ ਦੇ ਆਸਾਰ ਹਨ। ਇਸ ਤਰ੍ਹਾਂ ਨਾਲ ਪਾਰਟੀ ਦੀ ਮੁਕੰਮਲ ਕਮਾਨ ਅਤੇ ਪ੍ਰਚਾਰ ਦਾ ਜ਼ਿੰਮਾ ਛੋਟੇ ਬਾਦਲ ਦੇ ਸਿਰ ਹੀ ਰਹਿਣਾ ਹੈ। ਉਂਜ ਵੀ ਪਾਰਟੀ ਦਾ ਸਾਰਾ ਕੰਟਰੋਲ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੇ ਹੱਥ ਹੀ ਹੈ।

 

 

fbbg-image

Latest News
Magazine Archive