ਵਾਦੀ ਵਿੱਚ ਈਦ ਮੌਕੇ 5 ਦੀ ਹੱਤਿਆ


ਸ੍ਰੀਨਗਰ - ਜੰਮੂ ਕਸ਼ਮੀਰ ਵਿੱਚ ਅੱਜ ਈਦ ਉਲ ਜ਼ੁਹਾ ਲੋਕਾਂ ਦੇ ਖੂਨ ਨਾਲ ਰੰਗੀ ਗਈ। ਇਸ ਮੌਕੇ ਅਤਿਵਾਦੀਆਂ ਨੇ ਜੰਮੂ ਕਸ਼ਮੀਰ ਪੁਲੀਸ ਦੇ ਇੱਕ ਇੰਸਪੈਕਟਰ ਸਣੇ ਤਿੰਨ ਪੁਲੀਸ ਮੁਲਾਜ਼ਮ ਮਾਰ ਦਿੱਤੇ ਅਤੇ ਇੱਕ ਭਾਜਪਾ ਵਰਕਰ ਨੂੰ ਅਗਵਾ ਕਰਕੇ ਮਾਰ ਦਿੱਤਾ। ਇਸ ਤੋਂ ਇਲਾਵਾ ਸੀਮਾ ਸੁਰੱਖਿਆ ਬਲ ਦਾ ਇੱਕ ਜਵਾਨ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿੱਚ ਮਾਰਿਆ ਗਿਆ। ਅਤਿਵਾਦੀਆਂ ਨੇ ਪੁਲੀਸ ਦੇ ਇੰਸਪੈਕਟਰ ਅਸ਼ਰਫ ਡਾਰ ਨੂੰ ਪੁਲਵਾਮਾ ਵਿੱਚ ਅੱਜ ਸ਼ਾਮ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਗੋਲੀਆਂ ਮਾਰ ਦਿੱਤੀਆਂ। ਉਹ ਬਡਗਾਮ ਵਿੱਚ ਤਾਇਨਾਤ ਸੀ ਤੇ ਘਰ ਈਦ ਮਨਾਉਣ ਆਇਆ ਸੀ।
ਅੱਜ ਵਾਪਰੀਆਂ ਵੱਖ- ਵੱਖ ਘਟਨਾਵਾਂ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ ਵਿੱਚ ਇੱਕ ਭਾਜਪਾ ਕਾਰਕੁਨ ਨੂੰ ਅਤਿਵਾਦੀਆਂ ਨੇ ਘਰੋਂ ਅਗਵਾ ਕਰਕੇ ਮਾਰ ਦਿੱਤਾ। ਸ਼ਬੀਰ ਅਹਿਮਦ ਭੱਟ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਕੁਪਵਾੜਾ ਦੇ ਨੇੜੇ ਰੱਖ- ਏ- ਲਿਤਰ ਇਲਾਕੇ ਦੇ ਖੇਤਾਂ ਵਿੱਚੋਂ ਮਿਲੀ ਹੈ। ਇਹ ਜਾਣਾਕਾਰੀ ਪੁਲੀਸ ਸੂਤਰਾਂ ਨੇ ਦਿੱਤੀ ਹੈ। ਭੱਟ ਨੂੰ ਸੁਰੱਖਿਆ ਗਾਰਦ ਵੀ ਦਿੱਤੇ ਹੋਏ ਸਨ। ਭੱਟ ਦੀ ਮੌਤ ਉੱਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਈਦ ਮੌਕੇ ਛੁੱਟੀ ਲੈ ਕੇ ਘਰ ਆਏ ਜੰਮੂ ਕਸ਼ਮੀਰ ਪੁਲੀਸ ਦੇ ਇੱਕ ਜਵਾਨ ਫੈਜ਼ ਅਹਿਮਦ ਸ਼ਾਹ (34) ਨੂੰ ਅਤਿਵਾਦੀਆ ਨੇ ਪੁਲਵਾਮਾ ਜ਼ਿਲ੍ਹੇ ਦੇ ਜ਼ਾਜ਼ਰੀਪੋਰਾ ਵਿੱਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਅਤਿਵਾਦੀਆਂ ਦੀ ਭਾਲ ਵਿੱਚ ਵੱਡੇ ਪੱਧਰ ਉੱਤੇ ਮੁਹਿੰਮ ਆਰੰਭੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਦੋ ਤੇ ਪੰਜ ਸਾਲ ਦੀਆਂ ਦੋ ਧੀਆਂ, ਪਤਨੀ ਅਤੇ ਮਾਂ ਛੱਡ ਗਿਆ ਹੈ। ਇੱਕ ਹੋਰ ਐੱਸਪੀਓ ਮੁਹੰਮਦ ਯਾਕੂਬ ਸ਼ਾਹ ਨੂੰ ਪੁਲਵਾਮਾ ਜ਼ਿਲ੍ਹੇ ਵਿੱਚ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਸੂਬੇ ਦੇ ਪੁਲੀਸ ਮੁਖੀ ਐਸਪੀ ਵੈਦ ਨੇ ਇਨ੍ਹਾਂ ਹੱਤਿਅਵਾਂ ੂੰ ਬੁਜ਼ਦਿਲਾਂ ਵਾਲੀ ਕਾਰਵਾਈ ਕਰਾਰ ਦਿੰਦਿਆਂ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਦੌਰਾਨ ਹੀ ਈਦ ਦੀ ਨਮਾਜ਼ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਤਿਤਰ ਬਿਤਰ ਕਰਨ ਲਈ ਸੁਰੱਖਿਆ ਜਵਾਨਾਂ ਨੂੰ ਕਈ ਥਾਵਾਂ ਉੱਤੇ ਲਾਠੀਚਾਰਜ ਕਰਨਾ ਪਿਆ ਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ਜਿਸ ਨਾਲ ਕਾਫੀ ਗਿਣਤੀ ਲੋਕ ਜ਼ਖ਼ਮੀ ਹੋ ਗਏ। ਸ੍ਰੀਨਗਰ ’ਚ ਪ੍ਰਦਰਸ਼ਨ ਈਦ ਦੀ ਨਮਾਜ਼ ਤੋਂ ਤੁਰੰਤ ਬਾਅਦ ਸ਼ੁਰੂ ਹੋਇਆ। ਅੱਧੇ ਘੰਟੇ ਬਾਅਦ ਸਥਿਤੀ ਆਮ ਵਰਗੀ ਹੋ ਗਈ। ਆਸ਼ੀਜੀਪੋਰਾ ਤੇ ਆਨੰਤਨਾਗ ਵਿੱਚ ਜੰਗਲਾਤ ਮੰਡੀ ਵਿੱਚ ਵਿੱਚ ਮੁਜ਼ਾਹਰਾਕਾਰੀਆਂ ਤੇ ਸੁਰੱਖਿਆ ਬਲਾਂ ਦੇ ਜਵਾਨਾਂ ਵਿੱਚ ਟਕਰਾਅ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਇਸ ਮੌਕੇ ਕਾਫੀ ਗਿਣਤੀ ਮੁਜ਼ਾਹਰਾਕਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇੱਕ ਵਿਅਕਤੀ ਦੀ ਅੱਖ ਪੈਲਟ ਗੰਨ ਦਾ ਸ਼ਰ੍ਹਾ ਵੱਜਣ ਕਾਰਨ ਨੁਕਸਾਨੀ ਗਈ ਹੈ। ਸੋਪੋਰ ਵਿੱਚ ਵੀ ਚੌਕ ’ਚ ਵਿੱਚ ਨੌਜਵਾਨਾਂ ਨੇ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਸਖ਼ਤੀ ਵਰਤਦਿਆਂ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਜੰਮੂ ਕਸ਼ਮੀਰ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀਨਗਰ ਵਿੱਚ ਈਦਗਾਹ, ਜੰਗਲਾਤ ਮੰਡੀ (ਆਨੰਤਨਾਗ) ਅਤੇ ਸੋਪੋਰ ਸਣੇ ਕੁੱਝ ਥਾਵਾਂ ਉੱਤੇ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸੂਬੇ ਵਿੱਚ ਈਦ ਦਾ ਤਿਉਹਾਰ ਸ਼ਾਂਤਮਈ ਢੰਗ ਨਾਲ ਮਨਾਇਆ ਗਿਆ ਹੈ।
ਬੋਕਾਰੋ - ਝਾਰਖੰਡ ਦੇ ਗੋਮੀਆ ਜ਼ਿਲ੍ਹੇ ਵਿੱਚ ਬੇਰਮੋ ਸਬ ਡਵੀਜ਼ਨ ਦਾ ਵਾਸੀ ਸੀਮਾ ਸੁਰੱਖਿਆ ਬਲ ਦਾ ਇੱਕ ਜਵਾਨ ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ਵਿੱਚ ਕੱਲ੍ਹ ਸ਼ਾਮ ਸਰਹੱਦ ਪਾਰ ਤੋਂ ਪਾਕਿਸਤਾਨ ਰੇਂਜਰਜ਼ ਵੱਲੋਂ ਕੀਤੀ ਗੋਲੀਬਾਰੀ ਵਿੱਚ ਸ਼ਹੀਦ ਹੋ ਗਿਆ। ਜਵਾਨ ਦੀ ਪਛਾਣ ਹੈੱਡ ਕਾਂਸਟੇਬਲ ਬਰਾਜ ਕੁਮਾਰ ਤਿਵਾੜੀ(43) ਵਜੋਂ ਹੋਈ ਹੈ।
ਹਜ਼ਰਤਬਲ ’ਚ ਫਾਰੂਕ ਅਬਦੁੱਲਾ ਵਿਰੁੱਧ ਨਾਅਰੇਬਾਜ਼ੀ
ਸ੍ਰੀਨਗਰ - ਅੱਜ ਈਦ ਮੌਕੇ ਹਜ਼ਰਤਬਲ ਮਸਜਿਦ ਵਿੱਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਿਰੁੱਧ ਕੁੱਝ ਹੁੱਲੜਬਾਜ਼ਾਂ ਨੇ ਉਦੋਂ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਵੱਲ੍ਹ ਵੱਧਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਜਦੋਂ ਉਹ ਮੂਹਰਲੀ ਕਤਾਰ ਵਿੱਚ ਨਮਾਜ਼ ਅਦਾ ਕਰ ਰਹੇ ਸਨ। ਨਵੀਂ ਦਿੱਲੀ ਵਿੱਚ ਦੋ ਦਿਨ ਪਹਿਲਾਂ ਸ੍ਰੀ ਫਾਰੂਕ ਅਬਦੁੱਲਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੰਦਿਆਂ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਲਾਇਆ ਸੀ। ਅੱਜ ਜਦੋਂ ਅਬਦੁੱਲਾ ਵਿਰੁੱਧ ਨਾਅਰੇਬਾਜ਼ੀ ਹੋ ਰਹੀ ਸੀ ਅਤੇ ਮੁਜ਼ਾਹਰਾਕਾਰੀ ਧੱਕਾਮੁੱਕੀ ਕਰ ਰਹੇ ਸਨ ਤਾਂ ਸ੍ਰੀ ਅਬਦੁੱਲਾ ਨੇ ਬਿਨਾਂ ਘਬਰਾਏ ਆਪਣੀ ਨਮਾਜ਼ ਪੂਰੀ ਕੀਤੀ।

 

 

fbbg-image

Latest News
Magazine Archive