ਵਾਜਪਾਈ ਦੀਆਂ ਅਸਥੀਆਂ ਬਿਆਸ ਤੇ ਰਾਵੀ ਵਿੱਚ ਜਲ ਪ੍ਰਵਾਹ


ਰਈਆ - ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਲੈ ਕੇ ਅੱਜ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਵਿਜੈ ਸਾਂਪਲਾ, ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਅਗਵਾਈ ਵਿੱਚ ਕਾਫ਼ਲਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਚੱਲ ਕੇ ਸ਼ਾਮ ਨੂੰ ਬਿਆਸ ਪੁੱਜਾ। ਇਹ ਕਾਫ਼ਲਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੋਰਟ ਰੋਡ, ਭੰਡਾਰੀ ਪੁਲ, ਐਲੀਵੇਟਿਡ ਰੋਡ ਰਾਹੀਂ, ਜੀਟੀ ਰੋਡ ਦਬੁਰਜੀ ਹੁੰਦਾ ਹੋਇਆ ਮਾਨਾਂਵਾਲਾ,ਜੰਡਿਆਲਾ ਗੁਰੂ, ਟਾਂਗਰਾ, ਖਿਲਚੀਆਂ, ਰਈਆ, ਕਸਬਾ ਬਿਆਸ ਰਾਹੀਂ ਡੇਰਾ ਰਾਧਾ ਸੁਆਮੀ ਬਿਆਸ ਅਸਥਘਾਟ ਪੁੱਜਾ। ਇਸ ਮੌਕੇ ਕਾਫ਼ਲੇ ਵਿੱਚ ਪੁੱਜੇ ਆਗੂਆਂ ਨੇ ਧਾਰਮਿਕ ਰਸਮਾਂ ਨਿਭਾਉਣ ਉਪਰੰਤ ਸਾਬਕਾ ਪ੍ਰਧਾਨ ਮੰਤਰੀ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ।
ਇਸ ਮੌਕੇ ਕੇਂਦਰੀ ਮੰਤਰੀ ਸਾਂਪਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਸਬੰਧੀ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ। ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਬਾਰੇ ਕਿਹਾ ਕੇ ਪਰਮਾਤਮਾ ਉਨ੍ਹਾਂ ਨੂੰ ਸੁਮੱਤ ਬਖ਼ਸ਼ੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਸ੍ਰੀ ਸਿੱਧੂ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕੇ ਸ੍ਰੀ ਵਾਜਪਾਈ ਨਾਲ ਉਨ੍ਹਾਂ ਦੀ ਮੁਲਾਕਾਤ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਨ ਦੌਰਾਨ ਹੋਈ ਸੀ।
ਜੰਡਿਆਲਾ ਗੁਰੂ - ਅੱਜ ਸਥਾਨਕ ਜੀਟੀ ਰੋਡ ਉੱਤੇ ਸਥਿਤ ਔਲਿਵ ਗਾਰਡਨ ਦੇ ਬਾਹਰ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਲਿਜਾ ਰਹੇ ਕਾਫ਼ਲੇ ਦੇ ਪਹੁੰਚਣ ਉੱਤੇ ਸ਼ਹਿਰ ਵਾਸੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਦਲਬੀਰ ਸਿੰਘ ਵੇਰਕਾ ਤੇ ਭਾਜਪਾ ਵਰਕਰਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਪਠਾਨਕੋਟ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਅੱਜ ਸ਼ਾਮ ਨੂੰ ਮਾਧੋਪੁਰ ਵਿੱਚ ਰਾਵੀ ਦਰਿਆ ਵਿੱਚ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਮੌਕੇ ਭਾਜਪਾ ਦੇ ਆਗੂਆਂ ਸਣੇ ਸਥਾਨਕ ਵਾਸੀਆਂ ਨੇ ਸ੍ਰੀ ਵਾਜਪਾਈ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਵਿਧਾਇਕ ਨਰੇਸ਼ ਸਿੰਘ ਬੱਬੂ, ਜ਼ਿਲ੍ਹਾ ਪ੍ਰਧਾਨ ਅਨਿਲ ਰਾਮਪਾਲ ਆਦਿ ਹਾਜ਼ਰ ਸਨ।

 

 

fbbg-image

Latest News
Magazine Archive