ਰਾਫਾਲ: ਅਨਿਲ ਅੰਬਾਨੀ ਨੇ ਕਾਂਗਰਸੀ ਆਗੂਆਂ ਨੂੰ ਭੇਜੇ ਕਾਨੂੰਨੀ ਨੋਟਿਸ


ਨਵੀਂ ਦਿੱਲੀ - ਬਹੁ-ਅਰਬੀ ਰਾਫਾਲ ਸੌਦੇ ਵਿੱਚ ਨਾਜਾਇਜ਼ ਲਾਹਾ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨੇ ਵੱਖ-ਵੱਖ ਕਾਂਗਰਸੀ ਆਗੂਆਂ ਨੂੰ ਨੋਟਿਸ ਭੇਜ ਕੇ ਅਜਿਹੇ ਦੋਸ਼ ਲਾਉਣ ਤੋਂ ‘ਬਾਜ਼ ਆਉਣ’ ਲਈ ਕਿਹਾ ਹੈ। ਇਸ ’ਤੇ ਮੋੜਵੇਂ ਵਾਰ ਵਿੱਚ ਕਾਂਗਰਸ ਨੇ ਇਸ ਨੂੰ ‘ਭਾਜਪਾ ਤੇ ਕਾਰਪੋਰੇਟ ਜਗਤ ਦੇ ਗੱਠਜੋੜ’ ਦਾ ਸਬੂਤ ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਆਗੂ ਅਜਿਹੇ ਨੋਟਿਸਾਂ ਤੋਂ ਨਹੀਂ ਡਰਦੇ।
ਇਹ ਨੋਟਿਸ ਪਾਰਟੀ ਦੇ ਵੱਖ-ਵੱਖ ਤਰਜਮਾਨਾਂ ਤੇ ਹੋਰ ਆਗੂਆਂ ਨੂੰ ਭੇਜੇ ਗਏ ਹਨ, ਜਦੋਂਕਿ ਪਾਰਟੀ ਨੇ ਰਾਫਾਲ ਮੁੱਦੇ ਉਤੇ ਮਹੀਨੇ ਭਰ ਦੀ ਜ਼ੋਰਦਾਰ ਦੇਸ਼-ਵਿਆਪੀ ਮੁਹਿੰਮ ਛੇੜਨ ਦੀ ਤਿਆਰੀ ਕੀਤੀ ਹੋਈ ਹੈ। ਇਸ ਤਹਿਤ ਪਾਰਟੀ ਆਗੂ ਪ੍ਰੈਸ ਕਾਨਫਰੰਸਾਂ ਅਤੇ ਧਰਨੇ-ਮੁਜ਼ਾਹਰੇ ਕਰਨਗੇ, ਜਿਨ੍ਹਾਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ’ਤੇ ਨਿਸ਼ਾਨੇ ਸੇਧੇ ਜਾਣਗੇ। ਗ਼ੌਰਤਲਬ ਹੈ ਕਿ ਰਿਲਾਇੰਸ ਗਰੁੱਪ ਫਰਾਂਸ ਦੀ ਕੰਪਨੀ ਨਾਲ ਰਾਫਾਲ ਜੰਗੀ ਜਹਾਜ਼ਾਂ ਦੀ ਸਪਲਾਈ ਲਈ ਹੋਏ ਸਮਝੌਤੇ ਬਾਰੇ ਕਾਂਗਰਸ ਦੇ ਦੋਸ਼ਾਂ ਨੂੰ ਰੱਦ ਕਰ ਚੁੱਕਾ ਹੈ। ਸ੍ਰੀ ਅੰਬਾਨੀ ਨੇ ਹਾਲ ਹੀ ਵਿੱਚ ਇਸ ਮੁਤੱਲਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਵੀ ਲਿਖਿਆ ਸੀ। ਦੱਸਣਯੋਗ ਹੈ ਕਿ ਸ੍ਰੀ ਰਾਹੁਲ ਵੱਲੋਂ ਇਸ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ’ਤੇ ਲਗਾਤਾਰ ਹਮਲੇ ਬੋਲੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੌਰਾਨ ਹੋਏ ਸੌਦੇ ਦੇ ਮੁਕਾਬਲੇ ਮੋਦੀ ਸਰਕਾਰ ਵੱਲੋਂ ਕਿਤੇ ਮਹਿੰਗੇ ਮੁੱਲ ’ਤੇ ਇਹ ਜਹਾਜ਼ ਖ਼ਰੀਦੇ ਜਾ ਰਹੇ ਹਨ।
ਦੇਸ਼ ਦੀ ਸੁਰੱਖਿਆ ਬੱਚਿਆਂ ਦੀ ਖੇਡ ਨਹੀਂ: ਜਾਖੜ
ਚੰਡੀਗੜ੍ਹ - ਕਾਂਗਰਸ ਪਾਰਟੀ ਵੱਲੋਂ ਰਾਫਾਲ ਜੰਗੀ ਜਹਾਜ਼ਾਂ ਦੀ ਖ਼ਰੀਦ ਵਿੱਚ 41,000 ਕਰੋੜ ਰੁਪਏ ਦੇ ਘਪਲੇ ਦਾ ਮੁੱਦਾ ਉਠਾਉਣ ਤੋਂ ਰਿਲਾਇੰਸ ਕੰਪਨੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰਾਂ ਨੂੰ ਕਾਨੂੰਨੀ ਨੋਟਿਸ ਭੇਜੇ ਹਨ। ਇਸ ’ਤੇ ਵਰ੍ਹਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਸ ਘੁਟਾਲੇ ਦਾ ਖੁਦ ਜੁਆਬ ਦੇਣ ਦੀ ਥਾਂ ਅਜੀਬ ਢੰਗ ਅਪਣਾਇਆ ਗਿਆ ਹੈ ਤੇ ਉਸ ਕਾਰਪੋਰੇਟ ਘਰਾਣੇ ਵੱਲੋਂ ਨੋਟਿਸ ਭਿਜਵਾਇਆ ਗਿਆ ਹੈ, ਜਿਸ ਨੂੰ ਰੱਖਿਆ ਸੌਦੇ ਵਿੱਚ ਫਾਇਦਾ ਦਿੱਤਾ ਗਿਆ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਿਲਾਇੰਸ ਕੰਪਨੀ ਦੇ ਮਾਲਕ ਜਹਾਜ਼ ਬਣਾਉਣ ਦੇ ਮਾਮਲੇ ਵਿੱਚ ਉਸ ਨਾਲੋਂ ਵੀ ਵੱਧ ਕੋਰੇ ਹਨ। ਉਨ੍ਹਾਂ ਨੇ ਇੱਕ ਕਾਗਜ਼ ਦਾ ਜਹਾਜ਼ ਬਣਾ ਕੇ ਮੀਡੀਆ ਨੂੰ ਦਿਖਾਇਆ ਤੇ ਕਿਹਾ ਕਿ ਰਿਲਾਇੰਸ ਵਾਲਿਆਂ ਨੂੰ ਇਸ ਤੋਂ ਘੱਟ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦਾ ਮਾਮਲਾ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਤੇ ਇਸ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ ਸਰਹੱਦਾਂ ’ਤੇ ਪਹਿਲਾਂ ਨਾਲੋਂ ਵੱਧ ਜਵਾਨ ਮਾਰੇ ਜਾ ਰਹੇ ਹਨ। ਇਹ ਕੰਮ ਰੁਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਉਸ ਦੇ ਬਾਵਜੂਦ ਕੁਝ ਨਹੀਂ ਹੋਇਆ। ਰਿਲਾਇੰਸ ਨੇ ਕਾਨੂੰਨੀ ਨੋਟਿਸ ਜਾਖੜ ਤੋਂ ਇਲਾਵਾ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਅਤੇ ਹੋਰ ਬੁਲਾਰਿਆਂ ਨੂੰ ਭੇਜੇ ਹਨ। ਉਨ੍ਹਾਂ ਕਿਹਾ ਕਿ ਨੋਟਿਸ ਮਿਲਣ ਤੋਂ ਬਾਅਦ ਜੰਗੀ ਜਹਾਜ਼ਾਂ ਦੀ ਖ਼ਰੀਦ ਵਿੱਚ ਕਥਿਤ ਘਪਲੇ ਵਿਰੁੱਧ ਲੜਾਈ ਬੰਦ ਨਹੀਂ ਹੋਵੇਗੀ ਤੇ ਇਸ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਆਗੂ ਮੌਜੂਦ ਸਨ।

 

 

fbbg-image

Latest News
Magazine Archive