ਰਾਹੀ ਬਣੀ ਭਾਰਤ ਦੀ ‘ਸੁਨਹਿਰੀ’ ਕੁੜੀ


ਪਾਲੇਮਬਾਂਗ - ਰਾਹੀ ਸਰਨੋਬਤ 18ਵੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਅੱਜ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ, ਜਦਕਿ ਵੁਸ਼ੂ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਚਾਰ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਭਾਰਤ ਚਾਰ ਸੋਨੇ, ਤਿੰਨ ਚਾਂਦੀ ਅਤੇ ਅੱਠ ਕਾਂਸੀ ਨਾਲ ਤਗ਼ਮਾ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਚੀਨ 37 ਸੋਨੇ ਸਣੇ 82 ਤਗ਼ਮਿਆਂ ਨਾਲ ਚੋਟੀ ’ਤੇ ਹੈ।
ਰਾਹੀ ਨੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਦੋ ਵਾਰ ਸ਼ੂਟ ਆਫ ਮਗਰੋਂ ਭਾਰਤ ਦੀ ਝੋਲੀ ਪਹਿਲਾ ਤਗ਼ਮਾ ਪਾਇਆ। 27 ਸਾਲਾ ਨਿਸ਼ਾਨੇਬਾਜ਼ ਨੇ ਜਕਾਬਾਰਿੰਗ ਸ਼ੂਟਿੰਗ ਰੇਂਜ ਵਿੱਚ ਖੇਡਾਂ ਦੇ ਨਵੇਂ ਰਿਕਾਰਡ ਨਾਲ ਸੋਨੇ ਦਾ ਤਗ਼ਮਾ ਜਿੱਤਿਆ। ਰਾਹੀ ਅਤੇ ਥਾਈਲੈਂਡ ਦੀ ਨਪਾਸਵਾਨ ਯਾਂਗਪੈਬੂਨ ਦੋਵਾਂ ਦਾ ਸਕੋਰ ਇੱਕ ਬਰਾਬਰ 34 ਹੋਣ ਕਾਰਨ ਸ਼ੂਟ ਆਫ਼ ਦਾ ਸਹਾਰਾ ਲਿਆ ਗਿਆ। ਪਹਿਲੇ ਸ਼ੂਟ ਆਫ ਵਿੱਚ ਰਾਹੀ ਅਤੇ ਯਾਂਗਪੈਬੂਨ ਨੇ ਪੰਜ ਵਿੱਚੋਂ ਚਾਰ ਸ਼ਾਟ ਮਾਰੇ। ਇਸ ਮਗਰੋਂ ਦੂਜਾ ਸ਼ੂਟ ਆਫ਼ ਹੋਇਆ, ਜਿਸ ਵਿੱਚ ਭਾਰਤੀ ਨਿਸ਼ਾਨੇਬਾਜ਼ ਜਿੱਤ ਦਰਜ ਕਰਨ ਵਿੱਚ ਸਫਲ ਰਹੀ। ਦੱਖਣੀ ਕੋਰੀਆ ਦੀ ਕਿਮ ਮਿੰਜੁੰਗ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਹਾਲਾਂਕਿ 16 ਸਾਲਾ ਮਨੂ ਭਾਕਰ ਨੂੰ ਫਾਈਨਲ ਵਿੱਚ ਨਿਰਾਸ਼ਾ ਝੱਲਣੀ ਪਈ। ਉਹ ਦਬਾਅ ਵਿੱਚ ਆ ਗਈ ਅਤੇ ਛੇਵੇਂ ਸਥਾਨ ’ਤੇ ਰਹੀ। ਹਰਿਆਣਾ ਦੀ ਇਸ ਖਿਡਾਰਨ ਨੇ ਕੁਆਲੀਫੀਕੇਸ਼ਨ ਵਿੱਚ 593 ਦੇ ਰਿਕਾਰਡ ਸਕੋਰ ਨਾਲ ਫਾਈਨਲ ਵਿੱਚ ਥਾਂ ਬਣਾਈ ਸੀ। ਭਾਰਤ ਦੇ ਪਹਿਲੇ ਸਥਾਨ ਦੇ ਉਲਟ ਰਾਹੀ ਨੇ 580 ਦੇ ਸਕੋਰ ਨਾਲ ਸੱਤਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ਵਿੱਚ ਥਾਂ ਬਣਾਈ ਸੀ।
ਇਸ ਪ੍ਰਾਪਤੀ ਦੇ ਨਾਲ ਰਾਹੀ ਮੌਜੂਦਾ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਦੇਸ਼ ਦੀ ਦੂਜੀ ਨਿਸ਼ਾਨੇਬਾਜ਼ ਬਣ ਗਈ ਹੈ। ਕੱਲ੍ਹ ਸੌਰਭ ਚੌਧਰੀ ਨੇ 10 ਮੀਟਰ ਪਿਸਟਲ ਫਾਈਨਲ ਵਿੱਚ ਸੋਨਾ ਜਿੱਤਿਆ ਸੀ। ਰਾਹੀ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਹੁਣ ਤੱਕ ਦੀ ਛੇਵੀਂ ਨਿਸ਼ਾਨੇਬਾਜ਼ ਹੈ। ਇਸ ਤੋਂ ਪਹਿਲਾਂ ਜਸਪਾਲ ਰਾਣਾ, ਰਣਧੀਰ ਸਿੰਘ, ਜੀਤੂ ਰਾਏ ਅਤੇ ਰੰਜਨ ਸੋਢੀ ਸੋਨ ਤਗ਼ਮਾ ਜਿੱਤ ਚੁੱਕੇ ਹਨ। ਭਾਰਤ ਦੇ ਚਾਰੇ ਵੁਸ਼ੂ ਖਿਡਾਰੀਆਂ ਨੂੰ ਸੈਮੀ ਫਾਈਨਲ ਵਿੱਚ ਹਾਰ ਨਾਲ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ, ਪਰ ਉਨ੍ਹਾਂ ਨੇ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਨਾਓਰੋਮ ਰੋਸ਼ਿਬਿਨਾ ਦੇਵੀ, ਸੰਤੋਸ਼ ਕੁਮਾਰ, ਸੂਰਿਆ ਭਾਨੂ ਪ੍ਰਤਾਪ ਸਿੰਘ ਅਤੇ ਨਰਿੰਦਰ ਗਰੇਵਾਲ ਨੂੰ ਸੇਂਡਾ ਮੁਕਾਬਲੇ ਦੇ ਸੈਮੀ ਫਾਈਨਲ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਭਾਰਤ ਨੇ ਇਸ ਤੋਂ ਪਹਿਲਾਂ 2006, 2010 ਅਤੇ 2014 ਏਸ਼ਿਆਈ ਖੇਡਾਂ ਦੇ ਵੁਸ਼ੂ ਮੁਕਾਬਲੇ ਵਿੱਚ ਹਿੱਸਾ ਲਿਆ ਸੀ, ਪਰ ਮੌਜੂਦਾ ਖੇਡਾਂ ਦਾ ਉਸ ਦਾ ਪ੍ਰਦਰਸ਼ਨ ਹੁਣ ਤੱਕ ਦਾ ਸਰਵੋਤਮ ਹੈ।
ਭਾਰਤੀ ਪੁਰਸ਼ ਹਾਕੀ ਟੀਮ ਨੇ ਪੂਲ ‘ਬੀ’ ਮੈਚ ਵਿੱਚ ਇੱਥੇ ਹਾਂਗਕਾਂਗ ਨੂੰ 26-0 ਨਾਲ ਦਰੜ ਕੇ 86 ਸਾਲ ਪੁਰਾਣਾ ਰਿਕਾਰਡ ਤੋੜਦਿਆਂ ਕੌਮਾਂਤਰੀ ਹਾਕੀ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਭਾਰਤੀ ਰੋਇੰਗ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਤਿੰਨ ਹੋਰ ਮੁਕਾਬਲਿਆਂ ਦੇ ਫਾਈਨਲ ਗੇੜ ਵਿੱਚ ਥਾਂ ਬਣਾਈ। ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਪੁਰਸ਼ ਲਾਈਟਵੇਟ ਡਬਲ ਸਕੱਲਜ਼ ਦੇ ਰੇਪੇਚੇਜ ਗੇੜ ਵਿੱਚ ਸੱਤ ਮਿੰਟ 14.23 ਸੈਕਿੰਡ ਨਾਲ ਚੋਟੀ ’ਤੇ ਰਹਿੰਦਿਆਂ ਫਾਈਨਲ ਵਿੱਚ ਪਹੁੰਚੇ, ਜੋ 24 ਅਗਸਤ ਨੂੰ ਹੋਵੇਗਾ। ਮਹਿਲਾਵਾਂ ਦੇ ਫੋਰ ਰੇਪਚੇਜ ਗੇੜ ਵਿੱਚ ਸੰਜੀਤਾ ਡੁੰਗ ਡੁੰਗ, ਅੰਨੂ, ਨਵਨੀਤ ਕੌਰ ਅਤੇ ਯਾਮਿਨੀ ਸਿੰਘ ਦੀ ਚੌਕੜੀ ਸੱਤ ਮਿੰਟ 53.29 ਸੈਕਿੰਡ ਦੇ ਸਮੇਂ ਨਾਲ ਚੌਥੇ ਸਥਾਨ ’ਤੇ ਰਹੀ, ਪਰ ਇਸ ਦੇ ਬਾਵਜੂਦ 24 ਅਗਸਤ ਨੂੰ ਹੋਣ ਵਾਲੇ ਫਾਈਨਲ ਵਿੱਚ ਥਾਂ ਬਣਾਈ।
ਭਾਰਤੀ ਮਹਿਲਾ ਕੰਪਾਉਂਡ ਤੀਰਅੰਦਾਜ਼ੀ ਟੀਮ ਰੈਂਕਿੰਗ ਰਾਊਂਡ ਵਿੱਚ ਦੱਖਣੀ ਕੋਰੀਆ ਮਗਰੋਂ ਦੂਜੇ ਸਥਾਨ ’ਤੇ ਰਹਿੰਦਿਆਂ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ। ਭਾਰਤ ਪਹਿਲੇ ਗੇੜ ਵਿੱਚ ਬਾਈ ਮਿਲਣ ਮਗਰੋਂ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਪਹੁੰਚ ਚੁੱਕਿਆ ਸੀ, ਪਰ ਅੱਜ ਦੇ ਰਾਊਂਡ ਨਾਲ ਟੀਮਾਂ ਦੀ ਰੈਂਕਿੰਗ ਦੇ ਆਧਾਰ ’ਤੇ ਡਰਾਅ ਵਿੱਚ ਉਸ ਦੀ ਥਾਂ ਤੈਅ ਹੋਈ। ਵਿਅਕਤੀਗਤ ਰੈਂਕਿੰਗਜ਼ ਵਿੱਚ ਜੋਤੀ ਸੁਰੇਖ਼ਾ ਵੇਨੱਮ ਨੇ ਦੂਜਾ ਸਥਾਨ ਹਾਸਲ ਕੀਤਾ। ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਅੱਜ ਏਸ਼ਿਆਈ ਖੇਡਾਂ ਦੇ ਕਲਾਤਮਕ ਟੀਮ ਫਾਈਨਲਜ਼ ਤੋਂ ਹਟ ਗਈ ਕਿਉਂਕਿ ਉਸ ਨੂੰ ਗੋਡੇ ਦੀ ਸੱਟ ਨੇ ਮੁੜ ਪ੍ਰੇਸ਼ਾਨ ਕੀਤਾ। ਕੁਸ਼ਤੀ ਵਿੱਚ ਫਰੀਸਟਾਈਲ ਮੁਕਾਬਲੇ ਵਿੱਚ ਦੋ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਭਾਰਤ ਦੇ ਹੱਥ ਅੱਜ ਆਖ਼ਰੀ ਦਿਨ ਖ਼ਾਲੀ ਰਹੇ। ਗ੍ਰੀਕੋ ਰੋਮਨ ਹਰਪ੍ਰੀਤ ਸਿੰਘ ਕਾਂਸੀ ਦੇ ਤਗ਼ਮੇ ਦਾ ਮੁਕਾਬਲਾ ਹਾਰ ਗਿਆ। ਹਰਪ੍ਰੀਤ ਨੂੰ 87 ਕਿਲੋ ਵਰਗ ਵਿੱਚ ਕਜ਼ਾਖ਼ਸਤਾਨ ਦੇ ਅਜ਼ਮਤ ਕੁਸਤੁਬਾਯੇਬ ਨੇ 6-3 ਨਾਲ ਹਰਾਇਆ। ਹਾਲਾਂਕਿ ਇਸ ਮੁਕਾਬਲੇ ਵਿੱਚ ਅੰਪਾਇਰਿੰਗ ਦੇ ਪੱਧਰ ‘ਤੇ ਕਈ ਸਵਾਲ ਵੀ ਉੱਠੇ ਸਨ।
ਭਾਰਤੀ ਪੁਰਸ਼ ਵਾਲੀਬਾਲ ਟੀਮ ਨੂੰ ਏਸ਼ਿਆਈ ਖੇਡਾਂ ਦੇ ਪੂਲ ‘ਐਫ’ ਦੇ ਦੂਜੇ ਮੈਚ ਵਿੱਚ ਕਤਰ ਨੇ 3-0 ਨਾਲ ਹਰਾ ਦਿੱਤਾ। ਤਾਇਕਵਾਂਡੋ ਵਿੱਚ ਨਵਜੀਤ ਮਾਨ ਨੂੰ ਅੱਜ ਇੱਥੇ 80 ਕਿਲੋ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਇਨ੍ਹਾਂ ਖੇਡਾਂ ਵਿੱਚ ਭਾਰਤੀ ਪੁਰਸ਼ ਟੀਮ ਦੀ ਚੁਣੌਤੀ ਖ਼ਤਮ ਹੋ ਗਈ। ਭਾਰਤੀ ਤੈਰਾਕ ਸੰਦੀਪ ਸੇਜਵਾਲ, ਸਾਜਨ ਪ੍ਰਕਾਸ਼ ਅਤੇ ਅਵਿਨਾਸ਼ ਮਣੀ ਆਪੋ-ਆਪਣੀ ਹੀਟਜ਼ ਵਿੱਚ ਚੋਟੀ ’ਤੇ ਰਹੇ, ਪਰ ਇਸ ਦੇ ਬਾਵਜੂਦ ਉਹ ਅੱਜ ਇੱਥੇ ਏਸ਼ਿਆਈ ਖੇਡਾਂ ਦੀ ਤੈਰਾਕੀ ਦੇ ਫਾਈਨਲਜ਼ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ।

 

 

fbbg-image

Latest News
Magazine Archive