ਵਿਨੇਸ਼ ਫੋਗਾਟ ਨੇ ਸਿਰਜਿਆ ਸੁਨਹਿਰਾ ਇਤਿਹਾਸ


ਜਕਾਰਤਾ - ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 18ਵੀਆਂ ਏਸ਼ਿਆਈ ਖੇਡਾਂ ਦੇ ਕੁਸ਼ਤੀ ਮੁਕਾਬਲੇ ਦੇ 50 ਕਿਲੋ ਵਰਗ ਵਿੱਚ ਅੱਜ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਵਿਨੇਸ਼ ਨੇ ਇਸ ਤਰ੍ਹਾਂ ਭਾਰਤ ਨੂੰ ਇਨ੍ਹਾਂ ਖੇਡਾਂ ਵਿੱਚ ਦੂਜਾ ਸੋਨਾ ਤਗ਼ਮਾ ਦਿਵਾਇਆ। ਇਹ ਕੁਸ਼ਤੀ ਵਿੱਚ ਵੀ ਦੂਜਾ ਸੋਨ ਤਗ਼ਮਾ ਹੈ। ਵਿਨੇਸ਼ ਇਸ ਦੇ ਨਾਲ ਹੀ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਬਜਰੰਗ ਪੂਨੀਆ ਨੇ ਕੱਲ੍ਹ ਦੇਸ਼ ਦੀ ਝੋਲੀ ਪਹਿਲਾ ਸੋਨ ਤਗ਼ਮਾ ਪਾਇਆ ਸੀ। ਦੂਜੇ ਪਾਸੇ ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ (62 ਕਿਲੋ), ਪੂਜਾ ਢਾਂਡਾ (57 ਕਿਲੋ) ਅਤੇ ਪੁਰਸ਼ ਫਰੀ ਸਟਾਈਲ ਪਹਿਲਵਾਨ ਸੁਮਿਤ (125 ਕਿਲੋ) ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲਿਆਂ ਵਿੱਚ ਹਾਰ ਝੱਲਣੀ ਪਈ।
ਵਿਨੇਸ਼ ਨੇ 50 ਕਿਲੋਗ੍ਰਾਮ ਦੇ ਫਾਈਨਲ ਵਿੱਚ ਜਾਪਾਨ ਦੀ ਇਰੀ ਯੂਕੀ ਨੂੰ 6-2 ਨਾਲ ਚਿੱਤ ਕੀਤਾ। ਵਿਨੇਸ਼ ਨੇ ਫਾਈਨਲ ਵਿੱਚ ਜਾਪਾਨੀ ਪਹਿਲਵਾਨ ਖ਼ਿਲਾਫ਼ ਹਮਲਾਵਰ ਅਤੇ ਰੱਖਿਆਤਮਕ ਦਾ ਬਿਹਤਰੀਨ ਨਮੂਨਾ ਪੇਸ਼ ਕੀਤਾ। ਉਸ ਨੇ ਪਹਿਲੇ ਹੀ ਰਾਊਂਡ ਵਿੱਚ 4-0 ਦੀ ਲੀਡ ਬਣਾ ਲਈ। ਉਸ ਨੇ ਯੂਕੀ ਨੂੰ ਆਪਣੇ ਪੈਰਾਂ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਤਾਂ ਕਿ ਉਹ ਕੋਈ ਦਾਅ ਨਾ ਖੇਡ ਸਕੇ। ਦੂਜੇ ਰਾਊਂਡ ਵਿੱਚ ਵਿਨੇਸ਼ ਨੂੰ ਹਾਲਾਂਕਿ ਚਿਤਾਵਨੀ ਮਗਰੋਂ ਇੱਕ ਅੰਕ ਗੁਆਉਣਾ ਪਿਆ, ਪਰ ਉਸ ਨੇ ਆਪਣਾ ਦਬਦਬਾ ਜਾਰੀ ਰੱਖਦਿਆਂ ਆਖ਼ਰੀ ਸੈਕਿੰਡ ਵਿੱਚ ਦੋ ਅੰਕ ਲੈ ਕੇ 6-2 ਨਾਲ ਮੁਕਾਬਲਾ ਜਿੱਤ ਲਿਆ। ਉਸ ਨੇ ਪਹਿਲੇ ਮੈਚ ਵਿੱਚ ਚੀਨ ਦੀ ਸੁਨ ਯਨਾਨ ਨੂੰ 8-2 ਨਾਲ ਹਰਾਉਂਦਿਆਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਰੋਹਤਕ ਦੀ ਪਹਿਲਵਾਨ ਨੇ ਕੁਆਰਟਰ ਫਾਈਨਲ ਵਿੱਚ ਲਾਜਵਾਬ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਰਾਊਂਡ ਵਿੱਚ ਛੇ ਅੰਕ ਤੇ ਦੂਜੇ ਰਾਊਂਡ ਵਿੱਚ ਪੰਜ ਅੰਕ ਲਏ। ਉਸ ਨੇ ਚਾਰ ਮਿੰਟ 37 ਸੈਕਿੰਡ ਵਿੱਚ ਹੀ ਮੈਚ ਖ਼ਤਮ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਕੋਰੀਆ ਦੀ ਕਿਮ ਹਿੰਗਜੂ ਨੂੰ 11-0 ਨਾਲ ਚਿੱਤ ਕਰਕੇ ਸੈਮੀ ਫਾਈਨਲ ਵਿੱਚ ਪਹੁੰਚੀ। ਵਿਨੇਸ਼ ਨੇ ਸੈਮੀ ਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਦੋਲੇਤਬਾਈਕ ਯੱਕਸ਼ੀਮੁਰਾਤੋਵਾ ਨੂੰ ਇੱਕਪਾਸੜ ਮੁਕਾਬਲੇ ਵਿੱਚ 10-0 ਨਾਲ ਹਰਾਇਆ। ਰੀਓ ਓਲੰਪਿਕ ਖੇਡਾਂ ਵਿੱਚ ਸੱਟ ਲੱਗਣ ਕਾਰਨ ਉਹ ਜਨਵਰੀ 2017 ਤੱਕ ਖੇਡ ਨਹੀਂ ਸਕੀ ਸੀ। ਉਸ ਨੇ ਪਿਛਲੀਆਂ ਦੋਵੇਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮੇ ਜਿੱਤੇ ਹਨ।
ਸਾਕਸ਼ੀ ਮਲਿਕ ਕਾਂਸੀ ਦੇ ਤਗ਼ਮੇ ਤੋਂ ਖੁੰਝੀ
ਇਸ ਦੌਰਾਨ ਸਾਕਸ਼ੀ ਨੂੰ 62 ਕਿਲੋ ਵਰਗ ਦੇ ਸੈਮੀ ਫਾਈਨਲ ਵਿੱਚ ਕਿਰਗਿਸਤਾਨ ਦੀ ਅਸੁਲੂ ਤਿਨਿਬੇਕੋਵਾ ਤੋਂ ਨਜ਼ਦੀਕੀ ਮੁਕਾਬਲੇ ਵਿੱਚ 7-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤਿਨਿਬੇਕੋਵਾ ਦੇ ਫਾਈਨਲ ਵਿੱਚ ਪਹੁੰਚਣ ਕਾਰਨ ਸਾਕਸ਼ੀ ਨੂੰ ਕਾਂਸੀ ਦੇ ਤਗਮੇ ਲਈ ਖੇਡਣ ਦਾ ਮੌਕਾ ਮਿਲਿਆ। ਉਹ ਇਸ ਦਾ ਫ਼ਾਇਦਾ ਨਹੀਂ ਉਠਾ ਸਕੀ ਅਤੇ ਉਤਰ ਕੋਰੀਆ ਦੀ ਸਿਮ ਜੋਂਗ ਰਿਮ ਤੋਂ 2-12 ਨਾਲ ਹਾਰ ਗਈ।
ਇਹੀ ਹਾਲਤ 57 ਕਿਲੋਗ੍ਰਾਮ ਵਰਗ ਵਿੱਚ ਪੂਜਾ ਢਾਂਡਾ ਦੇ ਰਹੇ। ਪੂਜਾ ਵੀ ਸੈਮੀ ਫਾਈਨਲ ਵਿੱਚ ਉਤਰੀ ਕੋਰੀਆ ਦੀ ਸੁਕ ਮਿਯੋਂਗ ਜੋਂਗ ਤੋਂ 0-10 ਨਾਲ ਹਾਰ ਗਈ। ਜੋਂਗ ਦੇ ਫਾਈਨਲ ਵਿੱਚ ਪਹੁੰਚਣ ਕਾਰਨ ਪੂਜਾ ਨੂੰ ਵੀ ਕਾਂਸੀ ਦੇ ਤਗ਼ਮੇ ਲਈ ਉਤਰਨਾ ਪਿਆ, ਜਿੱਥੇ ਉਸ ਨੂੰ ਜਾਪਾਨ ਦੀ ਕਤਸੁਕੀ ਸਕਾਗਾ ਤੋਂ 1-6 ਨਾਲ ਸ਼ਿਕਸਤ ਮਿਲੀ। ਇਸੇ ਤਰ੍ਹਾਂ ਪੁਰਸ਼ ਵਰਗ ਵਿੱਚ ਸੁਮਿਤ ਸੈਮੀ ਫਾਈਨਲ ਵਿੱਚ ਇਰਾਨੀ ਪਹਿਲਵਾਨ ਤੋਂ ਹਾਰ ਗਿਆ। ਇਰਾਨੀ ਪਹਿਲਵਾਨ ਦੇ ਫਾਈਨਲ ਵਿੱਚ ਪਹੁੰਚਣ ਕਾਰਨ ਸੁਮਿਤ ਨੂੰ ਰੈਪਚੇਜ ਵਿੱਚ ਖੇਡਣਾ ਦਾ ਮੌਕਾ ਮਿਲਿਆ। ਉਸ ਨੇ ਕਜ਼ਾਖ਼ਸਤਾਨ ਦੇ ਓਲੇਗ ਬੋਲਟਿਨ ਨੂੰ 7-0 ਨਾਲ ਹਰਾ ਕੇ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਪਹੁੰਚ ਗਿਆ। ਸੁਮਿਤ ਦਾ ਕਾਂਸੀ ਲਈ ਉਜ਼ਬੇਕਿਸਤਾਨ ਦੇ ਦੇਵਿਤ ਮੋਦਜਮਾਨਸ਼ਵਿਲੀ ਨਾਲ ਮੁਕਾਬਲਾ ਹੋਇਆ, ਪਰ ਭਾਰਤੀ ਪਹਿਲਵਾਨ 0-2 ਨਾਲ ਪੱਛੜ ਗਿਆ।
ਮੋਦੀ ਅਤੇ ਰਾਠੌੜ ਨੇ ਤਗ਼ਮਾ ਜੇਤੂਆਂ ਨੂੰ ਦਿੱਤੀ ਵਧਾਈ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਇੰਡੋਨੇਸ਼ੀਆ ਦੇ ਪਾਲੇਮਬਾਂਗ ਵਿੱਚ 18ਵੀਆਂ ਏਸ਼ਿਆਈ ਖੇਡਾਂ ਵਿੱਚ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਵਿਨੇਸ਼ ਫੋਗਾਟ ਨੇ ਅੱਜ ਕੁਸ਼ਤੀ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਹੈ, ਜਦੋਂਕਿ ਪੁਰਸ਼ਾਂ ਦੀ 10 ਮੀਟਰ ਨਿਸ਼ਾਨੇਬਾਜ਼ੀ ਵਿੱਚ ਦੀਪਕ ਕੁਮਾਰ ਅਤੇ ਲਕਸ਼ੈ ਨੇ ਚਾਂਦੀ ਦੇ ਤਗ਼ਮੇ ਜਿੱਤੇ ਹਨ।

 

Latest News
Magazine Archive