ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ


ਨਵੀਂ ਦਿੱਲੀ - ‘ਠਣ ਗਈ ! ਮੌਤ ਸੇ ਠਣ ਗਈ।’ ਕਈ ਵਰ੍ਹੇ ਪਹਿਲਾਂ ਇਨ੍ਹਾਂ ਸ਼ਬਦਾਂ ਨੂੰ ਕਾਗਜ਼ ’ਤੇ ਦਰਜ ਕਰ ਚੁੱਕੇ ਭਾਰਤੀ ਰਾਜਨੀਤੀ ਦੇ ਸਿਖ਼ਰ ਪੁਰਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਸਲ ਵਿੱਚ ਮੌਤ ਨਾਲ ਠਣ ਗਈ ਅਤੇ ਉਹ ਅਨੰਤ ਯਾਤਰਾ ’ਤੇ ਚਲੇ ਗਏ। ਵੀਰਵਾਰ ਸ਼ਾਮ 5 ਵਜ ਕੇ 5 ਮਿੰਟ ’ਤੇ ਉਨ੍ਹਾਂ ਅੰਤਿਮ ਸਾਹ ਲਿਆ। ਲੰਮੇਂ ਸਮੇਂ ਤੋਂ ਬਿਮਾਰ ਚੱਲ ਰਹੇ 93 ਸਾਲਾ ਵਾਜਪਾਈ 11 ਜੂਨ ਤੋਂ ਨਵੀਂ ਦਿੱਲੀ ਦੇ ਏਮਸ ਹਸਪਤਾਲ ਵਿੱਚ ਦਾਖ਼ਲ ਸਨ। ਵੀਰਵਾਰ ਨੂੰ ਉਨ੍ਹਾਂ ਦੇ ਦੇਹਾਂਤ ਦੀ ਸੂਚਨਾ ਦਿੰਦਿਆਂ ਏਮਸ ਦੇ ਡਾਕਟਰਾਂ ਨੇ ਦੱਸਿਆ , ‘‘ਬੀਤੇ 9 ਹਫ਼ਤਿਆਂ ਤੋਂ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਸੀ। ਬਦਕਿਸਮਤੀ ਨਾਲ ਬੀਤੇ 36 ਘੰਟਿਆਂ ਵਿੱਚ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ। ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਅਸੀਂ ਉਨ੍ਹਾਂ ਨੂੰ ਬਚਾ ਨਹੀਂ ਸਕੇ।’’
ਏਮਸ ਤੋਂ ਵਾਜਪਾਈ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਦੇ 6 ਕ੍ਰਿਸ਼ਨਾ ਮੈਨਨ ਮਾਰਗ ਸਥਿਤ ਘਰ ਲਿਜਾਇਆ ਗਿਆ, ਜਿਥੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 9 ਵਜੇ ਵਾਜਪਾਈ ਦੀ ਦੇਹ ਨੂੰ ਦੀਨਦਿਆਲ ਉਪਾਧਿਆਏ ਮਾਰਗ ਸਥਿਤ ਪਾਰਟੀ ਹੈਡਕੁਆਰਟਰ ਵਿੱਚ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਉਨ੍ਹਾਂ ਦੀ ਅੰਤਿਮ ਯਾਤਰਾ ਦੁਪਹਿਰ ਇਕ ਵਜੇ ਸ਼ੁਰੂ ਹੋਵੇਗੀ ਅਤੇ 4 ਵਜੇ ਸਮਿ੍ਤੀ ਸਥਲ ’ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਭਾਰਤ ਰਤਨ ਨਾਲ ਸਨਮਾਨਿਤ ਵਾਜਪਾਈ ਨੂੰ ਭਾਸ਼ਾਵਾਂ, ਵਿਚਾਰਧਾਰਾਵਾਂ ਅਤੇ ਸਭਿਆਚਾਰਕ ਨਿਖੇੜ ਤੋਂ ਪਰੇ ਇਕ ਮਹਾਨ, ਯਥਾਰਥਵਾਦੀ ਤੇ ਕ੍ਰਿਸ਼ਮਾਈ ਨੇਤਾ, ਹਰਮਨਪਿਆਰਾ ਬੇਬਾਕ ਵਕਤਾ, ਸ਼ਾਂਤੀ ਪ੍ਰੇਮੀ ਅਤੇ ਲੋਕਪ੍ਰਿਅ ਕਵੀ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ।
ਅਟਲ ਜੀ, ਬਹੁਤ ਦਿਆਲੂ ਸਨ ਜਿਨ੍ਹਾਂ ਨੂੰ ਹਰ ਕੋਈ ਯਾਦ ਕਰੇਗਾ। -ਰਾਸ਼ਟਰਪਤੀ ਰਾਮ ਨਾਥ ਕੋਵਿੰਦ
ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚ ਇਕ ਮਈ 1998 ਵਿੱਚ ਪਰਮਾਣੂ ਪ੍ਰੀਖਣ ਸ਼ਾਮਲ ਹੈ।
ਨਹਿਰੂ ਨੇ ਕਿਹਾ ਸੀ- ਇਹ ਨੌਜਵਾਨ ਇਕ ਦਿਨ ਪ੍ਰਧਾਨ ਮੰਤਰੀ ਬਣੇਗਾ
25 ਦਸੰਬਰ 1924 ਨੂੰ ਗਵਾਲੀਅਰ ਦੇ ਇਕ ਮੱਧਵਰਗੀ ਪਰਿਵਾਰ ਵਿੱਚ ਜਨਮ ਲੈਣ ਵਾਲੇ ਵਾਜਪਾਈ ਦੀ ਸ਼ੁਰੁੂਆਤੀ ਸਿੱਖਿਆ ਗਵਾਲੀਆਰ ਦੇ ਵਿਕਟੋਰੀਆ (ਹੁਣ ਲਕਸ਼ਮੀਬਾਈ) ਕਾਲਜ ਅਤੇ ਕਾਨਪੁਰ ਦੇ ਡੀਏਵੀ ਕਾਲਜ ਵਿੱਚ ਹੋਈ ਸੀ। ਮਹਿਜ਼ 18 ਸਾਲ ਦੀ ਉਮਰ ਵਿੱਚ ਉਹ ਸੁਤੰਤਰਤਾ ਅੰਦੋਲਨ ਦਾ ਹਿੱਸਾ ਬਣ ਗਏ ਅਤੇ 1942 ਵਿੱਚ ਉਹ ਰਾਜਨੀਤੀ ਵਿੱਚ ਦਾਖ਼ਲ ਹੋਏ। ਸਾਲ 1947 ਵਿੱਚ ਉਹ ਆਰਐਸਐਸ ਦੇ ਕੁਲਵਕਤੀ ਪ੍ਰਚਾਰਕ ਬਣੇ। ਇਸ ਤੋਂ ਬਾਅਦ 1951 ਵਿੱਚ ਉਹ ਭਾਰਤੀ ਜਨਸੰਘ ਦੇ ਸੰਸਥਾਪਕ ਮੈਂਬਰ ਬਣੇ। ਪਹਿਲੀ ਵਾਰ 1957 ਵਿੱਚ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਤੋਂ ਉਹ ਲੋਕ ਸਭਾ ਲਈ ਚੁਣੇ ਗਏ। ਸੰਸਦ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਵਾਜਪਾਈ ਨੇ ਸਭਨਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਦਾ ਭਾਸ਼ਣ ਇੰਨਾ ਗੰਭੀਰ ਸੀ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਯਾਤਰਾ ’ਤੇ ਆਏ ਇਕ ਮਹਿਮਾਨ ਨਾਲ ਉਨ੍ਹਾਂ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ, ‘‘ ਇਹ ਨੌਜਵਾਨ ਇਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ।’’
ਵਾਜਪਾਈ ਜੀ ਦਾ ਦੇਹਾਂਤ ਮੇਰੇ ਲਈ ਨਿੱਜੀ ਤੇ ਨਾ ਪੂਰਿਆ ਜਾਣ ਵਾਲਾ ਘਾਟਾ। -ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਉਹ 3 ਵਾਰ ਪ੍ਰਧਾਨ ਮੰਤਰੀ ਬਣੇ।
ਵਾਜਪਾਈ 47 ਸਾਲਾਂ ਤਕ ਸੰਸਦ ਮੈਂਬਰ ਰਹੇ। ਉਹ 10 ਵਾਰ ਲੋਕ ਸਭਾ ਅਤੇ 2 ਵਾਰ ਰਾਜ ਸਭਾ ਦੇ ਮੈਂਬਰ ਰਹੇ।
1996 ਵਿੱਚ ਕੇਂਦਰ ਦੀ ਸੱਤਾ ’ਤੇ ਭਾਜਪਾ ਦੀ ਤਾਜਪੋਸ਼ੀ ਵਾਜਪਾਈ ਦੀ ਅਗਵਾਈ ਵਿੱਚ ਹੋਈ। ਹਾਲਾਂ ਕਿ ਉਨ੍ਹਾਂ ਦੀ ਸੱਤਾ ਮਹਿਜ਼ 13 ਦਿਨ ਹੀ ਰਹੀ। ਵਾਜਪਾਈ ਦੀ ਕਿ੍ਸ਼ਮਾਈ ਸ਼ਖਸੀਅਤ ਕਾਰਨ ਭਾਜਪਾ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ 1998 ਵਿੱਚ ਮੁੜ ਸੱਤਾ ’ਤੇ ਕਾਬਜ਼ ਹੋਈ। ਇਸ ਵਾਰ 13 ਮਹੀਨਿਆਂ ਵਿੱਚ ਸਰਕਾਰ ਅਵਿਸ਼ਵਾਸ ਮਤੇ ਦੀ ਅਗਨੀ ਪ੍ਰੀਖਿਆ ਪਾਸ ਨਹੀਂ ਕਰ ਸਕੀ ਅਤੇ ਡਿੱਗ ਗਈ। ਅਕਤੂਬਰ 1999 ਵਿੱਚ ਬਣੀ ਭਾਜਪਾ ਦੀ ਅਗਲੀ ਸਰਕਾਰ ਨੇ ਉਨ੍ਹਾਂ ਦੀ ਅਗਵਾਈ ਵਿੱਚ ਆਪਣਾ ਕਾਰਜਕਾਲ ਪੂਰਾ ਕੀਤਾ।
ਕਈ ਵਰ੍ਹੇ ਉਹ ਰਹੇ ਗੁਮਨਾਮ
ਸਾਲ 2004 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਸ਼ਿਕਸਤ ਝੱਲਣੀ ਪਈ। ਇਸ ਤੋਂ ਬਾਅਦ ਵਾਜਪਾਈ ਨੇ 2005 ਵਿੱਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ। ਉਹ ਬਿਮਾਰ ਰਹਿਣ ਲਗ ਪਏ ਅਤੇ ਹੌਲੀ ਹੌਲੀ ਗੁਮਨਾਮ ਹੁੰਦੇ ਚਲੇ ਗਏ। 2009 ਵਿੱਚ ਉਨ੍ਹਾਂ ਨੇ ਇਕ ਸੰਸਦ ਮੈਂਬਰ ਵਜੋਂ ਆਪਣਾ ਕਾਰਜਕਾਲ ਪੂਰਾ ਕੀਤਾ ਅਤੇ ਮੁੜ ਕਦੇ ਚੋਣ ਨਹੀਂ ਲੜੀ। ਇਸ ਤੋਂ ਬਾਅਦ ਉਹ ਕਦੇ ਲੋਕਾਂ ਵਿੱਚ ਨਜ਼ਰ ਨਹੀਂ ਆਏ। ਵਾਜਪਾਈ ਰਾਸ਼ਟਰਦੂਤ ਰਸਾਲੇ ਅਤੇ ਵੀਰ ਅਰਜੁ਼ਨ ਅਖ਼ਬਾਰ ਦੇ ਸੰਪਾਦਕ ਵੀ ਰਹੇ। ਉਨ੍ਹਾਂ ਵਿਆਹ ਨਹੀਂ ਕਰਵਾਇਆ ਪਰ ਉਨ੍ਹਾਂ ਜੀਵਨ ਦੇ ਹਰ ਰੰਗ ਨੂੰ ਆਪਣੀਆਂ ਕਵਿਤਾਵਾਂ ਵਿੱਚ
ਬਾਖੂਬੀ ਪ੍ਰਗਟਾਇਆ। ਘੱਟ ਸ਼ਬਦਾਂ ਵਿੱਚ ਉਨ੍ਹਾਂ ਬਾਰੇ ਦੱਸਣ ਲਈ ਉਨ੍ਹਾਂ ਦੀ ਇਹ ਸਤਰ ਕਾਫ਼ੀ ਹੈ, ‘‘ ਮੈਂ ਜੀ ਭਰ ਜੀਆ, ਮੈਂ ਮਨ ਸੇ ਮਰੂੰ, ਲੌਟਕਰ ਆਊਂਗਾ, ਕੂਚ ਸੇ ਕਿਊਂ ਡਰੂੰ?’’
ਸ੍ਰੀ ਵਾਜਪਾਈ ਆਧੁਨਿਕ ਭਾਰਤ ਦੇ ਸਭ ਤੋਂ ਵੱਡੇ ਆਗੂਆਂ ਵਿੱਚ ਸ਼ੁਮਾਰ ਸਨ। -ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਵਾਜਪਾਈ ਨੇ ਕੱਟੜ ਹਿੰਦੂਤਵ ਤੋਂ ਹਮੇਸ਼ਾ ਬਣਾਈ ਰੱਖੀ ਦੂਰੀ
ਨਵੀਂ ਦਿੱਲੀ - ਮੁਲਕ ਦੇ ਸੁੱਘੜ-ਸਿਆਣੇ ਸਿਆਸਤਦਾਨਾਂ ਵਿੱਚ ਸ਼ੁਮਾਰ ਅਟਲ ਬਿਹਾਰੀ ਵਾਜਪਾਈ ਨੂੰ ਵੱਖ-ਵੱਖ ਵੈਰ-ਵਿਰੋਧਾਂ ਨੂੰ ਵੀ ਮੁਹਾਰਤ ਨਾਲ ਹੱਲ ਕਰਨ ਲਈ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ 1992 ਵਿੱਚ ਬਾਬਰੀ ਮਸਜਿਦ ਨੂੰ ਢਾਹੇ ਜਾਣ ਤੇ 2002 ਦੇ ਗੁਜਰਾਤ ਦੇ ਫ਼ਿਰਕੂ ਦੰਗਿਆਂ ਦੌਰਾਨ ਹਾਲਾਤ ਨੂੰ ਵਧੀਆ ਢੰਗ ਨਾਲ ਨਜਿੱਠਿਆ।
ਉਨ੍ਹਾਂ ਨੂੰ ਅਕਸਰ ਭਾਜਪਾ ਦੇ ਨਰਮ-ਖ਼ਿਆਲੀ ਆਗੂ ਵਜੋਂ ਦੇਖਿਆ ਜਾਂਦਾ ਸੀ, ਜਿਨ੍ਹਾਂ ਲਗਾਤਾਰ ਭਾਜਪਾ ਤੇ ਇਸ ਦੇ ਵਿਚਾਰਧਾਰਕ ਸੇਧਗਾਰ ਆਰਐਸਐਸ ਦੀ ਕੱਟੜ ਹਿੰਦੂਤਵੀ ਵਿਚਾਰਧਾਰਾ ਤੋਂ ਫ਼ਾਸਲਾ ਬਣਾਈ ਰੱਖਿਆ। ਉਹ ਇਨ੍ਹਾਂ ਦੋਵਾਂ ਦਾ ਹਿੱਸਾ ਤਾਂ ਰਹੇ ਪਰ ਗੱਲ ਆਪਣੇ ਦਿਲ ਦੀ ਹੀ ਕਰਦੇ ਰਹੇ। ਗੁਜਰਾਤ ਦੇ ਦੰਗਿਆਂ ਦੌਰਾਨ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਮੌਕੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ‘ਰਾਜ ਧਰਮ’ ਨਿਭਾਉਣ ਅਤੇ ਇਹ ਯਕੀਨੀ ਬਣਾਉਣ ਦੀ ਨਸੀਹਤ ਦਿੱਤੀ ਸੀ ਕਿ ਸਰਕਾਰੀ ਤੌਰ ’ਤੇ ਜਾਤ, ਧਰਮ ਜਾਂ ਨਸਲ ਦੇ ਆਧਾਰ ਉਤੇ ਕਿਸੇ ਨਾਲ ਵਿਤਕਰਾ ਨਾ ਹੋਵੇ।
ਬਾਕਮਾਲ ਅਗਵਾਈ, ਭਾਸ਼ਣ ਕਲਾ ਤੇ ਇਨਸਾਨੀ ਖੂਬੀਆਂ ਦਾ ਮੁਜੱਸਮਾ। -ਲਾਲ ਕ੍ਰਿਸ਼ਨ ਅਡਵਾਨੀ
ਸ੍ਰੀ ਵਾਜਪਾਈ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਇਹ ਟਿੱਪਣੀ
ਕੀਤੇ ਜਾਣ ਸਮੇਂ ਸ੍ਰੀ ਮੋਦੀ ਉਨ੍ਹਾਂ ਦੇ ਨਾਲ ਬੈਠੇ ਸਨ, ਜਿਸ ਤੋਂ ਅਟਕਲਾਂ ਲਾਈਆਂ ਜਾਣ ਲੱਗੀਆਂ ਸਨ ਕਿ ਸ੍ਰੀ ਮੋਦੀ ਨੂੰ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਇਸ ਤੋਂ ਦਸ ਵਰ੍ਹੇ ਪਹਿਲਾਂ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਵੀ ਭਾਜਪਾ ਵਿੱਚ ਉਹ ਇਕੱਲੇ ਅਜਿਹੇ ਆਗੂ ਸਨ, ਜਿਨ੍ਹਾਂ ਇਸ ਕਾਰਵਾਈ ’ਤੇ ਅਫ਼ਸੋਸ ਜ਼ਾਹਰ ਕੀਤਾ ਸੀ। ਉਨ੍ਹਾਂ ਇਸ ਘਟਨਾ ਨੂੰ ‘ਅਫ਼ਸੋਸਨਾਕ’ ਕਰਾਰ ਦਿੱਤਾ ਸੀ।
ਭਾਰਤ ਤੋਂ ਖੁੱਸ ਗਿਆ ਇਕ ਅਜ਼ੀਮ ਸਪੂਤ। ਕਰੋੜਾਂ ਲੋਕਾਂ ਦੇ ਚਹੇਤੇ ਸਨ ਵਾਜਪਾਈ। -ਰਾਹੁਲ ਗਾਂਧੀ
 

 

 

fbbg-image

Latest News
Magazine Archive