ਡੀਸੀ ਦਫ਼ਤਰ ਘੇਰਨ ਗਈਆਂ ਆਂਗਣਵਾੜੀ

ਵਰਕਰਾਂ ਦੀ ਹਾਲਤ ਵਿਗੜੀ; 4 ਬਿਮਾਰ


ਬਠਿੰਡਾ - ਮਰਨ ਵਰਤ ’ਤੇ ਬੈਠੀਆਂ ਆਂਗਣਵਾੜੀ ਵਰਕਰਾਂ ਨੇ ਆਪਣੀ ਅਣਦੇਖੀ ਤੋਂ ਅੱਕ ਕੇ ਅੱਜ ਸਵੇਰੇ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਧਾਵਾ ਬੋਲ ਦਿੱਤਾ। ਕਰੀਬ ਇੱਕ ਘੰਟਾ ਵਰਕਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰੀ ਰੱਖਿਆ। ਇਸੇ ਦੌਰਾਨ ਉੱਥੇ ਯੂਨੀਅਨ ਦੀਆਂ ਚਾਰ ਵਰਕਰਾਂ ਦੀ ਹਾਲਤ ਹੋਰ ਵਿਗੜ ਗਈ, ਜਨ੍ਹਿ‌ਾਂ ਨੂੰ ਮੌਕੇ ’ਤੇ ਐਂਬੂਲੈਂਸ ਨਾ ਪਹੁੰਚਣ ਕਾਰਨ ਤਹਿਸੀਲਦਾਰ ਤੇ ਪੁਲੀਸ ਦੀਆਂ ਗੱਡੀਆਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਵੇਰਵਿਆਂ ਮੁਤਾਬਿਕ ਮਰਨ ਵਰਤ ਵਾਲੀ ਥਾਂ ’ਤੇ ਰਾਤ ਕਰੀਬ 11:30 ਵਜੇ ਮਨਜੀਤ ਕੌਰ ਸਿੱਧਵਾਂ ਬੇਟ ਦੀ ਹਾਲਤ ਖ਼ਰਾਬ ਹੋ ਗਈ ਸੀ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅੱਜ ਸਵੇਰੇ 9 ਵਜੇ ਗੁਰਅੰਮ੍ਰਿਤ ਕੌਰ ਤੇ ਪਰਮਜੀਤ ਕੌਰ ਦੀ ਹਾਲਤ ਵੀ ਵਿਗੜ ਗਈ। ਯੂਨੀਅਨ ਆਗੂਆਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਐਂਬੂਲੈਂਸ ਲਈ ਫੋਨ ਕੀਤਾ ਪਰ ਮੌਕੇ ’ਤੇ ਐਂਬੂਲੈਂਸ ਨਾ ਪਹੁੰਚਣ ਕਾਰਨ ਦੋਵਾਂ ਵਰਕਰਾਂ ਨੂੰ ਆਟੋ ਰਾਹੀਂ ਹੀ ਸਿਵਲ ਹਸਪਤਾਲ ਲਿਜਾਇਆ ਗਿਆ। ਸਿਹਤ ਵਿਭਾਗ ਤੇ ਪ੍ਰਸ਼ਾਸਨ ਦੀ ਅਣਦੇਖੀ ਤੋਂ ਖ਼ਫ਼ਾ ਵਰਕਰਾਂ ਡੀਸੀ ਦਫ਼ਤਰ ਦੀਆਂ ਪੌੜੀਆਂ ਚੜ੍ਹ ਗਈਆਂ ਤੇ ਕਰੀਬ ਇੱਕ ਘੰਟਾ ਡੀਸੀ ਦਫ਼ਤਰ ਦਾ ਘਿਰਾਓ ਕੀਤਾ। ਇਸੇ ਦੌਰਾਨ ਉੱਥੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਗੁਰਪ੍ਰੀਤ ਕੌਰ ਮੂਸਾ, ਬਲਵਿੰਦਰ ਕੌਰ ਮਾਨਸਾ ਤੇ ਅੰਮ੍ਰਿਤਪਾਲ ਕੌਰ ਬੱਲੂਆਣਾ ਦੀ ਹਾਲਤ ਖ਼ਰਾਬ ਹੋ ਗਈ। ਮੌਕੇ ’ਤੇ ਐਂਬੂਲੈਂਸ ਨਾ ਪਹੁੰਚੀ ਤਾਂ ਅਧਿਕਾਰੀਆਂ ਨੇ ਹਾਲਾਤ ਵਿਗੜਨ ਦੇ ਡਰੋਂ ਦੋ ਵਰਕਰਾਂ ਨੂੰ ਤਹਿਸੀਲਦਾਰ ਦੀ ਗੱਡੀ ਤੇ ਦੋ ਨੂੰ ਪੁਲੀਸ ਵਿਭਾਗ ਦੀ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ।
ਆਲ ਪੰਜਾਬ ਆਂਗਣਵਾੜੀ ਵਰਕਰਜ਼ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਹੈ ਕਿ ਸਿਹਤ ਵਿਭਾਗ ਦੀ ਟੀਮ ਰੋਜ਼ਾਨਾ ਆਵੇਗੀ ਤੇ ਇੱਕ ਐਂਬੂਲੈਂਸ ਵੀ ਮਰਨ ਵਰਤ ਵਾਲੀ ਥਾਂ ’ਤੇ ਖੜ੍ਹੀ ਕੀਤੀ ਜਾਵੇਗੀ। ਉਹ ਨੋਟੀਫਿਕੇਸ਼ਨ ਸਬੰਧੀ ਵੀ ਸਰਕਾਰ ਨਾਲ ਗੱਲਬਾਤ ਕਰਨਗੇ।
ਇਸ ਰੌਲੇ ਰੱਪੇ ਮਗਰੋਂ ਸਿਹਤ ਵਿਭਾਗ ਦੀ ਛੇ ਮੈਂਬਰੀ ਟੀਮ ਨੇ ਮਰਨ ਵਰਤ ’ਤੇ ਬੈਠੀਆਂ ਵਰਕਰਾਂ ਦੀ ਜਾਂਚ ਕੀਤੀ। ਆਂਗਣਵਾੜੀ ਵਰਕਰਾਂ ਪ੍ਰਤੀ ਸਰਕਾਰ ਦੇ ਰਵੱਈਏ ਦੀ ਜਮਹੂਰੀ ਅਧਿਕਾਰ ਸਭਾ ਦੇ ਜ਼ਲ੍ਹਿ‌ਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਨਿਖੇਧੀ ਕੀਤੀ ਹੈ।
ਮਰਨ ਵਰਤ ਕੀਤਾ ਸਮਾਪਤ
ਸੋਮਵਾਰ ਦੇਰ ਰਾਤ ਚੰਡੀਗੜ੍ਹ ਮੁੱਖ ਦਫ਼ਤਰ ਤੋਂ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਮੰਨੇ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਉਨ੍ਹਾਂ ਮਰਨ ਵਰਤ ਸਮਾਪਤ ਕਰ ਦਿੱਤਾ ਹੈ ਅਤੇ ਭਲਕੇ ਬਠਿੰਡਾ ਵਿੱਚ ਜੇਤੂ ਰੈਲੀ ਕੀਤੀ ਜਾਵੇਗੀ।

 

 

fbbg-image

Latest News
Magazine Archive