ਮਹਾਰਾਸ਼ਟਰ ਵਿੱਚ ਬੱਸ ਖੱਡ ਵਿੱਚ ਡਿੱਗੀ, 33 ਹਲਾਕ


ਮੁੰਬਈ - ਮਹਾਰਾਸ਼ਟਰ ਵਿੱਚ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਇਸ ਵਿੱਚ ਸਵਾਰ 33 ਵਿਅਕਤੀ ਮਾਰੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਇੱਕ ਪਹਾੜੀ ਸੈਲਾਨੀ ਕੇਂਦਰ ਨੂੰ ਜਾ ਰਹੀ ਸੀ ਕਿ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਖੱਡ ’ਚ ਡਿੱਗ ਗਈ।
ਬੱਸ ਵਿੱਚ ਕੁੱਲ 34 ਵਿਅਕਤੀ ਸਵਾਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਹਾਰਾਸ਼ਟਰ ਦੇ ਮੁੱਖ  ਮੰਤਰੀ ਦੇਵੇਂਦਰ ਫੜਨਵੀਸ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਦੇਸ਼ ਭਰ ਦੇ ਆਗੂਆਂ ਤੇ ਹੋਰ ਲੋਕਾਂ ਨੇ ਹਾਦਸੇ ਉੱਤੇ ਗਹਿਰੇ  ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਾਦਸਾਗ੍ਰਸਤ ਬੱਸ ਦੇ ਛਾਲ ਮਾਰ ਕੇ ਬਚੇ ਡਰਾਈਵਰ ਪ੍ਰਕਾਸ਼ ਸਾਵੰਤ ਨੇ ਦੱਸਿਆ ਕਿ ਜਦੋਂ ਬੱਸ ਖੱਡ ਵਿੱਚ ਡਿਗੀ ਤਾਂ ਉਹ ਕੁੱਝ ਸਮਾਂ ਦਰੱਖਤਾਂ ਨਾਲ ਟਕਰਾਅ ਕੇ ਰੁਕ ਗਈ ਅਤੇ ਉਸ ਨੇ ਛਾਲ ਮਾਰ ਦਿੱਤੀ। ਉਸ ਨੇ ਦੱਸਿਆ ਕਿ ਸੜਕ ਟੁੱਟੀ ਹੋਈ ਸੀ ਅਤੇ ਸੜਕ ਉੱਤੇ ਗਾਰਾ ਬਣਿਆ ਹੋਇਆ ਸੀ, ਜਿਸ ਕਾਰਨ ਟਾਇਰ ਸਲਿੱਪ ਹੋ ਗਏ। ਇਸ ਦੌਰਾਨ ਗਿਆਰਾਂ ਲਾਸ਼ਾਂ ਮਿਲ ਗਈਆਂ ਹਨ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ ਚਾਰ ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਪ੍ਰਸ਼ਾਸਨ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਬੇ ਦੇ ਸੀਨੀਅਰ ਅਧਿਕਾਰੀ ਅਤੇ ਹੰਗਾਮੀ ਸਥਿਤੀ ਦੇ ਨਜਿੱਠਣ ਵਾਲੀਆਂ ਸਾਰੀਆਂ ਟੀਮਾਂ ਘਟਨਾ ਸਥਾਨ ਉੱਤੇ ਪੁੱਜੀਆਂ ਹੋਈਆਂ ਹਨ।
ਜ਼ਿਲ੍ਹਾ ਕੁਲੈਕਟਰ ਵਿਜੈ ਸੂਰਿਆਵੰਸ਼ੀ ਨੇ ਦੱਸਿਆ ਕਿ ਕੋਂਕਣ ਇਲਾਕੇ ਵਿੱਚ ਸਥਿਤ ਖੇਤੀਬਾੜੀ ਯੂਨੀਵਰਸਿਟੀ ਦੇ 34 ਮੁਲਾਜ਼ਮਾਂ ਨੂੰ ਪਹਾੜੀ ਸੈਲਾਨੀ ਕੇਂਦਰ ਮਹਾਬਲੇਸ਼ਵਰ ਨੂੰ ਲਿਜਾ ਰਹੀ ਬੱਸ ਪੋਲਾਦਪੁਰ ਨੇੜੇ ਅੰਬੇਨਲੀ ਘਾਟ ਕੋਲ 500 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਪੁਲੀਸ ਅਧਿਕਾਰੀਆਂ ਅਨੁਸਾਰ ਕਿਸੇ ਕਾਰਨ  ਡਰਾਈਵਰ ਦਾ ਬੱਸ ਤੋਂ ਕੰਟਰੋਲ ਗੁਆਚ ਗਿਆ। ਮ੍ਰਿਤਕਾਂ ਵਿੱਚ ਸਾਰੇ ਹੀ ਦੇਪੋਲੀ ਸਥਿਤ ਕੋਂਕਣ ਕ੍ਰਿਸ਼ੀ ਵਿੱਦਿਆਪੀਠ ਦੇ ਮੁਲਾਜ਼ਮ ਹਨ।
ਜਦੋਂ ਵਟ੍ਹਸਐਪ ਗਰੁੱਪ ਹੋਇਆ ‘ਮੌਨ’
ਪਰਵੀਨ ਰਣਦਿਵੇ ਵੀ ਦਪੋਲੀ ਖੇਤੀਬਾੜੀ ਯੂਨੀਵਰਸਿਟੀ ਦੇ ਉਸ ਗਰੁੱਪ ਦਾ ਹਿੱਸਾ ਸਨ ਜੋ ਅੱਜ ਸਵੇਰੇ ਮਹਾਬਲੇਸ਼ਵਰ ਦੀ ਯਾਤਰਾ ’ਤੇ ਨਿਕਲਿਆ ਸੀ। ਪਰ ਤੰਦਰੁਸਤ ਨਾ ਹੋਣ ਕਾਰਨ ਉਹ ਉਨ੍ਹਾਂ ਨਾਲ ਨਹੀਂ ਜਾ ਸਕੇ। ਹਾਲਾਂਕਿ ਇਸ ਦੌਰਾਨ ਉਹ ਸਾਥੀਆਂ ਵੱਲੋਂ ਬਣਾਏ ਵਟ੍ਹਸਐਪ ਗਰੁੱਪ ਵਿੱਚ ਪਾਈਆਂ ਜਾ ਰਹੀਆਂ ਪੋਸਟਾਂ ਨੂੰ ਦੇਖਦੇ ਰਹੇ। ਫਿਰ ਅਚਾਨਕ ਗਰੁੱਪ ਵਿੱਚ ਸੰਨਾਟਾ ਛਾ ਗਿਆ ਤੇ ਸੰਦੇਸ਼ ਆਉਣੇ ਬੰਦ ਹੋ ਗਏ। ਇਸ ਤੋਂ ਬਾਅਦ ਦੁਪਹਿਰੇ ਕਰੀਬ 12.30 ਵਜੇ ਪਰਵੀਨ ਨੂੰ ਸੂਚਨਾ ਮਿਲੀ ਕਿ ਉਸ ਦੇ ਸਾਥੀਆਂ ਨੂੰ ਲੈ ਕੇ ਆ ਰਹੀ ਬੱਸ ਅੰਬੇਨਲੀ ਘਾਟ ਕੋਲ ਖੱਡ ਵਿੱਚ ਡਿੱਗ ਗਈ ਹੈ ਤੇ ਬੱਸ ਵਿੱਚ ਸਵਾਰ 34 ਜਣਿਆਂ ਵਿੱਚੋਂ 33 ਦੀ ਮੌਤ ਹੋ ਗਈ ਹੈ। ਬੱਸ ਸਵਾਰ ਮਹਾਬਲੇਸ਼ਵਰ ਨੂੰ ਜਾਂਦੇ ਖ਼ੂਬਸੂਰਤ ਸੜਕੀ ਸਫ਼ਰ ਦੀਆਂ ਤਸਵੀਰਾਂ ਨਾਲ ਦੀ ਨਾਲ ਹੀ ਗਰੁੱਪ ਵਿੱਚ ਪਾ ਰਹੇ ਸਨ। ਪਰਵੀਨ ਨੇ ਕਿਹਾ ਕਿ ਆਖ਼ਰੀ ਸੰਦੇਸ਼ ਸਾਢੇ ਨੌਂ ਵਜੇ ਆਇਆ ਤੇ ਉਨ੍ਹਾਂ ਨਾਸ਼ਤੇ ਲਈ ਰੁਕਣਾ ਸੀ। ਪਰ ਕੁਝ ਸਮੇਂ ਬਾਅਦ ਜਦ ਦੁਬਾਰਾ ਉਨ੍ਹਾਂ ਸੰਦੇਸ਼ ਭੇਜਿਆ ਤਾਂ ਗਰੁੱਪ ਵਿੱਚੋਂ ਕਿਸੇ ਦਾ ਵੀ ਜਵਾਬ ਨਹੀਂ ਆਇਆ।
ਖੱਡ ਵਿੱਚ ਬੱਸ ਡਿੱਗਣ ਕਾਰਨ 12 ਸਵਾਰੀਆਂ ਜ਼ਖ਼ਮੀ
ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਗੱਲੂ ਮੰਗਲ ਇਲਾਕੇ ਵਿੱਚ ਬੱਸ ਖੱਡ ਵਿੱਚ ਡਿੱਗ ਗਈ ਅਤੇ 12 ਵਿਅਕਤੀ ਜ਼ਖ਼ਮੀ ਹੋ ਗਏ। ਕਾਂਗੜਾ ਦੇ ਐੱਸਪੀ ਸੰਤੋਸ਼ ਪਟਿਆਲ ਨੇ ਦੱਸਿਆ ਕਿ ਜੈਸਿੰਘਪੁਰ ਸਬ ਡਿਵੀਜ਼ਨ  ਵਿੱਚ ਬੱਸ 25 ਫੁੱਟ ਡੂੰਘੀ ਖੱਡ ਦੇ ਵਿੱਚ ਡਿੱਗ ਗਈ ਅਤੇ ਜਾਣਕਾਰੀ ਮਿਲਦਿਆਂ ਸਾਰ  ਹੀ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

 

 

fbbg-image

Latest News
Magazine Archive