ਭਾਰਤ ਨੂੰ ਨਵੀਂ ਪਾਕਿ ਸਰਕਾਰ ਤੋਂ ਅਤਿਵਾਦ ਮੁਕਤ ਮਾਹੌਲ ਦੀ ਆਸ


ਨਵੀਂ ਦਿੱਲੀ - ਪਾਕਿਸਤਾਨ ਵਿੱਚ ਹੋਈਆਂ ਆਮ ਚੋਣਾਂ ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਆਸ ਪ੍ਰਗਟਾਈ ਹੈ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਸੁਰੱਖਿਅਤ, ਸਥਿਰ ਅਤੇ ਅਤਿਵਾਦ ਮੁਕਤ ਵਿਕਾਸਸ਼ੀਲ ਦੱਖਣੀ ਏਸ਼ੀਆ ਦੀ ਕਾਇਮੀ ਲਈ ਉਸਾਰੂ ਭੂਮਿਕਾ ਅਦਾ ਕਰੇਗੀ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਇੱਕ ਖੁਸ਼ਹਾਲ, ਅਗਾਂਹਵਧੂ ਪਾਕਿਸਤਾਨ ਦੀ ਕਾਮਨਾ ਕਰਦਾ ਹੈ, ਜੋ ਗਵਾਂਢੀਆਂ ਨਾਲ ਅਮਨਪੂਰਵਕ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤ ਆਮ ਚੋਣਾਂ ਰਾਹੀਂ ਪਾਕਿਸਤਾਨ ਦੇ ਲੋਕਾਂ ਵੱਲੋਂ ਜਮਹੂਰੀਅਤ ਵਿੱਚ ਪ੍ਰਗਟਾਏ ਵਿਸ਼ਵਾਸ ਦਾ ਸਵਾਗਤ ਕਰਦਾ ਹੈ। ਜ਼ਿਕਰਯੋਗ ਹੈ ਕਿ ਕ੍ਰਿਕਟ ਖਿਡਾਰੀ ਤੋਂ ਰਾਜਸੀ ਆਗੂ ਬਣੇ ਇਮਰਾਨ ਖਾਨ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈੈ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਤੇ ਪਾਰਟੀ ਨੇ 270 ਸੀਟਾਂ ਵਿੱਚੋਂ 116 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ। ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) 64 ਸੀਟਾਂ ਹੀ ਲੈ ਸਕੀ ਹੈ ਅਤੇ ਪਾਕਿਸਤਾਨ ਪੀਪਲਜ਼ ਪਾਰਟੀ 43 ਸੀਟਾਂ ਲੈਕੇ ਤੀਜੇ ਸਥਾਨ ਉੱਤੇ ਆਈ ਹੈ।
ਜ਼ਿਕਰਯੋਗ ਹੈ ਇਮਰਾਨ ਖਾਨ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਹ ਪਾਕਿਸਤਾਨ, ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਬਿਹਤਰ ਬਣਾਉਣ  ਲਈ ਤਿਆਰ ਹੈ।  ਉਨ੍ਹਾਂ ਦੀ ਸਰਕਾਰ ਕਸ਼ਮੀਰ ਸਮੇਤ ਦੋਵਾਂ ਦੇਸ਼ਾਂ ਦੇ ਵਿਵਾਦਾਂ ਨੂੰ ਮਿਲ ਬੈਠ ਕੇ ਹੱਲ ਕਰਨ ਦੀ ਖਾਹਿਸ਼ਮੰਦ ਹੈ।
ਇਮਰਾਨ ਨੇ ਸਰਕਾਰ ਬਣਾਉਣ ਲਈ ਯਤਨ ਕੀਤੇ ਤੇਜ਼
ਇਸਲਾਮਾਬਾਦ - ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ 25 ਜੁਲਾਈ ਨੂੰ ਹੋਈਆਂ ਸੰਸਦੀ ਚੋਣਾਂ ਦੇ ਆਖ਼ਰੀ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣ ਨਤੀਜਿਆਂ ਵਿੱਚ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ ਹੈ ਤੇ ਇਮਰਾਨ ਨੇ ਸਰਕਾਰ ਬਣਾਉਣ ਲਈ ਕੋਸਿ਼ਸ਼ਾਂ ਤੇਜ਼ ਕਰ ਦਿੱਤੀਆਂ ਹਨ। ਪੀਟੀਆਈ ਵੱਲੋਂ 270 ਸੀਟਾਂ ’ਤੇ ਚੋਣ ਲੜੀ ਗਈ ਸੀ ਅਤੇ ਕੁੱਲ 116 ਸੀਟਾਂ ’ਤੇ ਉਨ੍ਹਾਂ ਨੂੰ ਫਤਿਹ ਨਸੀਬ ਹੋਈ ਹੈ। ਜਦਕਿ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ  ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਨੇ 64 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੂੰ 43 ਸੀਟਾਂ ਮਿਲੀਆਂ ਹਨ। ਤੇਰਾਂ ਆਜ਼ਾਦ ਉਮੀਦਵਾਰ ਨੇ ਵੀ ਬਾਜ਼ੀ ਮਾਰੀ ਹੈ ਅਤੇ ਕਰਾਚੀ ਆਧਾਰਿਤ ਮੁੱਤਾਹਿਦਾ ਕੌਮੀ ਮੂਵਮੈਂਟ ਨੂੰ ਵੀ ਛੇ ਸੀਟਾਂ ਹਾਸਲ ਹੋਈਆਂ ਹਨ।
ਆਖ਼ਰੀ ਨਤੀਜੇ ਐਲਾਨੇ ਜਾਣ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼  ਦੇ ਮੁਖੀ ਇਮਰਾਨ ਖ਼ਾਨ ਵੱਲੋਂ ਸਰਕਾਰ ਕਾਇਮ ਕਰਨ ਲਈ ਜੱਦੋਜਹਿਦ ਆਰੰਭ ਦਿੱਤੀ ਗਈ ਹੈ। ਪਾਕਿਸਤਾਨ ਦੇ ਕਾਨੂੰਨ ਮੁਤਾਬਕ ਚੋਣਾਂ ਹੋਣ ਦੇ 21 ਦਿਨਾਂ ਦੇ ਅੰਦਰ-ਅੰਦਰ ਕੌਮੀ ਅਸੈਂਬਲੀ ਦਾ ਸੈਸ਼ਨ ਬੁਲਾਇਆ ਜਾਣਾ ਲਾਜ਼ਮੀ ਹੈ। ਖ਼ਾਨ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਆਜ਼ਾਦ ਉਮੀਦਵਾਰਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਪੀਟੀਆਈ ਮੁਖੀ ਇਮਰਾਨ ਖ਼ਾਨ ਨੇ ਕੱਲ੍ਹ ਸਾਊਦੀ ਅਰਬ ਦੇ ਰਾਜਦੂਤ ਨਵਾਫ਼ ਸਈਦ ਅਹਿਮਦ ਅਲ-ਮਲੀਕੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੁਵੱਲੇ ਮਾਮਲਿਆਂ ’ਤੇ ਗੱਲਬਾਤ ਹੋਈ ਅਤੇ ਪੀਟੀਆਈ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਦੋਵਾਂ ਮੁਲਕਾਂ ਦੇ ਸਬੰਧ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ ਗਈ। ਇਸ ਤੋਂ ਇਲਾਵਾ ਖ਼ਾਨ ਨੇ ਪਾਰਟੀ ਆਗੂਆਂ ਨਾਲ ਕੈਬਨਿਟ ਦੇ ਗ਼ਠਨ ਅਤੇ ਪੰਜਾਬ ਸੂਬਾ ਅਸੈਂਬਲੀ ਵਿੱਚ ਸਰਕਾਰ ਕਾਇਮ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਹੈ। ਪਾਰਟੀ ਆਗੂ ਜਹਾਂਗੀਰ ਖ਼ਾਨ ਤਰੀਨ ਨੂੰ ਆਜ਼ਾਦ ਉਮੀਦਵਾਰਾਂ ਨਾਲ ਮੁਲਾਕਾਤ ਦਾ ਜ਼ਿੰਮਾ ਸੌਂਪਿਆ ਗਿਆ ਹੈ। ਜਦਕਿ ਦੂਜੇ ਪਾਸੇ ਚੋਣ ਨਤੀਜਿਆਂ ਵਿੱਚ ਹੇਰਾਫੇਰੀ ਦਾ ਦੋਸ਼ ਲਾ ਕੇ ਪੀਐੱਮਐੱਲ-ਐੱਨ ਆਗੂ ਸ਼ਾਹਬਾਜ਼ ਸ਼ਰੀਫ਼ ਤੇ ਹੋਰਨਾਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ ਕੀਤੀ। ਪੀਟੀਆਈ ਨੇ ਖ਼ੈਬਰ-ਪਖ਼ਤੂਨਵਾ ਵਿੱਚ ਵੀ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ ਤੇ ਉਹ ਬਲੋਚਿਸਤਾਨ ਵਿੱਚ ਵੀ ਗੱਠਜੋੜ ਸਰਕਾਰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  
ਅਮਰੀਕਾ ਨੂੰ ਆਜ਼ਾਦ ਅਤੇ ਨਿਰਪੱਖ ਚੋਣਾਂ ਹੋਣ ਸਬੰਧੀ ‘ਸ਼ੱਕ’
ਵਾਸ਼ਿੰਗਟਨ - ਅਮਰੀਕਾ ਨੇ ਪਾਕਿਸਤਾਨ ਸੰਸਦੀ ਚੋਣਾਂ ਦੌਰਾਨ ਮੁਲਕ ਦੀਆਂ ਅਥਾਰਿਟੀਆਂ ਵੱਲੋਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਇਸ ਨਾਲ ਸਬੰਧਤ ਕੁਝ ਹੋਰ ਪੱਖਾਂ ਉੱਤੇ ਪਾਬੰਦੀਆਂ ਲਾਉਣ ’ਤੇ ਇਤਰਾਜ਼ ਜਤਾਇਆ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਕਿਸਤਾਨੀ ਅਥਾਰਿਟੀਆਂ ਵੱਲੋਂ ਚੁੱਕੇ ਗਏ ਕਦਮ ਉਸ ਵੱਲੋਂ ਆਜ਼ਾਦ ਤੇ ਨਿਰਪੱਖ ਚੋਣਾਂ ਕਰਾਉਣ ਦੀ ਵਚਨਬੱਧਤਾ ਨਾਲ ਮੇਲ ਨਹੀਂ ਖਾਂਦੇ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਹੀਥਰ ਨਊਏਰਟ ਨੇ ਯੂਰੋਪੀਅਨ ਯੂਨੀਅਨ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੋਈ ਹਿੰਸਾ ਨਾਲ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਗਿਆ ਹੋ ਸਕਦਾ ਹੈ। ਤਰਜ਼ਮਾਨ ਨੇ ਨਾਲ ਹੀ ਕਿਹਾ ਕਿ ਉਹ ਨਵੀਂ ਸਰਕਾਰ ਨਾਲ ਮਜ਼ਬੂਤ ਸਬੰਧ ਬਣਾਏ ਰੱਖਣ ਲਈ ਵਚਨਬੱਧ ਹਨ।

 

 

fbbg-image

Latest News
Magazine Archive