ਪਾਕਿਸਤਾਨ ਵਿੱਚ ਆਮ ਚੋਣਾਂ ਅੱਜ


ਇਸਲਾਮਾਬਾਦ - ਪਾਕਿਸਤਾਨ ਦੀਆਂ ਵੀਰਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਦੇਸ਼ ਦੇ 10.59 ਕਰੋੜ ਰਜਿਸਟਰਡ ਵੋਟਰ ਸੱਤਾ ਦੇ ਲਗਾਤਾਰ ਦੂਜੇ ਜਮਹੂਰੀ ਤਬਾਦਲੇ ਲਈ ਵੋਟਾਂ ਪਾ ਕੇ ਆਪਣੇ ਪ੍ਰਧਾਨ ਮੰਤਰੀ ਤੇ ਚਾਰ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਚੋਣ ਕਰਨਗੇ। ਪਾਕਿਸਤਾਨ ਦੇ 70 ਸਾਲਾਂ ਦੇ ਬਹੁਤ ਹੀ ਉਤਰਾਅ-ਚੜ੍ਹਾਅ ਭਰੇ ਇਤਿਹਾਸ ਵਿੱਚ ਇਹ ਵੀ ਇਕ ਤਸੱਲੀ ਵਾਲੀ ਗੱਲ ਹੈ, ਹਾਲਾਂਕਿ ਮੁਲਕ ਦੀ ਤਾਕਤਵਾਰ ਫ਼ੌਜ ਉਤੇ ਇਨ੍ਹਾਂ ਚੋਣਾਂ ਦੇ ਨਤੀਜੇ ਆਪਣੇ ਮਨ-ਮੁਆਫ਼ਕ ਕੱਢਣ ਦੀਆਂ ਕੋਸ਼ਿਸ਼ਾਂ ਦੇ ਲਗਾਤਾਰ ਦੋਸ਼ ਲੱਗ ਰਹੇ ਹਨ। ਚੋਣਾਂ ਦੌਰਾਨ ਫ਼ੌਜ ਨੂੰ ਮੈਜਿਸਟਰੇਟੀ ਅਖ਼ਤਿਆਰ ਦਿੱਤੇ ਜਾਣ  ਕਾਰਨ ਇਨ੍ਹਾਂ ਖ਼ਦਸ਼ਿਆਂ ਨੂੰ ਹੋਰ ਬਲ ਮਿਲਿਆ ਹੈ। ਦੱਸਿਆ ਜਾਂਦਾ ਹੈ ਕਿ ਫ਼ੌਜ ਵੱਲੋਂ ਅੰਦਰਖ਼ਾਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਮੱਦਦ ਕੀਤੀ ਜਾ ਰਹੀ ਹੈ। ਨਾਲ ਹੀ ਚੋਣਾਂ ਵਿੱਚ ਇਸਲਾਮੀ ਬੁਨਿਆਦਪ੍ਰਸਤਾਂ ਦੀ ਵੱਡੀ ਗਿਣਤੀ ਸ਼ਮੂਲੀਅਤ ਵੀ ਖ਼ਤਰੇ ਦੀ ਘੰਟੀ ਵਜਾ ਰਹੀ ਹੈ।
ਚੋਣਾਂ ਲਈ ਫ਼ੌਜ ਨੇ ਜ਼ਬਰਦਸਤ ਸੁਰੱਖਿਆ ਪ੍ਰਬੰਧ ਕਰਦਿਆਂ ਦੇਸ਼ ਭਰ ਵਿੱਚ 3.70 ਲੱਖ ਫ਼ੌਜੀ ਜਵਾਨ ਤਾਇਨਾਤ ਕੀਤੇ ਹਨ। ਇਹ ਪਾਕਿਸਤਾਨ ਦੇ ਇਤਿਹਾਸ  ਵਿੱਚ ਮੁਲਕ ਦੀਆਂ ਆਮ ਚੋਣਾਂ ਦੌਰਾਨ ਸਲਾਮਤੀ ਦਸਤਿਆਂ ਦੀ ਸਭ ਤੋਂ ਵੱਡੀ  ਤਾਇਨਾਤੀ ਹੈ। ਚੋਣ ਕਮਿਸ਼ਨ ਮੁਤਾਬਕ ਕੌਮੀ ਅਸੰਬਲੀ ਦੇ 272 ਆਮ ਹਲਕਿਆਂ ਲਈ 3459 ਉਮੀਦਵਾਰ ਮੈਦਾਨ ਵਿੱਚ ਹਨ, ਜਦੋਂਕਿ ਚਾਰ ਸੂਬਾਈ- ਪੰਜਾਬ, ਸਿੰਧ, ਬਲੋਚਿਸਤਾਨ ਤੇ ਖ਼ੈਬਰ-ਪਖ਼ਤੂਨਖ਼ਵਾ ਦੇ 577 ਆਮ ਹਲਕਿਆਂ ਲਈ 8396 ਉਮੀਦਵਾਰ ਜ਼ੋਰ-ਅਜ਼ਮਾਈ ਕਰ ਰਹੇ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਮੌਕੇ ’ਤੇ ਹੀ ਪੋਲਿੰਗ ਤੋਂ ਬਾਅਦ ਕੀਤੀ ਜਾਵੇਗੀ ਅਤੇ 24 ਘੰਟਿਆਂ ਦੌਰਾਨ ਨਤੀਜੇ ਆ ਜਾਣ ਦੀ ਉਮੀਦ ਹੈ।
ਪਾਕਿਸਤਾਨੀ ਫ਼ੌਜ ਨੇ ਕਿਹਾ ਕਿ 25 ਜੁਲਾਈ ਦੀਆਂ ਚੋਣਾਂ ਦੌਰਾਨ ਇਸ ਵੱਲੋਂ ਦੇਸ਼ ਭਰ ਦੇ 85 ਹਜ਼ਾਰ ਪੋਲਿੰਗ ਸਟੇਸ਼ਨਾਂ ਵਿੱਚ 371,388 ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ। ਇਸ ਤੋਂ ਪਹਿਲਾਂ ਇਨ੍ਹਾਂ ਚੋਣਾਂ ਦੀ ਪ੍ਰਚਾਰ ਮੁਹਿੰਮ ਦੇਸ਼ ਭਰ ਵਿੱਚ ਹੋਏ ਦਹਿਸ਼ਤੀ ਹਮਲਿਆਂ ਦੌਰਾਨ ਅਨੇਕਾਂ ਜਾਨਾਂ ਜਾਂਦੀਆਂ ਰਹੀਆਂ। ਚੋਣ ਮੁਹਿੰਮ ਦਾ ਸ਼ੋਰ 23-24 ਜੁਲਾਈ ਦੀ ਅੱਧੀ ਰਾਤ ਨੂੰ ਮੁੱਕਿਆ, ਜਿਸ ਦੌਰਾਨ ਸਿਆਸੀ ਪਾਰਟੀਆਂ ਨੇ ਵੋਟਰਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਪੂਰਾ ਟਿੱਲ ਲਾਇਆ। ਅੱਜ ਚੋਣ ਪਾਰਟੀਆਂ ਨੂੰ ਚੋਣ ਸਮੱਗਰੀ ਵੰਡੇ ਜਾਣ ਵੇਲੇ ਵੀ ਵੱਡੀ ਗਿਣਤੀ ਸੁਰੱਖਿਆ ਜਵਾਨ ਤਾਇਨਾਤ ਸਨ। ਫ਼ੌਜ ਨੇ ਆਪਣੇ ਬਿਆਨ ਵਿੱਚ ਕਿਹਾ, ‘‘ਦੇਸ਼ ਭਰ ਵਿੱਚ ਫ਼ੌਜਾਂ ਦੀ ਤਾਇਨਾਤੀ ਮੁਕੰਮਲ ਕਰ ਲਈ ਗਈ ਹੈ।’’ ਸਲਾਮਤੀ ਦਸਤਿਆਂ ਨੇ ਇਸ ਦੌਰਾਨ ਮੁੱਖ ਧਾਰਾ ਦੀਆਂ ਪਾਰਟੀਆਂ ਦੇ ਆਗੂਆਂ ਤੇ ਕੁਝ ਉਮੀਦਵਾਰਾਂ ਨੂੰ ਸੁਰੱਖਿਆ ਪ੍ਰਤੀ ਭਾਰੀ ਖ਼ਤਰੇ ਬਾਰੇ ਵੀ ਖ਼ਬਰਦਾਰ ਕੀਤਾ ਸੀ, ਜਿਸ ਦਾ ਚੋਣ ਪ੍ਰਚਾਰ ਦੇ ਰਵਾਇਤੀ ਰੰਗ ਉਤੇ ਵੀ ਅਸਰ ਪਿਆ। ਚੋਣ ਪ੍ਰਚਾਰ ਦੌਰਾਨ ਕਈ ਉਮੀਦਵਾਰਾਂ ਅਤੇ ਚੋਣ ਰੈਲੀਆਂ ਉਤੇ ਭਿਆਨਕ ਦਹਿਸ਼ਤੀ ਹਮਲੇ ਹੋਏ। ਇਨ੍ਹਾਂ ਵਿੱਚ ਬਲੋਚਿਸਤਾਨ ਸੂਬੇ ’ਚ 13 ਜੁਲਾਈ ਨੂੰ ਇਕ ਰੈਲੀ ’ਚ ਹੋਇਆ ਧਮਾਕਾ ਸ਼ਾਮਲ ਸੀ, ਜਿਸ ਵਿੱਚ 151 ਜਾਨਾਂ ਜਾਂਦੀਆਂ ਰਹੀਆਂ।
ਫ਼ੌਜ ਨੂੰ ਮੈਜਿਸਟਰੇਟੀ ਅਖ਼ਤਿਆਰਾਤ ਦਿੱਤੇ ਜਾਣ ਤੋਂ ਬਾਅਦ ਚੋਣਾਂ ਵਿੱਚ ਇਸ ਦੇ ਰੋਲ ਬਾਰੇ ਸਵਾਲ ਉੱਠ ਰਹੇ ਹਨ। ਪੋਲਿੰਗ ਸਟੇਸ਼ਨਾਂ ਦੇ ਅੰਦਰ ਤੇ ਬਾਹਰ ਦੋਵੇਂ ਥਾਈਂ ਫ਼ੌਜ ਤਾਇਨਾਤ ਕਰਨ ਬਦਲੇ ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਦੀ ਵੀ ਆਲੋਚਨਾ ਹੋ ਰਹੀ ਹੈ। ਉਂਜ ਫ਼ੌਜ ਦੇ ਮੁਖੀ ਜਨਰਲ ਕਮਰ ਬਾਜਵਾ ਨੇ ਭਰੋਸਾ ਦਿੱਤਾ ਹੈ ਕਿ ਚੋਣ ਡਿਊਟੀ ਲਈ ਤਾਇਨਾਤ ਫ਼ੌਜੀ ਜਵਾਨ ਸਖ਼ਤੀ ਨਾਲ ਈਸੀਪੀ ਦੇ ਜ਼ਾਬਤੇ ਦਾ ਪਾਲਣ ਕਰਨਗੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਫ਼ੌਜ ਸਿਰਫ਼ ਸਹਿਯੋਗੀ ਕਿਰਦਾਰ ਹੀ ਨਿਭਾਵੇਗੀ, ਜਦੋਂਕਿ ਚੋਣਾਂ ਦਾ ਕੰਟਰੋਲ ਤੇ ਅਖ਼ਤਿਆਰ ਸਿਰਫ਼ ਈਸੀਪੀ ਕੋਲ ਹੀ ਰਹੇਗਾ। ਗ਼ੌਰਤਲਬ ਹੈ ਕਿ 1947 ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਇਸ ਦੇ ਇਤਿਹਾਸ ਦੇ ਕਰੀਬ ਅੱਧੇ ਅਰਸੇ ਦੌਰਾਨ ਮੁਲਕ ਉਤੇ ਫ਼ੌਜ ਨੇ ਵੱਖੋ-ਵੱਖ ਰਾਜ ਪਲਟਿਆਂ ਰਾਹੀਂ ਹਕੂਮਤ ਕੀਤੀ ਹੈ। ਇਸ ਤੋਂ ਇਲਾਵਾ ਸਿਵਲ ਹਕੂਮਤਾਂ ਦੌਰਾਨ ਵੀ ਅਸਲੀ ਸੱਤਾ ਫ਼ੌਜ ਕੋਲ ਹੀ ਰਹਿੰਦੀ ਹੈ, ਜਿਸ ਦਾ ਮੁਲਕ ਦੇ ਤਾਣੇ-ਬਾਣੇ ਉਤੇ ਪੂਰਾ ਕਬਜ਼ਾ ਹੈ।

 

 

fbbg-image

Latest News
Magazine Archive