ਖਹਿਰਾ ਤੇ ਬਲਬੀਰ ਸਿੰਘ ਦਾ ਰੇੜਕਾ ਕੋਆਰਡੀਨੇਸ਼ਨ ਕਮੇਟੀ ਹਵਾਲੇ


ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲ ਦੀ ਅੱਜ ਇਥੇ ਹੋਈ ਮੀਟਿੰਗ ਦੌਰਾਨ ਪਿੱਛਲੇ ਸਮੇਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਸਹਿ ਪ੍ਰਧਾਨ ਬਲਬੀਰ ਸਿੰਘ ਵਿਚਾਲੇ ਚੱਲ ਰਹੇ ਰੇੜਕੇ ਨੂੰ ਕੋਆਰਡੀਨੇਸ਼ਨ ਕਮੇਟੀ ਹਵਾਲੇ ਕਰਨ ਅਤੇ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਆਦਿ ਨਾਲ ਗੱਠਜੋੜ ਕਰਨ ਦਾ ਮਾਮਲਾ ਹਾਈਕਮਾਂਡ ਹਵਾਲੇ ਕਰਨ ਦਾ ਫੈਸਲਾ ਕੀਤਾ ਗਿਆ।
ਦੱਸਣਯੋਗ ਹੈ ਕਿ ਕੋਆਰਡੀਨੇਸ਼ਨ ਕਮੇਟੀ ਵਿੱਚ ਜ਼ੋਨ ਪ੍ਰਧਾਨ ਕੁਲਦੀਪ ਧਾਲੀਵਾਲ, ਦਲਬੀਰ ਢਿੱਲੋਂ, ਗੁਰਦਿੱਤ ਸੇਖੋਂ ਤੇ ਡਾ. ਰਵਜੋਤ ਸਿੰਘ ਤੇ 5 ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ ਤੇ ਮਾਸਟਰ ਬਲਦੇਵ ਸਿੰਘ ਹਨ। ਮੀਟਿੰਗ ਦੌਰਾਨ ਕਈ ਵਿਧਾਇਕਾਂ ਨੇ ਸ੍ਰੀ ਖਹਿਰਾ ਵੱਲੋਂ ਡਾ. ਬਲਬੀਰ ਸਿੰਘ ਦੇ ਮੁੱਦੇ ਉਪਰ ਸੋਸ਼ਲ ਮੀਡੀਆ ਵਿੱਚ ਲਾਈਵ ਹੋਣ ਉਪਰ ਇਤਰਾਜ਼ ਪ੍ਰਗਟ ਕੀਤੇ ਅਤੇ ਭਵਿੱਖ ਵਿਚ ਪਾਰਟੀ ਦੇ ਮੁੱਦੇ ਮੀਡੀਆ ਜਾਂ ਕਿਸੇ ਹੋਰ ਢੰਗ ਨਾਲ ਜਨਤਕ ਨਾ ਕਰਨ ਦੀ ਸਾਰਿਆਂ ਨੂੰ ਨਸੀਹਤ ਦਿੱਤੀ। ਜ਼ਿਕਰਯੋਗ ਹੈ ਕਿ ਸ੍ਰੀ ਖਹਿਰਾ ਦੋਸ਼ ਲਾ ਰਹੇ ਹਨ ਕਿ ਡਾ. ਬਲਬੀਰ ਸਿੰਘ ਵੱਲੋਂ ਕੁਝ ਪਾਰਟੀ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਉਹ (ਖਹਿਰਾ) ਲੋਕਾਂ ਕੋਲੋਂ ਪੈਸੇ ਇਕੱਠੇ ਕਰ ਰਿਹਾ ਹੈ। ਦੂਸਰੇ ਪਾਸੇ ਡਾ. ਬਲਬੀਰ ਸਿੰਘ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਸ੍ਰੀ ਖਹਿਰਾ ਵਿਰੁੱਧ ਕਿਸੇ ਨੂੰ ਅਜਿਹੀ ਗੱਲ ਨਹੀਂ ਕਹੀ।
ਸੂਤਰਾਂ ਅਨੁਸਾਰ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਆਦਿ ਨਾਲ ਗੱਠਜੋੜ ਦਾ ਮੁੱਦਾ ਉਠਣ ’ਤੇ ਵਿਧਾਇਕਾਂ ਦੀ ਵੱਖ-ਵੱਖ ਰਾਏ ਸਾਹਮਣੇ ਆਈ। ਉਂਜ ਬਹੁਤੇ ਵਿਧਾਇਕਾਂ ਦੀ ਰਾਏ ਸੀ ਕਿ ਇਸ ਮੁੱਦੇ ਉਪਰ ਫਿਲਹਾਲ ਚਰਚਾ ਕਰਨ ਦੀ ਕੋਈ ਤੁਕ ਨਹੀਂ ਹੈ ਕਿਉਂਕਿ ਇਸ ਬਾਬਤ ਹਾਲੇ ਹਾਈਕਮਾਂਡ ਨੇ ਉਨ੍ਹਾਂ ਤੋਂ ਕੋਈ ਰਾਏ ਨਹੀਂ ਮੰਗੀ। ਅਖੀਰ ਇਹ ਮਾਮਲਾ ਹਾਈਕਮਾਂਡ ਉਪਰ ਛੱਡਣ ਦਾ ਫੈਸਲਾ ਲਿਆ ਗਿਆ।
ਮੀਟਿੰਗ ਵਿੱਚ ਕੈਨੇਡਾ ਸਰਕਾਰ ਵੱਲੋਂ ‘ਆਪ’ ਦੇ ਦੋ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਬਿਨਾਂ ਕਿਸੇ ਅਧਾਰ ’ਤੇ ਹਵਾਈ ਅੱਡੇ ਤੋਂ ਮੋੜਣ ਦੀ ਕਾਰਵਾਈ ਨੂੰ ਪੰਜਾਬ ਦੇ ਚੁਣੇ ਨੁਮਾਇੰਦਿਆਂ ਦੀ ਤੌਹੀਨ ਦੱਸਿਆ ਗਿਆ। ਮੀਟਿੰਗ ਵਿੱਚ ਇਹ ਮਾਮਲਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਕੋਲ ਉਠਾਉਣ ਦਾ ਫੈਸਲਾ ਲਿਆ ਗਿਆ। ਵਿਧਾਇਕਾਂ ਨੇ ਸਪੀਕਰ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਕਿ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਇਆ ਜਾਵੇ ਤੇ ਕੇਂਦਰ ਇਸ ਘਟਨਾ ਬਾਰੇ ਕੈਨੇਡਾ ਸਰਕਾਰ ਨੂੰ ਲਿਖ ਕੇ ਆਪਣਾ ਰੋਸ ਦਰਜ ਕਰਵਾਏ। ਸਪੀਕਰ ਸ੍ਰੀ ਰਾਣਾ ਨੇ ਇਹ ਮਾਮਲਾ ਭਾਰਤ ਸਰਕਾਰ ਕੋਲ ਜਲਦ ਉਠਾਉਣ ਦਾ ਭਰੋਸਾ ਦਿੱਤਾ।

 

 

fbbg-image

Latest News
Magazine Archive