ਵਿਆਹੁਤਾ ਨਾਲ 40 ਜਣਿਆਂ ਵੱਲੋਂ ਬਲਾਤਕਾਰ


ਪੰਚਕੂਲਾ - ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿੱਚ ਪੈਂਦੇ ਮੋਰਨੀ ਖੇਤਰ ਦੇ ਇਕ ਗੈਸਟ ਹਾਊਸ ਵਿੱਚ ਚੰਡੀਗੜ੍ਹ ਦੀ ਇਕ 22 ਸਾਲਾ ਵਿਆਹੁਤਾ ਔਰਤ ਨੂੰ ਬੰਦੀ ਬਣਾ ਕੇ 40 ਵਿਅਕਤੀਆਂ ਵੱਲੋਂ ਲਗਾਤਾਰ ਚਾਰ ਦਿਨ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ’ਚੋਂ ਤਿੰਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਚੰਡੀਗੜ੍ਹ ਦੇ ਮਨੀਮਾਜਰਾ ਪੁਲੀਸ ਸਟੇਸ਼ਨ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਇਹ ਕੇਸ ਹਰਿਆਣਾ ਦੇ ਖੇਤਰ ਨਾਲ ਸਬੰਧਤ ਹੋਣ ਕਾਰਨ ਪੰਚਕੁੂਲਾ ਵਿੱਚ ਤਬਦੀਲ ਕਰ ਦਿੱਤਾ ਗਿਆ। ਪੰਚਕੂਲਾ ਪੁਲੀਸ ਨੇ ਇਸ ਕੇਸ ਸਬੰਧੀ ਏਸੀਪੀ ਆਸ਼ੂ ਸਿੰਗਲਾ ਦੀ ਅਗਵਾਈ ਵਿੱਚ  ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਪੰਚਕੂਲਾ ਦੇ ਡੀਸੀਪੀ ਰਾਜਿੰਦਰ ਕੁਮਾਰ ਮੀਨਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਇਸ ਮਾਮਲੇ ਵਿੱਚ ਇਕ ਮਹਿਲਾ ਅਫ਼ਸਰ ਸਮੇਤ ਦੋ ਏਐਸਆਈ ਅਤੇ ਇਕ ਕਾਂਸਟੇਬਲ ਨੂੰ ਲਾਪ੍ਰਵਾਹੀ ਵਰਤਣ ਅਤੇ ਉੱਚ ਅਧਿਕਾਰੀਆਂ ਨੂੰ ਇਤਲਾਹ ਨਾ ਦੇਣ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਮੋਰਨੀ ਪੁਲੀਸ ਚੌਕੀ ਦਾ ਇੰਚਾਰਜ ਮਾਂਗੇ ਰਾਮ, ਮਹਿਲਾ ਥਾਣੇ ਦੀ ਐਸਆਈ ਸਰਸਵਤੀ ਅਤੇ ਸੁਰੱਖਿਆ ਏਜੰਟ ਪ੍ਰਦੀਪ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਗੈਸਟ ਹਾਉੂਸ ਦੇ ਮਾਲਕ ਸੁਨੀਲ ਸਮੇਤ ਯੂ.ਪੀ. ਵਾਸੀ ਅਵਤਾਰ ਅਤੇ ਇੱਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਮੌਕੇ ਮੌਜੂਦ ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਘਟਨਾ ਨੂੰ ਮੰਦਭਾਗਾ ਦੱਸਿਆ। ਪੀੜਤਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਇਕ ਵਿਅਕਤੀ ਜੋ ਖੁਦ ਨੂੰ ਪੁਲੀਸ ਕਰਮਚਾਰੀ ਦੱਸਦਾ ਸੀ, ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਗੈਸਟ ਹਾਊਸ ਵਿੱਚ ਲੈ ਗਿਆ ਜਿਥੇ ਉਸ ਨੂੰ ਨਸ਼ੇ ਦੇ ਕੇ 15 ਤੋਂ 18 ਜੁਲਾਈ ਲਗਾਤਾਰ ਚਾਰ ਦਿਨ 10-10 ਵਿਅਕਤੀ ਉਸ ਨਾਲ ਬਲਾਤਕਾਰ ਕਰਦੇ ਰਹੇ ਕਿਸੇ ਤਰ੍ਹਾਂ ਪੀੜਤਾ ਨੇ ਆਪਣੇ ਪਤੀ ਨੂੰ ਫੋਨ ਕੀਤਾ ਕਿ ਉਹ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਈ ਹੈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਵਰਗਲਾਉਣ ਵਾਲੇ ਵਿਅਕਤੀ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਜਾਣਦੀ। ਉਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਸ ਦੀ ਪਤਨੀ ਬਚ ਕੇ ਘਰ ਆ ਗਈ ਜਿਸ ਪਿੱਛੋਂ ਉਨ੍ਹਾਂ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ।

 

Latest News
Magazine Archive