‘ਡਿਜੀਟਲ ਇੰਡੀਆ’ ਦੀ ਚਮਕ ਤੋਂ ਦੂਰ ਦਰਦਾਂ ਦਾ ‘ਟਾਪੂ’


ਮੁਹਾਰ ਜਮਸ਼ੇਰ (ਫ਼ਾਜ਼ਿਲਕਾ) - ‘ਡਿਜੀਟਲ ਇੰਡੀਆ’ ਤੋਂ ਦੂਰ ਪਿੰਡ ਮੁਹਾਰ ਜਮਸ਼ੇਰ ਦੀ ਕੋਈ ਮੁਹਾਰ ਫੜਨ ਵਾਲਾ ਨਹੀਂ। ਪਾਕਿਸਤਾਨ ਨੇ ਤਿੰਨ ਪਾਸਿਓਂ ਇਸ ਪਿੰਡ ਨੂੰ ਵਲ਼ਿਆ ਹੋਇਆ ਹੈ। ਚੌਥੇ ਪਾਸੇ ਦਰਿਆ ਸਤਲੁਜ ਦੀ ਵਲ਼ਗਣ ਹੈ। ਦੋ ਵਰ੍ਹੇ ਪਹਿਲਾਂ ਤੱਕ ਇੱਕੋ ਬੇੜੀ ਦਾ ਸਹਾਰਾ ਪਿੰਡ ਨੂੰ ਸੀ। ਪੁਲ ਬਣਨ ਮਗਰੋਂ ਪਿੰਡ ਦੇ ਰਾਹ ਮੋਕਲੇ ਤਾਂ ਹੋਏ ਪ੍ਰੰਤੂ ਥੋੜ੍ਹਾਂ ਤੇ ਲੋੜਾਂ ਤੋਂ ਪਿੰਡ ਦਾ ਖਹਿੜਾ ਨਾ ਛੁੱਟਿਆ। ਸਰਕਾਰਾਂ ਲਈ ਇਹ ਸੱਤ ਬੇਗ਼ਾਨੇ ਹਨ। ਪਿੰਡ ਦੀ ਤਰੱਕੀ ਦੀ ਇੱਕੋ ਵੱਡੀ ਨਿਸ਼ਾਨੀ ਸਰਕਾਰੀ ਪ੍ਰਾਇਮਰੀ ਸਕੂਲ ਹੈ, ਜਿਸ ਦੀ ਛੇ ਵਰ੍ਹਿਆਂ ਤੋਂ ਚਾਰਦੀਵਾਰੀ ਨਹੀਂ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਡਿਜੀਟਲ ਭਾਰਤ’ ਇਨ੍ਹਾਂ ਨੂੰ ਬੇਗ਼ਾਨਗੀ ਤੇ ਅਲਹਿਦਗੀ ਦਾ ਅਹਿਸਾਸ ਕਰਾ ਰਿਹਾ ਹੈ। ਮੁਹਾਰ ਜਮਸ਼ੇਰ ਕੋਲ ਨਾ ਜਲ ਘਰ ਹੈ ਤੇ ਨਾ ਆਰ.ਓ ਪਲਾਂਟ, ਨਾ ਡਿਸਪੈਂਸਰੀ ਹੈ, ਨਾ ਕੋਈ ਪੱਕੀ ਗਲੀ ਨਾਲੀ ਹੈ ਤੇ ਨਾ ਪਿੰਡ ‘ਚ ਕੋਈ ਛੱਪੜ। ਬੱਸ ਤਾਂ ਕਦੇ ਵੇਖੀ ਹੀ ਨਹੀਂ, ਸਿਰਫ਼ ਟੈਂਪੂ ਦੀ ਸੁਵਿਧਾ ਹੈ, ਟੈਂਪੂ ਲੈਣ ਲਈ ਵੀ ਲੋਕ ਪਹਿਲਾਂ ਢਾਈ ਕਿਲੋਮੀਟਰ ਪੈਦਲ ਚੱਲਦੇ ਹਨ। ਪਿੰਡ ਦਾ ਨਾ ਕੋਈ ਸਰਕਾਰੀ ਮੁਲਾਜ਼ਮ ਹੈ ਤੇ ਨਾ ਕੋਈ ਐਨ.ਆਰ.ਆਈ। ਪਖਾਨੇ ਵੀ ਹੁਣੇ ਬਣਨ ਲੱਗੇ ਹਨ। ਏਦਾਂ ਦਾ ਹਾਲ ਸਤਲੁਜ ਪਾਰ ਕਰੀਬ ਪੰਦਰਾਂ ਪਿੰਡਾਂ ਦਾ ਹੈ ਜੋ ਚਮਕਦੇ ਭਾਰਤ ਵਿੱਚ ਦੁੱਖਾਂ ਦੇ ਟਾਪੂ ਜਾਪਦੇ  ਹਨ। ਇਨ੍ਹਾਂ ਪਿੰਡਾਂ ਵਿੱਚ ਬਹੁਗਿਣਤੀ ਦਲਿਤ ਭਾਈਚਾਰੇ ਦੀ ਹੈ।  ਬੱਸ ਸਰਵਿਸ ਕਿਸੇ ਪਿੰਡ ‘ਚ ਨਹੀਂ। ਕਰੀਬ 20 ਤਿੰਨ ਪਹੀਆਂ ਟੈਂਪੂ ਹੀ ਇਨ੍ਹਾਂ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੇ ਹਨ। ਮਹਾਤਮ ਨਗਰ ਵਿੱਚ ਸਿਰਫ਼ ਇੱਕ ਸਹਿਕਾਰੀ ਬੈਂਕ ਹੈ ਜੋ ਘਾਟੇ ਵਿੱਚ ਹੈ। ਹੋਰ ਕੋਈ ਬੈਂਕ ਨਹੀਂ ਹੈ, ਨਾ ਕਿਸੇ ਪਿੰਡ ’ਚ ਏ.ਟੀ.ਐਮ ਹੈ। ਇੱਥੋਂ ਤੱਕ ਇਸ ਟਾਪੂ ਵਿੱਚ ਕੋਈ ਤੇਲ ਪੰਪ ਵੀ ਨਹੀਂ ਹੈ। ਕਰਿਆਨੇ ਦੀਆਂ ਦੁਕਾਨਾਂ ਤੇ ਬੋਤਲਾਂ ਵਿੱਚ ਪੈਟਰੋਲ ਵਿਕਦਾ ਹੈ। ਸਰਕਾਰ ਨੇ ਸ਼ਰਾਬ ਦਾ ਠੇਕਾ ਤਕਰੀਬਨ ਹਰ ਪਿੰਡ ਖੋਲ੍ਹਿਆ ਹੈ। ਸਿਰਫ਼ ਪਿੰਡ ਝੰਗੜ ਭੈਣੀ ’ਚ ਸੀਨੀਅਰ ਸੈਕੰਡਰੀ ਸਕੂਲ ਤੇ ਮੁਹਾਰ ਸੋਨਾ ਵਿੱਚ ਹਾਈ ਸਕੂਲ ਹੈ। ਬਾਕੀ ਪਿੰਡਾਂ ਵਿੱਚ ਪ੍ਰਾਇਮਰੀ ਸਕੂਲ ਹਨ। ਨਾ ਕੋਈ ਖੇਡ ਸਟੇਡੀਅਮ ਹੈ ਅਤੇ ਨਾ ਕਿਸੇ ਪਿੰਡ ਵਿੱਚ ਕੋਈ ਪੱਕੀ ਗਲੀ ਨਾਲੀ ਹੈ। ਗੁਲਾਬਾ ਭੈਣੀ ਦਾ ਨੌਜਵਾਨ ਮਨਜੀਤ ਸਿੰਘ ਆਖਦਾ ਹੈ ਕਿ ਗ਼ਰੀਬੀ ਨੇ ਲੋਕਾਂ ਨੂੰ ਗ਼ਸ਼ ਪਾ ਦਿੱਤੇ ਹਨ। ਲੋਕਾਂ ਨੂੰ ਆਪਣੇ ਪਿੰਡਾਂ ਤੱਕ ਵਿਕਾਸ ਦੇ ਨਾ ਪੁੱਜਣ ਤੋਂ ਸਰਕਾਰਾਂ ਪ੍ਰਤੀ ਗਿਲਾ ਹੈ ਪਿੰਡ ਰਾਮ ਸਿੰਘ ਭੈਣੀ ਤੇ ਝੰਗੜ ਭੈਣੀ ਦੇ ਸਰਪੰਚ ਨੇ ਵਿਕਾਸ ਲਈ ਪੰਜਾਹ ਲੱਖ ਦੇ ਫ਼ੰਡਾਂ ਦੀ ਲੋੜ ਦੱਸੀ। ਦਰਿਆਈ ਪਾਣੀ ਦੀ ਮਾਰ ਤੋਂ ਕੋਈ ਸਾਲ ਮਸਾਂ ਸੁੱਕਾ ਲੰਘਦਾ ਹੈ। ਟੈਂਪੂ ਚਾਲਕ ਮਹਿੰਦਰ ਸਿੰਘ ਆਖਦਾ ਹੈ ਕਿ ਇਹ ਟਾਪੂ 20 ਸਾਲ ਪਿੱਛੇ ਹੈ। ਰਾਏ ਸਿੱਖ ਬਰਾਦਰੀ ਏਨੀ ਬਹਾਦਰ ਕੌਮ ਹੈ ਕਿ ਖ਼ੁਦਕੁਸ਼ੀ ਦੇ ਰਾਹ ਤੋਂ ਦੂਰ ਹੈ। ਉਨ੍ਹਾਂ ਦੀਆਂ ਖਾਹਿਸ਼ਾਂ ਤੇ ਸੁਪਨੇ ਜ਼ਰੂਰ ਹਰ ਦਿਨ ਖ਼ੁਦਕੁਸ਼ੀ ਕਰਦੇ ਹਨ। ਇਨ੍ਹਾਂ ਪਿੰਡਾਂ ਵਿੱਚ ਪੰਜ ਆਂਗਣਵਾੜੀ ਸੈਂਟਰ ਹਨ। ਪਿੰਡ ਰਾਮ ਸਿੰਘ ਭੈਣੀ ਵਿੱਚ ਆਂਗਣਵਾੜੀ ਸੈਂਟਰ ਗੁਰੂ ਘਰ ਵਿੱਚ ਚੱਲਦਾ ਹੈ। ਨਾ ਬਿਜਲੀ ਹੈ ਤੇ ਨਾ ਕੋਈ ਪੱਖਾ।
ਜਦੋਂ ਸਤਲੁਜ ਵਿੱਚ ਹੜ੍ਹ ਆਉਂਦਾ ਹੈ ਤਾਂ ਸਕੂਲਾਂ ’ਚ ਛੁੱਟੀ ਹੋ ਜਾਂਦੀ ਹੈ। ਦੋਨਾ ਨਾਨਕਾ ਸਮੇਤ ਹੋਰਨਾਂ ਪਿੰਡਾਂ ਦੀਆਂ ਗਲੀਆਂ ਵਿੱਚ ਥਾਂ ਥਾਂ ਗੋਬਰ ਕੰਧਾਂ ਉੱਤੇ ਚੜ੍ਹਿਆ ਨਜ਼ਰ ਪੈਂਦਾ ਹੈ। ਇਕਲੌਤੀ ਲਿੰਕ ਸੜਕ ਉੱਤੇ ਥਾਂ ਥਾਂ ਚਿੱਕੜ ਹੈ। ਇਨ੍ਹਾਂ ਪਿੰਡਾਂ ਵਿੱਚ ਟਾਵੇਂ ਟਾਂਵੇ ਸਰਕਾਰੀ ਮੁਲਾਜ਼ਮ ਹਨ। ਫ਼ੌਜ ਵਿਚ ਹਨ ਜਾਂ ਫਿਰ ਕੋਈ ਪੁਲੀਸ ਮੁਲਾਜ਼ਮ। ਰੇਤੇ ਵਾਲੀ ਭੈਣੀ ਦੇ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਪੰਦਰਾਂ ਪਿੰਡਾਂ ਵਿੱਚ ਤਾਂ ਬਾਹਰੋਂ ਕੋਈ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਹੁੰਦਾ। ਅਖ਼ੀਰ ਇਨ੍ਹਾਂ ਪਿੰਡਾਂ ਦੇ ਰਿਸ਼ਤੇ ਨਾਤੇ ਆਪਸ ਵਿੱਚ ਹੀ ਤੈਅ ਹੁੰਦੇ ਹਨ। ਮਜਬੂਰੀ ਵਿੱਚ ਕਈ ਦਫ਼ਾ ਨੇੜਲੇ ਰਿਸ਼ਤਿਆਂ ਵਿੱਚ ਵੀ ਵਿਆਹ ਕਰਨੇ ਪੈਂਦੇ ਹਨ। ਗੁਲਾਬਾ ਭੈਣੀ ‘ਚ ਨੌਜਵਾਨ ਹਰਪ੍ਰੀਤ ਸਿੰਘ ਨੇ ਇਸ ਨੂੰ ਵੱਡੀ ਸਮੱਸਿਆ ਦੱਸਿਆ ਕਿ ਇੱਥੇ ਕਿਸੇ ਮੋਬਾਈਲ ਦੀ ਕੋਈ ਰੇਂਜ ਨਹੀਂ ਆਉਂਦੀ। ਮਨਸ਼ਾ ਪਿੰਡ ਦੇ ਲੋਕ ਦੱਸਦੇ ਹਨ ਕਿ ਮਜਬੂਰੀ ਦਾ ਅੱਕ ਚੱਬਦੇ ਚੱਬਦੇ ਬੁੱਢੇ ਹੋ ਗਏ ਹਾਂ। ਇਨ੍ਹਾਂ ਪਿੰਡਾਂ ‘ਚ ਕਿਤੇ ਜ਼ਿੰਦਗੀ ਦੀ ਧੜਕਣ ਸੁਣਾਈ ਨਹੀਂ ਦਿੰਦੀ।    ਤੇਜਾ ਰੁਹੇਲਾ ਦੇ ਨੌਜਵਾਨ ਦੁਕਾਨਦਾਰ ਅੰਗਰੇਜ ਸਿੰਘ ਨੇ ਟਿੱਚਰ ਵਿੱਚ ਆਖਿਆ ਕਿ ਇਨ੍ਹਾਂ ਪਿੰਡਾਂ ਦੀ ਪਿੱਠ ਪਾਕਿਸਤਾਨ ਨਾਲ ਲੱਗਦੀ ਹੈ, ਸ਼ਾਇਦ ਮੋਦੀ ਸਰਕਾਰ ਇਸ ਕਰਕੇ ਪਿੰਡਾਂ ਨਾਲ ਕਿੜ ਕੱਢ ਰਹੀ ਹੈ। ਉਸ ਦੇ ਸਾਥੀ ਦੱਸਦੇ ਹਨ ਕਿ ਜਦੋਂ ਹੜ੍ਹ ਆਉਂਦੇ ਹਨ ਤਾਂ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਦੋ ਤਿੰਨ ਦਿਨ ਪਹਿਲਾਂ ਇਨ੍ਹਾਂ ਪਿੰਡਾਂ ਵਿੱਚ ਪਟਵਾਰੀ ਹੋਕਾ ਦਿਵਾ ਗਏ ਹਨ ਕਿ ਉੱਪਰੋਂ ਪਾਣੀ ਚੜ੍ਹ ਗਿਆ ਹੈ। ਪੁਲੀਸ ਅਧਿਕਾਰੀ ਦੱਸਦੇ ਹਨ ਕਿ ਇਨ੍ਹਾਂ ਪਿੰਡਾਂ ਦੇ ਲੋਕ ਸ਼ਰਾਬ ਕੱਢਦੇ ਹਨ ਪ੍ਰੰਤੂ ਬਾਕੀ ਨਸ਼ਿਆਂ ਤੋਂ ਬਚਾਅ ਹੈ। ਇਨ੍ਹਾਂ ਪਿੰਡਾਂ ਵਿੱਚ ਕੋਈ ਵੱਡਾ ਕਮਿਊਨਿਟੀ ਸੈਂਟਰ ਵੀ ਨਹੀਂ ਹੈ।   ਇਨ੍ਹਾਂ ਪਿੰਡਾਂ ਵਿੱਚ ਸਿਰਫ਼ ਵੋਟਾਂ ਵੇਲੇ ਲੀਡਰ ਦਿਖਦੇ ਹਨ। ਗੱਠਜੋੜ ਸਰਕਾਰ ਸਮੇਂ ਇਨ੍ਹਾਂ ਪਿੰਡਾਂ ਵਿੱਚ ਸਤਲੁਜ ਦਰਿਆ ਉੱਤੇ ਦੋ ਪੁਲ ਬਣੇ ਹਨ, ਜਿਸ ਨਾਲ ਪਿੰਡਾਂ ਦਾ ਸੰਪਰਕ ਜੁੜਿਆ ਹੈ। ਦੋਨਾ ਨਾਨਕਾ ਦੇ ਲੋਕਾਂ ਨੇ ਮੰਗ ਰੱਖੀ ਕਿ ਉਨ੍ਹਾਂ ਦੇ ਨੇੜਲਾ ਇੱਕ ਹੋਰ ਪੁਲ ਬਣ ਜਾਵੇ ਤਾਂ ਫ਼ਾਜ਼ਿਲਕਾ ਦੀ ਵਾਟ ਸਿਰਫ਼ ਛੇ ਕਿਲੋਮੀਟਰ ਰਹਿ ਜਾਵੇਗੀ। ਪੰਚਾਇਤਾਂ ਦੀ ਮੰਗ ਹੈ ਕਿ ਇਨ੍ਹਾਂ ਪਿੰਡਾਂ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਅਤੇ ਕੇਂਦਰ ਸਰਕਾਰ ਸਰਹੱਦੀ ਨੌਜਵਾਨਾਂ ਲਈ ਨੌਕਰੀਆਂ ਵਿੱਚ ਰਾਖਵਾਂਕਰਨ ਕਰੇ। ਨੈਸ਼ਨਲ ਐਵਾਰਡੀ ਅਧਿਆਪਕ ਲਵਜੀਤ ਗਰੇਵਾਲ ਦਾ ਪ੍ਰਤੀਕਰਮ ਸੀ ਕਿ ਥੋੜ੍ਹੇ ਅਰਸੇ ਤੋਂ ਹੁਣ ਨਵੀਂ ਪੀੜ੍ਹੀ ਉਚੇਰੀ ਵਿੱਦਿਆ ਲਈ ਫ਼ਾਜ਼ਿਲਕਾ ਦੇ ਕਾਲਜਾਂ ਵਿਚ ਜਾਣ ਲੱਗੀ ਹੈ।ਮਹਾਤਮ ਨਗਰ ਦੀ ਸਹਿਕਾਰੀ ਬੈਂਕ ਦੇ ਅਧਿਕਾਰੀ ਆਖਦੇ ਹਨ ਕਿ ਬੈਂਕ ਤਾਂ ਘਾਟੇ ਵਿੱਚ ਹੈ ਪ੍ਰੰਤੂ ਲੋਕ ਸੇਵਾ ਲਈ ਚਲਾ ਰਹੇ ਹਾਂ। ਬੈਂਕ ਵਿੱਚ ਸਿਰਫ਼ ਮਗਨਰੇਗਾ ਵਰਕਰਾਂ ਅਤੇ ਬੁਢਾਪਾ ਪੈਨਸ਼ਨਾਂ ਦੇ ਖਾਤੇ ਹਨ। ਸਭਨਾਂ ਦੇ ਖਾਤੇ ਖ਼ਾਲੀ ਖੜਕ ਰਹੇ ਹਨ। ਇਹ ਚਾਰ ਪਿੰਡਾਂ ਦਾ ਬੈਂਕ ਹੈ ਜਿਸ ‘ਚ ਹੋਰ ਕੋਈ ਲੈਣ ਦੇਣ ਨਹੀਂ ਹੁੰਦਾ। ਦੋ ਪਹੀਆ ਵਾਹਨ ਕੁੱਝ ਲੋਕਾਂ ਕੋਲ ਹਨ ਪਰ ਇਨ੍ਹਾਂ ਪਿੰਡਾਂ ਦੀ ਜ਼ਿੰਦਗੀ ਫਿਰ ਵੀ ਲੀਹ ‘ਤੇ ਨਹੀਂ ਪੈ ਸਕੀ ਹੈ। ਵੱਡੇ ਲੀਡਰਾਂ ਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਪਿੰਡਾਂ ਵਿਚ ਆ ਚੁੱਕੇ ਹਨ। ਸੰਸਦ ਮੈਂਬਰ ਭਗਵੰਤ ਮਾਨ ਤਾਂ ਪੰਜ ਗੇੜੇ ਲਾ ਚੁੱਕਾ ਹੈ ਅਤੇ ਤੇਜਾ ਰੁਹੇਲਾ ਵਿੱਚ ਅਰਵਿੰਦ ਕੇਜਰੀਵਾਲ ਵੀ ਚੋਣਾਂ ਵੇਲੇ ਆਇਆ ਸੀ।
ਵਿਕਾਸ ਦਾ ਖਾਕਾ ਵਾਹਿਆ ਹੈ: ਘੁਬਾਇਆ
ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਪ੍ਰਤੀਕਰਮ ਸੀ ਕਿ ਦਸ ਵਰ੍ਹਿਆਂ ਵਿੱਚ ਉਨ੍ਹਾਂ ਦੇ ਪਿਤਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵਲੋਂ ਦਿੱਤੇ ਫੰਡਾਂ ਨਾਲ ਕੁੱਝ ਮੂੰਹ ਮੱਥਾ ਇਨ੍ਹਾਂ ਪਿੰਡਾਂ ਦਾ ਬਣਿਆ ਹੈ ਪਰ ਹੁਣ ਇਨ੍ਹਾਂ ਪਿੰਡਾਂ ਦੇ ਵਿਕਾਸ ਦਾ ਖਾਕਾ ਵਾਹਿਆ ਹੈ ਜਿਸ ਤਹਿਤ ਦੋ ਪੁੱਲ, ਸਕੂਲ, ਪੀਣ ਵਾਲੇ ਪਾਣੀ, ਸਿਹਤ ਸਹੂਲਤਾਂ ਤੇ ਗਲੀਆਂ ਨਾਲੀਆਂ ਬਣਾਈਆਂ ਜਾਣਗੀਆਂ। ਸੜਕੀਂ ਸੰਪਰਕ ’ਚ ਸੁਧਾਰ ਕੀਤਾ ਜਾਵੇਗਾ।

 

 

fbbg-image

Latest News
Magazine Archive