‘ਘੜਿਆਲੀ ਹੰਝੂ’ ਵਹਾ ਰਹੀਆਂ ਨੇ ਕਾਂਗਰਸ ਤੇ ਹੋਰ ਪਾਰਟੀਆਂ: ਮੋਦੀ


ਮਿਰਜ਼ਾਪੁਰ (ਯੂਪੀ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਹੋਰਨਾਂ ਪਾਰਟੀਆਂ ’ਤੇ ‘ਘੜਿਆਲੀ ਹੰਝੂ’ ਵਹਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਸਵਾਲ ਪੁੱਛਿਆ ਕਿ ਉਨ੍ਹਾਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਦੇਸ਼ ਭਰ ਵਿੱਚ ਵਿਕਾਸ ਤੇ ਸਿੰਜਾਈ ਨਾਲ ਜੁੜੇ ਪ੍ਰਾਜੈਕਟਾਂ ਨੂੰ ਕਿਉਂ ਅਣਗੌਲਿਆਂ ਕੀਤਾ ਗਿਆ। ਸ੍ਰੀ ਮੋਦੀ ਨੇ ਕਿਹਾ ਕਿ ਐਨਡੀਏ ਸਰਕਾਰ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਨਤੀਜੇ ਜਲਦੀ ਹੀ ਸਾਹਮਣੇ ਆਉਣਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਕਿਸਾਨਾਂ ਨੂੰ ਦੁੱਗਣੀ ਆਮਦਨ ਹੋਵੇਗੀ।
ਇਥੇ ਬਨਸਾਗਰ ਨਹਿਰੀ ਪ੍ਰਾਜੈਕਟ ਦੇ ਉਦਘਾਟਨ ਅਤੇ ਮਿਰਜ਼ਾਪੁਰ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਮਗਰੋਂ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਿਸਾਨਾਂ ਦੇ ਨਾਂ ’ਤੇ ਸਿਆਸਤ ਕਰਨ ਵਾਲੇ ਲੋਕਾਂ ਕੋਲ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਵਾਧੇ ਬਾਰੇ ਸੋਚਣ ਤਕ ਦਾ ਸਮਾਂ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਿਹੜੇ ‘ਘੜਿਆਲੀ ਹੰਝੂ’ ਵਹਾ ਰਹੇ ਹਨ, ਉਨ੍ਹਾਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਆਪਣੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਦੇਸ਼ ਭਰ ਵਿੱਚ ਸਿੰਜਾਈ ਪ੍ਰਾਜੈਕਟਾਂ ਨੂੰ ਕਿਉਂ ਮੁਕੰਮਲ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਇਹ ’ਕੱਲਾ ਬਨਸਾਗਰ ਦਾ ਮਸਲਾ ਨਹੀਂ। ਕਿਸਾਨ ਭਲਾਈ ਨਾਲ ਜੁੜੇ ਅਜਿਹੇ ‘ਅਟਕੇ, ਲਟਕੇ ਤੇ ਭਟਕੇ’ ਪ੍ਰਾਜੈਕਟ ਵੱਖ ਵੱਖ ਰਾਜਾਂ ’ਚ ਮਿਲ ਜਾਣਗੇ। ਉਨ੍ਹਾਂ ਨੂੰ ਇਨ੍ਹਾਂ ਨਾਲ ਕੋਈ ਸਰੋਕਾਰ ਨਹੀਂ। ਅਜਿਹੇ ਪ੍ਰਾਜੈਕਟਾਂ ਨੂੰ ਹੁਣ ਤਕ ਕਿਉਂ ਨਹੀਂ ਪੂਰਾ ਕੀਤਾ ਗਿਆ?’’ ਸ੍ਰੀ ਮੋਦੀ, ਜਿਨ੍ਹਾਂ ਆਪਣੀ ਤਕਰੀਰ ਦੀ ਸ਼ੁਰੂਆਤ ਮੁਕਾਮੀ ਭਾਸ਼ਾ ’ਚ ਕੀਤੀ, ਨੇ ਕਿਹਾ ਕਿ ਪਿਛਲੀ ਸਰਕਾਰਾਂ ਵੱਲੋਂ ਖੇਤੀ ਤੇ ਕਿਸਾਨਾਂ ਦੇ ਨਾਂ ’ਤੇ ਸ਼ੁਰੂ ਕੀਤੇ ਪ੍ਰਾਜੈਕਟ ਜਾਂ ਤਾਂ ਅਧੂਰੇ ਹਨ ਜਾਂ ਫਿਰ ਉਨ੍ਹਾਂ ਨੂੰ ਲਮਕਾਇਆ ਗਿਆ।
ਦਹਾਕਿਆਂ ਤੋਂ ਇਸ ਦੇਰੀ ਦਾ ਖ਼ਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹੈ। ਉਨ੍ਹਾਂ ਕਿਹਾ ਕਿ 3500 ਕਰੋੜ ਦੀ ਲਾਗਤ ਵਾਲੇ ਬਨਸਾਗਰ ਪ੍ਰਾਜੈਕਟ ਦਾ ਲਾਹਾ ਮਿਰਜ਼ਾਪੁਰ, ਅਲਾਹਾਬਾਦ ਤੇ ਨੇੜਲੇ ਖੇਤਰਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਕਰਕੇ 300 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੀ ਲਾਗਤ 3500 ਕਰੋੜ ਰੁਪਏ ਨੂੰ ਜਾ ਪੁੱਜੀ ਹੈ।

 

 

fbbg-image

Latest News
Magazine Archive