ਸ਼ਰੀਫ਼ ਤੇ ਮਰੀਅਮ ਲਾਹੌਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ


ਲਾਹੌਰ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅੱਜ ਰਾਤ ਆਪਣੀ ਧੀ ਮਰੀਅਮ ਨਵਾਜ਼ ਸਮੇਤ ਲੰਡਨ ਤੋਂ ਵਤਨ ਪਰਤ ਆਏ ਤੇ ਆਉਂਦਿਆਂ ਹੀ ਉਨ੍ਹਾਂ ਨੂੰ ਲਾਹੌਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਪਿਉ-ਧੀ ਦੇ ਪਾਸਪੋਰਟ ਮੁਲਕ ਦੀ ਕੌਮੀ ਜਵਾਬਦੇਹੀ ਬਿਊਰੋ (ਐਨਏਬੀ) ਦੇ ਅਧਿਕਾਰੀਆਂ ਨੇ ਜ਼ਬਤ ਕਰ ਲਏ। ਉਨ੍ਹਾਂ ਨੂੰ ਹਵਾਈ ਅੱਡੇ ’ਤੇ ਸ੍ਰੀ ਸ਼ਰੀਫ਼ ਦੀ ਅੰਮੀ ਬੇਗ਼ਮ ਸ਼ਮੀਮ ਅਖ਼ਤਰ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।
ਇੱਥੋਂ ਉਨ੍ਹਾਂ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇਸਲਾਮਾਬਾਦ ਲੈ ਜਾਇਆ ਗਿਆ। ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ ਲਾਜ਼ਮੀ ਨਿਜੀ ਪੇਸ਼ੀ ਤੋਂ ਬਿਨਾਂ ਹੀ ਉਨ੍ਹਾਂ ਦੇ ਜੁਡੀਸ਼ੀਅਲ ਵਾਰੰਟ ਜਾਰੀ ਕਰ ਦਿੱਤੇ, ਕਿਉਂਕਿ ਐਨਏਬੀ ਨੇ ਸੁਰੱਖਿਆ ਕਾਰਨਾਂ ਕਰ ਕੇ ਨਿਜੀ ਪੇਸ਼ੀ ਤੋਂ ਛੋਟ ਮੰਗੀ ਸੀ। ਬਾਅਦ ਵਿੱਚ ਜੱਜ ਨੇ ਇਸਲਾਮਾਬਾਦ ਦੇ ਮੈਜਿਸਟਰੇਟ ਨੂੰ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਰਜ ਕਰਨ ਤੇ ਐਨਏਬੀ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਹਵਾਲੇ ਕਰਨ ਦੀ ਇਜਾਜ਼ਤ ਦੇਣ ਦੀ ਜ਼ਿੰਮੇਵਾਰੀ ਸੌਂਪੀ। ਇਸ ਪਿੱਛੋਂ ਸ੍ਰੀ ਸ਼ਰੀਫ਼ ਨੂੰ ਰਾਵਲਪਿੰਡੀ ਦੀ ਅਡਿਆਲਾ ਸਥਿਤ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ, ਜਦੋਂਕਿ ਬੀਬੀ ਮਰੀਅਮ ਨੂੰ ਅੱਜ ਦੀ ਰਾਤ ਇਸਲਾਮਾਬਾਦ ਦੇ ਬਾਹਰਵਾਰ ਸਿਹਾਲਾ ਰੈਸਟ ਹਾਊਸ ਵਿੱਚ ਰੱਖਣ ਦਾ ਫ਼ੈਸਲਾ ਲਿਆ ਗਿਆ। ਇਸ ਮਕਸਦ ਲਈ ਰੈਸਟ ਹਾਊਸ ਨੂੰ ਸਬ ਜੇਲ੍ਹ ਦਾ ਦਰਜਾ ਦੇ ਕੇ ਉਥੋਂ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ।
ਉਨ੍ਹਾਂ ਦੀ ਗਿ੍ਰਫ਼ਤਾਰੀ ਹੁੰਦੇ ਸਾਰ ਲਾਹੌਰ ਦੀਆਂ ਸੜਕਾਂ ’ਤੇ ਲੋਕਾਂ ਦਾ ਹਜੂਮ ਆ ਗਿਆ, ਜਿਸ ਕਾਰਨ ਕਈ ਥਾਈਂ ਭੰਨ-ਤੋੜ ਅਤੇ ਸੁਰੱਖਿਆ ਨਾਲ ਹੱਥੋਪਾਈ ਹੋਈ। ਇਸ ਕਾਰਨ ਪਾਕਿਸਤਾਨ   ਮੁਸਲਿਮ ਲੀਗ (ਨਵਾਜ਼) ਦੇ ਕਈ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਪੰਜਾਬ ਵਿੱਚ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਿਸੇ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ 10 ਹਜ਼ਾਰ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਸਨ।
ਗ਼ੌਰਤਲਬ ਹੈ ਕਿ ਸ੍ਰੀ ਸ਼ਰੀਫ਼ (68) ਤੇ ਮਰੀਅਮ (44) ਨੂੰ ਦੇਸ਼ ਦੀ ਭ੍ਰਿਸ਼ਟਾਚਾਰ-ਰੋਕੂ ਅਦਾਲਤ ਨੇ ਬੀਤੀ 6 ਜੁਲਾਈ ਨੂੰ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ ਦਿੰਦਿਆਂ ਕ੍ਰਮਵਾਰ ਦਸ ਤੇ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਅੱਜ ਇਹ ਦੋਵੇਂ ਪਿਉ-ਧੀ ਭਾਰਤੀ ਸਮੇਂ ਮੁਤਾਬਕ ਰਾਤ 9.15 ਵਜੇ ਇਤਿਹਾਦ ਏਅਰਵੇਜ਼ ਦੀ ਉਡਾਣ ਰਾਹੀਂ ਅਬੂ ਧਾਬੀ ਤੋਂ ਲਾਹੌਰ ਦੇ ਅੱਲਾਮਾ ਇਕਬਾਲ ਹਵਾਈ ਅੱਡੇ ਉਤੇ ਉਤਰੇ। ਉਨ੍ਹਾਂ ਦੀ ਉਡਾਣ ਮਿਥੇ ਸਮੇਂ ਤੋਂ ਕਰੀਬ ਤਿੰਨ ਘੰਟੇ ਲੇਟ ਪੁੱਜੀ। ਉਡਾਣ ਦਾ ਅਸਲ ’ਚ ਸ਼ਾਮ 6.15 ਵਜੇ ਪੁੱਜਣ ਦਾ ਪ੍ਰੋਗਰਾਮ ਸੀ ਪਰ ਇਹ ‘ਅਣਦੱਸੇ’ ਕਾਰਨਾਂ ਕਰ ਕੇ ਲੇਟ ਹੋ ਗਈ। ਇਸ ਤੋਂ ਪਹਿਲਾਂ ਉਹ ਲੰਡਨ ਤੋਂ ਯੂਏਈ      ਦੀ ਰਾਜਧਾਨੀ ਅਬੂ ਧਾਬੀ ਪੁੱਜੇ ਸਨ। ਲੰਡਨ ਵਿੱਚ ਸ੍ਰੀ ਸ਼ਰੀਫ਼ ਦੀ ਪਤਨੀ ਕੁਲਸੂਮ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਜ਼ੇਰੇ-ਇਲਾਜ ਹੈ। ਉਨ੍ਹਾਂ ਦਾ ਜਹਾਜ਼ ਹਵਾਈ ਅੱਡੇ ਉਤੇ ਪੁੱਜਣ ਤੋਂ ਪਹਿਲਾਂ ਹੀ ਐਨਏਬੀ, ਜਿਹੜੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਦੀ ਹੈ, ਦੇ ਅਹਿਲਕਾਰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਲਈ ਪੁੱਜੇ ਹੋਏ ਸਨ। ਉਨ੍ਹਾਂ ਨੂੰ ਹਵਾਈ ਅੱਡੇ ਤੋਂ ਜੇਲ੍ਹ ਪਹੁੰਚਾਉਣ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਗਿਆ ਸੀ, ਤਾਂ ਕਿ ਸ੍ਰੀ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਸਿਆਸੀ ਲਾਹਾ ਨਾ ਲੈ ਸਕੇ। 
ਹੱਥੋਪਾਈ ਦੇ ਦੋਸ਼ ਹੇਠ ਸ਼ਰੀਫ਼ ਦਾ ਦੋਹਤਾ ਤੇ ਪੋਤਰਾ ਗ੍ਰਿਫ਼ਤਾਰ
ਲੰਡਨ - ਪੁਲੀਸ ਨੇ ਇੱਥੇ ਨਵਾਜ਼ ਸ਼ਰੀਫ਼ ਦੇ ਦੋਹਤੇ ਤੇ ਪੋਤਰੇ ਨੂੰ ਮੁਜ਼ਾਹਰਾਕਾਰੀਆਂ ਨਾਲ ਹੱਥੋਪਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਮੁਜ਼ਾਹਰਾਕਾਰੀਆਂ ਅਤੇ ਸਾਬਕਾ ਪ੍ਰਧਾਨ ਮੰਤਰੀ ਦੇ ਦੋਹਤੇ ਜੁਨੈਦ  ਸਫ਼ਦਰ ਤੇ ਪੋਤਰੇ ਜ਼ਕਰੀਆ ਵਿਚਕਾਰ ਤਕਰਾਰ ਹੱਥੋਪਾਈ ਵਿੱਚ ਤਬਦੀਲ ਹੋ ਗਈ ਸੀ। ਇਹ ਝਗੜਾ ਐਵਨਫੀਲਡ ਹਾਊਸ ਨਜ਼ਦੀਕ ਹੋਇਆ ਸੀ ਜਿੱਥੇ ਸ਼ਰੀਫ਼ ਖ਼ਾਨਦਾਨ ਦੇ ਚਾਰ ਘਰ ਹਨ। ਰਿਪੋਰਟ ਮੁਤਾਬਕ ਜੁਨੈਦ ਸਫ਼ਦਰ ਨੇ ਇਕ ਨੌਜਵਾਨ ਦੇ ਮੁੱਕਾ ਮਾਰਿਆ ਸੀ ਤੇ ਜ਼ਕਰੀਆ ਸ਼ਰੀਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਰੀਅਮ ਨਵਾਜ਼ ਦੇ ਪੁੱਤਰ ਨੇ ਦਾਅਵਾ ਕੀਤਾ ਕਿ ਮੁਜ਼ਾਹਰਾਕਾਰੀਆਂ ਨੇ ਉਸ ’ਤੇ ਥੁੱਕਿਆ ਸੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਲਿਜਾਣਾ ਪਿਆ ਸੀ।

 

Latest News
Magazine Archive