ਭਾਰਤ ਕੋਲ ਇੰਗਲੈਂਡ ਖ਼ਿਲਾਫ਼ ਇੱਕ ਰੋਜ਼ਾ ਲੜੀ ਜਿੱਤਣ ਦਾ ਮੌਕਾ


ਲੰਡਨ - ਭਾਰਤੀ ਟੀਮ ਕਹਿਰ ਢਾਹੁੰਦੀ ਗੇਂਦਬਾਜ਼ੀ ਕਰ ਰਹੇ ਕੁਲਦੀਪ ਯਾਦਵ ਦੀ ਫ਼ਿਰਕੀ ਦੇ ਦਮ ’ਤੇ ਸ਼ਨਿਚਰਵਾਰ ਨੂੰ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਰਾਹੀਂ ਬਰਤਾਨੀਆ ਦੌਰੇ ’ਤੇ ਇੱਕ ਹੋਰ ਲੜੀ ਆਪਣੇ ਨਾਮ ਕਰਨਾ ਚਾਹੇਗੀ। ਭਾਰਤ ਨੇ ਕੱਲ੍ਹ ਪਹਿਲਾ ਇੱਕ ਰੋਜ਼ਾ ਜਿੱਤਣ ਤੋਂ ਪਹਿਲਾਂ ਟੀ-20 ਲੜੀ ਵੀ ਆਪਣੇ ਨਾਮ ਕੀਤੀ ਸੀ। ਐਤਵਾਰ ਨੂੰ ਫੀਫਾ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੈਚ ਸ਼ਨਿਚਰਵਾਰ ਨੂੰ ਰੱਖਿਆ ਗਿਆ ਅਤੇ ਦੋ ਮੈਚਾਂ ਵਿਚਾਲੇ ਮਹਿਜ਼ ਇੱਕ ਦਿਨ ਦਾ ਫ਼ਰਕ ਰਹਿ ਗਿਆ ਹੈ। ਪਹਿਲਾ ਮੈਚ ਅੱਠ ਵਿਕਟਾਂ ਨਾਲ ਹਾਰਨ ਮਗਰੋਂ ਇੰਗਲੈਂਡ ਲਈ ਵਾਪਸੀ ਕਰਨਾ ਸੌਖਾ ਨਹੀਂ ਹੋਵੇਗਾ। ਟੀ-20 ਲੜੀ ਵਿੱਚ ਇੰਗਲੈਂਡ ਨੇ ਫ਼ਿਰਕੀ ਗੇਂਦਬਾਜ਼ ਮਰਲਿਨ ਨਾਲ ਅਭਿਆਸ ਕੀਤਾ ਸੀ। ਅਜਿਹੀ ਹਾਲਤ ਵਿੱਚ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕੁਲਦੀਪ ਦਾ ਸਾਹਮਣਾ ਕਰਨ ਲਈ ਮਾਨਸਿਕ ਤਿਆਰੀ ਕਰਨੀ ਹੀ ਹੋਵੇਗੀ। ਇੰਗਲੈਂਡ ਦੇ ਬੱਲੇਬਾਜ਼ਾਂ ਨੇ ਖ਼ਰਾਬ ਸ਼ਾਟ ਵੀ ਖੇਡੇ ਸਨ। ਕਪਤਾਨ ਇਯੋਨ ਮੌਰਗਨ ਨੇ ਯੁਜ਼ਵੇਂਦਰ ਚਾਹਲ ਖ਼ਿਲਾਫ਼ ਖ਼ਰਾਬ ਸ਼ਾਟ ਖੇਡਿਆ। ਜੋਏ ਰੂਟ ਲਗਾਤਾਰ ਖ਼ਰਾਬ ਫ਼ਾਰਮ ਵਿੱਚ ਚੱਲ ਰਿਹਾ ਹੈ। ਉਹ ਤਿੰਨ ਪਾਰੀਆਂ ਵਿੱਚ ਤੀਜੀ ਵਾਰ ਕੁਲਦੀਪ ਦੀ ਗੇਂਦਬਾਜ਼ੀ ਸ਼ਿਕਾਰ ਹੋਇਆ। ਅਜਿਹੇ ਵਿੱਚ ਜੋਸ ਬਟਲਰ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਉਪਰ ਭੇਜਿਆ ਸਕਦਾ ਹੈ। ਉਸ ਨੇ ਛੇਵੇਂ ਨੰਬਰ ’ਤੇ ਉਤਰ ਕੇ ਨੀਮ ਸੈਂਕੜਾ ਮਾਰਿਆ ਅਤੇ ਸਪਿੰਨਰਾਂ ਦਾ ਪੂਰੀ ਤਰ੍ਹਾਂ ਸਾਹਮਣਾ ਕੀਤਾ। ਮੌਰਗਨ ਨੇ ਵੀ ਕੱਲ੍ਹ ਸੰਕੇਤ ਦਿੱਤਾ ਸੀ ਕਿ ਬਟਲਰ ਤੀਜੇ ਨੰਬਰ ’ਤੇ ਉਤਰ ਸਕਦਾ ਹੈ। ਭਾਰਤੀ ਟੀਮ ਨੇ ਜਨਵਰੀ 2016 ਦੇ ਆਸਟਰੇਲੀਆ ਦੌਰੇ ਮਗਰੋਂ ਦੁਵੱਲੀ ਇੱਕ ਰੋਜ਼ਾ ਲੜੀ ਨਹੀਂ ਗੁਆਈ।  

 

 

fbbg-image

Latest News
Magazine Archive