ਫ਼ੌਜ ਵਿੱਚ ਵੀ ਹੁੰਦਾ ਹੈ ਡੋਪ ਟੈਸਟ: ਕੈਪਟਨ


ਹੁਸ਼ਿਆਰਪੁਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਅਤੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਨ ਬਾਰੇ ਆਪਣੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਆਖਿਆ ਕਿ ਇਹਤਿਆਤ ਵਜੋਂ ਅਜਿਹੇ ਟੈਸਟ ਫ਼ੌਜ ਵਿੱਚ ਵੀ ਕੀਤੇ ਜਾਂਦੇ ਹਨ। ਇੱਥੇ ਪੁਲੀਸ ਭਰਤੀ ਸਿਖਲਾਈ ਕੇਂਦਰ ’ਚ ਪਾਸਿੰਗ ਆਊਟ ਪਰੇਡ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਾਲਾਤ ਨੂੰ ਦੇਖਦਿਆਂ ਅਜਿਹੇ ਸਖ਼ਤ ਕਦਮ ਚੁੱਕੇ ਗਏ ਹਨ। ਉਨ੍ਹਾਂ ਮੁਤਾਬਕ ਨਸ਼ੀਲੇ ਪਦਾਰਥਾਂ ਦੀ ਘਾਟ ਅਤੇ ਕੀਮਤਾਂ ਜ਼ਿਆਦਾ ਹੋਣ ਕਰਕੇ ਨਸ਼ੇੜੀ ਬਣਾਉਟੀ ਨਸ਼ਿਆਂ ਦੀ ਵਰਤੋਂ ਕਰਨ ਲੱਗ ਪਏ ਹਨ। ਇਸ ਦੇ ਨਤੀਜੇ ਵਜੋਂ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਮਾਫੀਏ ’ਤੇ ਸੂਬਾ ਸਰਕਾਰ ਦਾ ਦਬਾਅ ਵਧਣ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਟੁੱਟ ਗਈ ਹੈ। ਉਨ੍ਹਾਂ ਦੁਹਰਾਇਆ ਕਿ ਸਿਆਸਤਦਾਨਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਡੋਪ ਟੈਸਟ ਉਨ੍ਹਾਂ ਦੀ ਅੰਤਰ-ਆਤਮਾ ’ਤੇ ਨਿਰਭਰ ਹੈ। ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਤਸਕਰੀ ਦੇ ਪਹਿਲੇ ਜੁਰਮ ਵਿੱਚ ਹੀ ਫਾਂਸੀ ਦੀ ਸਜ਼ਾ  ਦਿੱਤੇ ਜਾਣ ਦੇ ਪ੍ਰਸਤਾਵ ਦਾ ਉਦੇਸ਼ ਇਸ ਅਲਾਮਤ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਨਸ਼ਾ ਤਸਕਰਾਂ ਬਾਰੇ ਸੂਹ ਮਿਲਣ ਦੇ ਵੱਧ ਰਹੇ ਮਾਮਲੇ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਇਲਾਜ ਲਈ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਜਾਣਾ ਇਹ ਸਿੱਧ ਕਰਦਾ ਹੈ ਕਿ ਲੋਕ ਵੀ ਫਿਕਰਮੰਦ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਲੋਕਾਂ ਤੋਂ ਜ਼ੋਰਦਾਰ ਹੁੰਗਾਰਾ ਮਿਲਿਆ ਹੈ। ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮਾਮਲਾ ਅਦਾਲਤੀ ਕਾਰਵਾਈ  ਅਧੀਨ ਹੈ।
ਨਸ਼ੇ ਦਾ ਪਤਾ ਲੱਗਣ ’ਤੇ ਨਹੀਂ ਹੋਵੇਗੀ ਮੁਲਾਜ਼ਮਾਂ ਦੀ ਛਾਂਟੀ: ਕੈਪਟਨ
ਚੰਡੀਗੜ੍ਹ - ਕੈਪਟਨ ਸਰਕਾਰ ਨੇ ਡੋਪ ਟੈਸਟ ਦੇ ਮੁੱਦੇ ’ਤੇ ਮੁਲਾਜ਼ਮਾਂ ਵਿਚ ਵਧ ਰਹੇ ਵਿਰੋਧ ਦੇ ਮੱਦੇਨਜ਼ਾਰ ਐਲਾਨ ਕੀਤਾ ਹੈ ਕਿ ਡੋਪ ਟੈਸਟ ਰਾਹੀਂ ਨਸ਼ੇ ਦਾ ਪਤਾ ਲੱਗਣ ’ਤੇ ਮੁਲਾਜ਼ਮਾਂ ਨੂੰ  ਨਾ ਸਜ਼ਾ ਦਿੱਤੀ ਜਾਵੇਗੀ ਅਤੇ ਨਾ ਹੀ ਛਾਂਟੀ ਕੀਤੀ ਜਾਵੇਗੀ, ਸਗੋਂ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਤੇ ਇਲਾਜ ਕਰਵਾਇਆ ਜਾਵੇਗਾ।

 

 

fbbg-image

Latest News
Magazine Archive