ਮੁੱਖ ਮੰਤਰੀ ਵੱਲੋਂ ਸਮੀਖਿਆ ਦੇ ਦਿੱਤੇ ਹੁਕਮ ਮਹਿਜ਼ ਖਾਨਾਪੂਰਤੀ ਬਣੇ


ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਆਸਤਦਾਨਾਂ, ਡੇਰੇਦਾਰਾਂ, ਸ਼ਿਵ ਸੈਨਾ ਨਾਲ ਸਬੰਧਤ ਵਿਅਕਤੀਆਂ, ਧਾਰਮਿਕ ਆਗੂਆਂ ਅਤੇ ਅਫ਼ਸਰਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਕਾਰਾਂ ਅਤੇ ਮੁਫ਼ਤ ਤੇਲ ਦੀ ਸਹੂਲਤ ਸਬੰਧੀ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਬਣਾਈ ਸਮੀਖਿਆ ਕਮੇਟੀ ਮਹਿਜ਼ ਖਾਨਾਪੂਰਤੀ ਜਾਪ ਰਹੀ ਹੈ। ਪੰਜਾਬ ਪੁਲੀਸ ਵੱਲੋਂ ਸਿਆਸਤਦਾਨਾਂ ਅਤੇ ਡੇਰੇਦਾਰਾਂ ਸਮੇਤ ਪੁਲੀਸ ਅਫ਼ਸਰਾਂ ਨੂੰ ਨਵੀਆਂ ਗੱਡੀਆਂ ਦੇਣ ਦੀ ਤਜਵੀਜ਼ ਨੇ ਵਿੱਤੀ ਸੰਕਟ ’ਚੋਂ ਲੰਘ ਰਹੇ ਪੰਜਾਬ ਦੇ ਖ਼ਜ਼ਾਨੇ ਨੂੰ ਨਿਰਦਈ ਤਰੀਕੇ ਨਾਲ ਉਡਾਉਣ ਦਾ ਨਵਾਂ ਰੂਪ ਸਾਹਮਣੇ ਲਿਆਂਦਾ ਹੈ।
ਸੂਤਰਾਂ ਮੁਤਾਬਕ ਪੰਜਾਬ ਪੁਲੀਸ ਵੱਲੋਂ ਸੁਰੱਖਿਆ ਦੇ ਨਾਂ ’ਤੇ ਰਾਜਸੀ ਅਤੇ ਧਾਰਮਿਕ ਵਿਅਕਤੀਆਂ ਸਮੇਤ ਪੁਲੀਸ ਅਫਸਰਾਂ ਨੂੰ ਜਿਹੜੀਆਂ ਗੱਡੀਆਂ ਦਿੱਤੀਆਂ ਹੋਈਆਂ ਹਨ, ਉਨ੍ਹਾਂ ਦਾ ਸਿਰਫ਼ ਡਰਾਈਵਰਾਂ ਦੀਆਂ ਤਨਖਾਹਾਂ ਅਤੇ ਤੇਲ ਖ਼ਰਚ ਹੀ ਸਾਲਾਨਾ 12 ਕਰੋੜ ਰੁਪਏ ਦੇ ਕਰੀਬ ਹੈ। ਗੱਡੀਆਂ ਦੀ ਕੀਮਤ 50 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਸੁਰੱਖਿਆ ਵਜੋਂ ਤਾਇਨਾਤ ਪੁਲੀਸ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਖ਼ਜ਼ਾਨੇ ’ਤੇ ਬੋਝ ਤਾਂ ਸਾਲਾਨਾ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਜਾਂਦਾ ਹੈ। ਇਹ ਪੰਜਾਬ ਦੇ ਲੋਕਾਂ ਤੋਂ ਵਸੂਲੇ ਟੈਕਸਾਂ ਦੀ ਕਮਾਈ ਹੈ, ਜਿਸ ’ਤੇ ਸਿਆਸਤਦਾਨ, ਡੇਰੇਦਾਰ ਅਤੇ ਅਫ਼ਸਰ ਮੌਜਾਂ ਮਾਣ ਰਹੇ ਹਨ। ‘ਸਰਕਾਰੀ ਕਾਰ ਸੇਵਾ’ ਦਾ ਲਾਹਾ ਲੈਣ ਵਾਲੇ ਸਿਅਸਤਦਾਨਾਂ ’ਚ ਬਹੁਤੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨਾਲ ਸਬੰਧਤ ਹਨ।
ਪੰਜਾਬ ਨੇ ਅੱਸੀਵਿਆਂ ਤੋਂ 1994 ਤੱਕ ਅਤਿਵਾਦ ਦਾ ਸੇਕ ਝੱਲਿਆ ਹੈ। ਹੁਣ ਭਾਵੇਂ ਅਤਿਵਾਦ ਦੀ ਅਜਿਹੀ ਗੱਲ ਨਹੀਂ ਹੈ, ਪਰ ਸੁਰੱਖਿਆ ਦੇ ਬਹਾਨੇ ਸਿਆਸਤਾਨਾਂ, ਅਫ਼ਸਰਾਂ ਅਤੇ ਡੇਰੇਦਾਰਾਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ‘ਸਰਕਾਰੀ ਕਾਰ ਸੇਵਾ’ ਦੀ ਸਮੀਖਿਆ ਦੇ ਯਤਨ ਕੀਤੇ ਪਰ ਕਾਮਯਾਬੀ ਨਹੀਂ ਮਿਲੀ। ਮੁੱਖ ਮੰਤਰੀ ਨੇ ਆਪਣੇ ਪੱਧਰ ’ਤੇ ਸਮੀਖਿਆ ਦੇ ਹੁਕਮ ਦੇ ਦਿੱਤੇ ਪਰ ਕੋਈ ਸਮੀਖਿਆ ਨਹੀਂ ਹੋਈ, ਸਗੋਂ ਕਾਰ ਸੇਵਾ ਨੂੰ ਨਵਾਂ ਰੂਪ ਦਿੱਤਾ ਜਾਣ ਲੱਗਿਆ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜੇ ਸਿਰਫ਼ ਬਾਦਲ ਪਰਿਵਾਰ ਦੇ ਚਾਰ ਜੀਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀਆਂ ਕਾਰਾਂ ਦਾ ਹੀ ਵਿੱਤੀ ਭਾਰ ਮੰਨਿਆ ਜਾਵੇ ਤਾਂ ਸਲਾਨਾ ਦੋ ਕਰੋੜ ਰੁਪਏ ਦੇ ਕਰੀਬ ਤੇਲ ਤੇ ਡਰਾਈਵਰਾਂ ਦਾ ਖ਼ਰਚ ਬਣਦਾ ਹੈ। ਪੁਲੀਸ ਅਧਿਕਾਰੀਆਂ ਦਾ ਤਰਕ ਹੈ ਕਿ ਬਾਦਲ ਪਰਿਵਾਰ ਨੂੰ ‘ਜ਼ੈੱਡ ਪਲੱਸ’ ਸੁਰੱਖਿਆ ਹੋਣ ਕਾਰਨ ਮਹਿੰਗੀਆਂ ਕਾਰਾਂ ਅਤੇ ਬੇਹਿਸਾਬੇ ਤੇਲ ਖ਼ਰਚ ਦੀ ਸਹੂਲਤ ਸਰਕਾਰ ਦੀ ਜ਼ਿੰਮੇਵਾਰੀ ਹੈ। ਪੰਜਾਬ ਪੁਲੀਸ ਦੇ ਸੁਰੱਖਿਆ ਵਿੰਗ ਵੱਲੋਂ ਅਕਾਲੀ ਦਲ, ਕਾਂਗਰਸ, ਭਾਜਪਾ ਸਮੇਤ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਆਗੂਆਂ ਨੂੰ 240 ਸੁਰੱਖਿਆ ਕਾਰਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਲੈਂਡ ਕਰੂਜ਼ਰ ਅਤੇ ਮੌਂਟੈਰੋ ਤੋਂ ਲੈ ਕੇ ਜਿਪਸੀਆਂ ਤੱਕ ਸ਼ਾਮਲ ਹਨ। ਬਾਦਲਾਂ ਨੂੰ ਮਿਲੀਆਂ ਬੁਲੇਟ ਪਰੂਫ ਲੈਂਡ ਕਰੂਜ਼ਰ ਐਸਯੂਵੀਜ਼ ਹਨ, ਜੋ ਕਰੀਬ ਡੇਢ-ਡੇਢ ਕਰੋੜ ਰੁਪਏ ਦੀਆਂ ਹਨ। ਦੋਵਾਂ ਬਾਦਲਾਂ ਨੂੰ ਕਰੀਬ 70-70 ਲੱਖ ਦੀਆਂ ਮਿਸ਼ੂਬਿਸ਼ੀ ਕੰਪਨੀ ਦੀਆਂ ਮੌਂਟੈਰੋ ਐਸਯੂਵੀਜ਼ ਵੀ ਦਿੱਤੀਆਂ ਗਈਆਂ ਹਨ।
ਆਲ ਇੰਡੀਆ ਅਤਿਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੂੰ ਦਿੱਤੀਆਂ ਗੱਡੀਆਂ ਦੀ ਕੀਮਤ 90 ਲੱਖ ਦੇ ਕਰੀਬ ਹੈ ਤੇ ਕਰੀਬ 42 ਲੱਖ ਰੁਪਏ ਤੇਲ ਦਾ ਖ਼ਰਚਿਆ ਜਾਂਦਾ ਹੈ। ਵੱਖ-ਵੱਖ ਸ਼ਿਵ ਸੈਨਾਵਾਂ ਦੇ ਆਗੂ ਵੀ ਸਰਕਾਰੀ ਖ਼ਰਚੇ ’ਤੇ ਮੌਜਾਂ ਕਰ ਰਹੇ ਹਨ।
ਪੰਜਾਬ ਪੁਲੀਸ ਨਵੀਨੀਕਰਨ ਲਈ ਕੇਂਦਰ ਤੋਂ ਮਿਲਦੇ ਫੰਡਾਂ ਵਿੱਚੋਂ ਹਰ ਸਾਲ 20-25 ਕਰੋੜ ਰੁਪਏ ਦੇ ਵਾਹਨ ਖ਼ਰੀਦੇ ਜਾਂਦੇ ਸਨ। ਚਾਲੂ ਮਾਲੀ ਸਾਲ ਦੌਰਾਨ ਵੀ ਪੁਲੀਸ ਲਈ ਵਾਹਨ ਖ਼ਰੀਦਣ ਲਈ 22 ਕਰੋੜ ਰੁਪਏ ਖ਼ਰਚਣ ਦੀ ਤਜਵੀਜ਼ ਹੈ। ਜਾਣਕਾਰੀ ਮੁਤਾਬਕ ਥਾਣਿਆਂ ਨੂੰ ਅਲਾਟ ਗੱਡੀਆਂ ਦੀ ਹਾਲਤ ਖ਼ਸਤਾ ਹੈ ਪਰ ਵੱਡੇ ਸਾਹਿਬਾਂ ਨੂੰ ਨਵੀਆਂ ਕਾਰਾਂ ਫਟਾਫਟ ਦੇ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਇਸ ਤੋਂ ਪਹਿਲਾਂ ਅਤਿ ਸੁਰੱਖਿਆ ਘੇਰੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੱਧ ਤੋਂ ਵੱਧ ਬੁਲੇਟ ਪਰੂਫ ਅੰਬੈਸਡਰ ਕਾਰ ਹੀ ਦਿੱਤੀ ਜਾਂਦੀ ਸੀ। ਹੁਣ ਲੈਂਡ ਕਰੂਜ਼ਰ ਤੱਕ ਮਹਿੰਗੀਆਂ ਕਾਰਾਂ ਬਾਦਲਾਂ ਨੂੰ ਦਿੱਤੀਆਂ ਗਈਆਂ ਹਨ।

 

 

fbbg-image

Latest News
Magazine Archive