ਕਾਂਗਰਸ ਹੁਣ ਬਣ ਗਈ ‘ਬੇਲ ਗਾਡੀ’: ਮੋਦੀ


ਜੈਪੁਰ - ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਵਿਰੋਧੀ ਪਾਰਟੀ ਨੂੰ ਹੁਣ ‘ਬੇਲ ਗਾਡੀ’ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਬਹੁਤ ਸਾਰੇ ਆਗੂ ਜ਼ਮਾਨਤ ’ਤੇ ਚੱਲ ਰਹੇ ਹਨ।
ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ‘‘ ਬਹੁਤ ਸਾਰੇ ਆਗੂ ਜਿਨ੍ਹਾਂ ਨੂੰ ਕਾਂਗਰਸ ਦੇ ਸਿਰਕੱਢ ਆਗੂ ਕਿਹਾ ਜਾਂਦਾ ਹੈ ਤੇ ਸਾਬਕਾ ਮੰਤਰੀ ਅੱਜ ਕੱਲ੍ਹ ਜ਼ਮਾਨਤ ’ਤੇ ਹਨ। ਉਨ੍ਹਾਂ ਕਿਹਾ ‘‘ਇਹ ਬਹੁਤ ਹੀ ਅਫ਼ਸੋਸਨਾਕ ਗੱਲ ਹੈ ਕਿ ਸਿਆਸੀ ਵਿਰੋਧੀ ਫ਼ੌਜ ਦੀ ਸਮੱਰਥਾ ’ਤੇ ਕਿੰਤੂ ਕਰ ਰਹੇ ਹਨ। ਅਜਿਹਾ ਪਹਿਲਾਂ ਕਦੇ ਵੀ ਨਹੀਂ ਵਾਪਰਿਆ ਤੇ ਲੋਕ ਇਸ ਤਰ੍ਹਾਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਮੁਆਫ਼ ਨਹੀਂ ਕਰਨਗੇ।’’ ਇਸ ਰੈਲੀ ਮੌਕੇ ਕੇਂਦਰ ਤੇ ਰਾਜਸਥਾਨ ਸਰਕਾਰ ਦੀਆਂ ਵੱਖ - ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਸੱਦਿਆ ਗਿਆ ਸੀ। ਸ੍ਰੀ ਮੋਦੀ ਨੇ ਰਾਜ ਦੇ ਵੱਖ ਵੱਖ ਜ਼ਿਲਿਆਂ ਵਿੱਚ 13 ਪ੍ਰਾਜੈਕਟਾਂ ਦੇ ਰਿਮੋਟ ਕੰਟਰੋਲ ਰਾਹੀਂ ਨੀਂਹ ਪੱਥਰ ਵੀ ਰੱਖੇ ਤੇ ਵੱਖ ਵੱਖ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ। ਰਾਜਸਥਾਨ ਵਿੱਚ ਇਸ ਸਾਲ ਦੇ ਅਖੀਰ ਵਿੱਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ।  ਉਨ੍ਹਾਂ ਕਿਹਾ ‘‘ ਦੇਸ਼ ਅੱਜ ਨਿਰਣਾਇਕ ਮੋੜ ’ਤੇ ਖੜ੍ਹਾ ਹੈ। ਅਸੀਂ ਇਕ ਨਵੀਂ ਦਿਸ਼ਾ ਵੱਲ ਵਧਣਾ ਸ਼ੁਰੂ ਕੀਤਾ ਹੈ ਤੇ ਮੇਰਾ ਖਿਆਲ ਹੈ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਕਾਮਯਾਬ ਰਹੇਗੀ।’’ ਉਨ੍ਹਾਂ ਕਿਸੇ ਦਾ ਨਾਂ ਲਏ ਬਗੈਰ ਆਖਿਆ ‘‘ ਜਦੋਂ ਮੋਦੀ ਜਾਂ ਵਸੁੰਧਰਾ ਰਾਜੇ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਬੁਖ਼ਾਰ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਨਫ਼ਰਤ ਕਰਦੇ ਹਨ।’’ ਇਸ ਮੌਕੇ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਭਾਜਪਾ ਦੇ ਭ੍ਰਿਸ਼ਟ ਆਗੂਆਂ ਨੂੰ ਜੇਲ੍ਹਾਂ ’ਚ ਸੁੱਟਾਂਗੇ: ਕਾਂਗਰਸ
ਨਵੀਂ ਦਿੱਲੀ - ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਾਜਪਾ ਦੇ ਭ੍ਰਿਸ਼ਟ ਆਗੂਆਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ ਤੇ ਕਿਹਾ ਕਿ ਪਾਰਟੀ ਦੇ ਸੱਤਾ ਵਿੱਚ ਆਉਣ ’ਤੇ ਅਜਿਹੇ ਭ੍ਰਿਸ਼ਟ ਆਗੂਆਂ ਨੂੰ ਫੜ ਕੇ ਜੇਲ੍ਹ ’ਚ ਸੁੱਟਿਆ ਜਾਵੇਗਾ। ਕਾਂਗਰਸ ਤਰਜਮਾਨ ਆਰਪੀਐਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਵੱਲੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਗਿਆ ਸੀ ਪਰ ਪ੍ਰਧਾਨ ਮੰਤਰੀ ਨੇ ਹਮੇਸ਼ਾਂ ਚੁੱਪ ਵੱਟੀਂ ਰੱਖੀ ਹੈ। ਉਨ੍ਹਾਂ ਕਿਹਾ ‘‘ ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ 20 ਲੱਖ ਕਰੋੜ ਰੁਪਏ ਦਾ ਜੀਐਸਪੀਸੀ ਸਕੈਂਡਲ ਹੋਇਆ ਸੀ। ਜਿਸ ਦਿਨ ਸਾਡੀ ਸਰਕਾਰ ਬਣੀ, ਅਸੀਂ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰਵਾਵਾਂਗੇ ਤੇ ਇਨ੍ਹਾਂ ਲੋਕਾਂ ਨੂੰ ਜ਼ਮਾਨਤ ਵੀ ਨਹੀਂ ਮਿਲਣੀ।’’  

 

 

fbbg-image

Latest News
Magazine Archive