ਆਸ਼ਾ ਕੁਮਾਰੀ ਤੇ ਜਾਖੜ ਦੀ ਹਾਜ਼ਰੀ ਵਿੱਚ ਭਿੜੇ ਕਾਂਗਰਸੀ


ਮਾਨਸਾ/ਬੁਢਲਾਡਾ - ਕਾਂਗਰਸੀ ਵਰਕਰਾਂ ਦੇ ਗ਼ਿਲੇ-ਸ਼ਿਕਵੇ ਸੁਣਨ ਲਈ ਇਲਾਕੇ ਵਿੱਚ ਰੱਖੀ ਗਈ ਬੈਠਕ ਮੌਕੇ ਪ੍ਰਦੇਸ਼ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਦੀ ਹਾਜ਼ਰੀ ਵਿੱਚ ਇੱਕ ਕਾਂਗਰਸੀ ਆਗੂ ਦੀ ਇਕ ਹੋਰ ਮਹਿਲਾ ਆਗੂ ਨਾਲ ਝੜਪ ਹੋ ਗਈ। ਇਸ ਦੌਰਾਨ ਆਗੂ ਦੀ ਪੱਗ ਵੀ ਲੱਥ ਗਈ। ਇਸ ਵਰਤਾਰੇ ਤੋਂ ਬਾਅਦ ਪਾਰਟੀ ਦੇ ਹੋਰ ਸਥਾਨਕ ਆਗੂ ਮਿਹਣੋਂ-ਮਿਹਣੀ ਹੋ ਗਏ। ਪਾਰਟੀ ਆਗੂ ਮਾਨਸਾ ਤੋਂ ਇਲਾਵਾ ਬਰੇਟਾ, ਬੁਢਲਾਡਾ ਅਤੇ ਭੀਖੀ ਵਿੱਚ ਵੀ ਵਰਕਰਾਂ ਦੀਆਂ ਸ਼ਿਕਾਇਤਾਂ ਸੁਣਨ ਪੁੱਜੇ ਪਰ ਸਥਾਨਕ ਪਾਰਟੀ ਵਰਕਰ ਅਤੇ ਆਗੂ ਉੱਥੇ ਵੀ ਭਿੜਨ ਦੇ ਰੌਂਅ ਵਿੱਚ ਹੀ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪਾਰਟੀ ਵਰਕਰਾਂ ਨੂੰ ਧੜੇਬੰਦੀ ਛੱਡ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕਰਦੇ ਰਹੇ। ਕਾਂਗਰਸ ਦੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਵੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਤਿਆਰੀਆਂ ਵਿੱਢਣ ਲਈ ਪ੍ਰੇਰਦਿਆਂ ਵਖ਼ਰੇਵੇਂ ਤਿਆਗਣ ਦੀ ਸਲਾਹ ਦਿੰਦੇ ਰਹੇ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਹਰੀਸ਼ ਚੌਧਰੀ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਵੀ ਹਾਜ਼ਰ ਸਨ। ਵਰਕਰਾਂ ਨੇ ਇਸ ਮੌਕੇ ਕਿਹਾ ਕਿ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦਾ ਕੋਈ ਨੁਮਾਇੰਦਾ ਨਾ ਹੋਣ ਕਾਰਨ ਅਫ਼ਸਰਸ਼ਾਹੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਇਸ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੇ ਬਿਨਾਂ ਦੱਸੇ ਜਦੋਂ ਮੀਟਿੰਗ ਦਾ ਸਥਾਨ ਬਦਲਣ ਦਾ ਗ਼ਿਲਾ ਕੀਤਾ ਤਾਂ ਮੁੱਖ ਮੰਤਰੀ ਦੇ ਓਐੱਸਡੀ ਕੈਪਟਨ ਸੰਦੀਪ ਸੰਧੂ ਦੀ ਹਾਜ਼ਰੀ ਵਿੱਚ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਹਲਕੇ ਤੋਂ ਬਾਹਰਲੇ ਲੋਕ ਆ ਕੇ ਉਨ੍ਹਾਂ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਕਰਦੇ ਹਨ। ਵਰਕਰਾਂ ਨੂੰ ਆਗੂਆਂ ਨੇ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿਵਾਇਆ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਇਸ ਮੌਕੇ ਸ੍ਰੀ ਮੋਫ਼ਰ ਉੱਤੇ ਵੀ ਉਨ੍ਹਾਂ ਉੱਤੇ ਸਿਆਸੀ ਦਬਾਅ ਬਣਾਉਣ ਦੇ ਦੋਸ਼ ਲਾਏ ਜਦਕਿ ਬਿਕਰਮਜੀਤ ਮੋਫ਼ਰ ਨੇ ਦੋਸ਼ਾਂ ਦਾ ਖੰਡਨ ਕੀਤਾ।

 

 

fbbg-image

Latest News
Magazine Archive