ਸਿਆਸਤਦਾਨਾਂ ਦੀ ਜਾਗੀ ਜ਼ਮੀਰ


ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇ ਸੂਬੇ ਦੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ‘ਡੋਪ (ਨਸ਼ਾਖ਼ੋਰੀ ਦਾ) ਟੈਸਟ’  ਲਾਜ਼ਮੀ ਕਰਨ ਤੋਂ ਬਾਅਦ ਅੱਜ ਸੂਬੇ ਦੇ ਤਿੰਨ ਵਿਧਾਇਕ ਆਪੋ-ਆਪਣੇ ਡੋਪ ਟੈਸਟ ਕਰਾਉਣ ਹਸਪਤਾਲਾਂ ਵਿੱਚ ਪੁੱਜੇ, ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹਨ। ਮੁਹਾਲੀ ਦੇ ਸਿਵਲ ਹਸਪਤਾਲ ਪੁੱਜੇ ਸ੍ਰੀ ਬਾਜਵਾ ਦੇ ਬਿਮਾਰ ਤੇ ਦਵਾਈਆਂ ਖਾਂਦੇ ਹੋਣ ਕਾਰਨ ਟੈਸਟ ਨਾ ਹੋ ਸਕਿਆ, ਪਰ ਮੁਹਾਲੀ ਹਸਪਤਾਲ ਵਿੱਚ ਹੀ ‘ਆਪ’ ਦੇ ਸੁਨਾਮ  ਤੋਂ ਵਿਧਾਇਕ ਅਮਨ ਅਰੋੜਾ ਨੇ ਟੈਸਟ ਕਰਵਾਇਆ। ਪਠਾਨਕੋਟ ਜ਼ਿਲ੍ਹੇ ਦੇ ਭੋਆ ਹਲਕੇ ਦੇ ਕਾਂਗਰਸੀ ਵਿਧਾਇਕ ਜੁਗਿੰਦਰ ਪਾਲ ਨੇ ਵੀ ਆਪਣਾ ਡੋਪ ਟੈਸਟ ਕਰਵਾਇਆ।
ਐਸ.ਏ.ਐਸ. ਨਗਰ (ਮੁਹਾਲੀ) - ‘ਆਪ’ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪਹਿਲਕਦਮੀ ਕਰਦਿਆਂ ਇੱਥੋਂ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਇਆ। ਸ੍ਰੀ ਅਰੋੜਾ ਸਵੇਰੇ ਹੀ ਹਸਪਤਾਲ ਪਹੁੰਚ ਗਏ ਅਤੇ ਟੈਸਟ ਲਈ ਆਪਣੇ ਖੂਨ ਦੇ ਨਮੂਨੇ ਦਿੱਤੇ। ਇਸੇ ਦੌਰਾਨ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਡੋਪ ਟੈਸਟ ਕਰਵਾਉਣ ਹਸਪਤਾਲ ਪਹੁੰਚੇ ਪਰ ਬਿਮਾਰ ਹੋਣ ਕਾਰਨ ਉਨ੍ਹਾਂ ਦੇ ਨਮੂਨੇ ਨਹੀਂ ਲਏ ਗਏ। ਮੰਤਰੀ ਨੂੰ ਟੈਸਟ ਲਈ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ।
ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ‘ਆਪ’ ਦੇ ਸ੍ਰੀ ਅਰੋੜਾ ਦੇ ਡੋਪ ਟੈਸਟ ਲਈ ਖੂਨ ਦੇ ਨਮੂਨੇ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਮੰਤਰੀ ਸ੍ਰੀ ਬਾਜਵਾ ਬਿਮਾਰੀ ਕਾਰਨ ਲਗਾਤਾਰ ਦਵਾਈ ਖਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਟੈਸਟ ਨਹੀਂ ਹੋ ਸਕਿਆ। ਜੇ ਨਮੂਨੇ ਲੈ ਵੀ ਲੈਂਦੇ ਤਾਂ ਵੀ ਦਵਾਈ ਦੇ ਅਸਰ ਕਾਰਨ ਰਿਪੋਰਟ ਤਸੱਲੀਬਖ਼ਸ਼ ਨਹੀਂ ਸੀ ਆਉਣੀ।
ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਅਰੋੜਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਹਰ ਸਹੀ ਕਦਮ ਦਾ ‘ਆਪ’ ਸਾਥ ਦੇਵੇਗੀ, ਪਰ ਚੰਗਾ ਹੁੰਦਾ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਡੋਪ ਟੈਸਟ’ ਦੀ ਸ਼ੁਰੂਆਤ ਆਪਣੇ ਤੋਂ ਕਰਦੇ ਅਤੇ ਆਪਣੇ ਕੈਬਨਿਟ ਸਾਥੀਆਂ ਤੇ ਕਾਂਗਰਸੀ ਵਿਧਾਇਕਾਂ ਦੇ ਟੈਸਟ ਕਰਾਉਂਦੇ। ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਰਮਨਾਕ  ਗੱਲ ਹੈ ਕਿ ਅੱਜ ਸੂਬੇ ਦੀ ਅਫ਼ਸਰਸ਼ਾਹੀ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ‘ਡੋਪ ਟੈਸਟ’ ਵਰਗੀਆਂ ਨੈਤਿਕ ਚੁਣੌਤੀਆਂ ’ਚੋਂ ਲੰਘਣਾ ਪੈ ਰਿਹਾ ਹੈ। ਸਿਆਸੀ ਆਗੂਆਂ ਤੇ ਪੁਲੀਸ ਅਧਿਕਾਰੀਆਂ ਆਦਿ ਦੇ ਇਕ ਹਿੱਸੇ ਦੀ ਡਰੱਗ ਮਾਫ਼ੀਆ ਨਾਲ ਮਿਲੀਭੁਗਤ ਕਾਰਨ ਨਸ਼ਾਖ਼ੋਰੀ ਕਰ ਕੇ ਨੌਜਵਾਨ ਅਜਾਈਂ ਮੌਤ ਮਰ ਰਹੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਨ ਤੋਂ ਬਾਅਦ ਵਾਅਦੇ ਮੁਤਾਬਕ ਨਸ਼ਿਆਂ ਦੇ ਖ਼ਾਤਮੇ ਲਈ ਕੋਈ ਕਦਮ ਨਹੀਂ ਚੁੱਕਿਆ। ਹੁਣ ਵੱਡੀ ਗਿਣਤੀ ਨੌਜਵਾਨਾਂ ਦੀਆਂ ਜਾਨਾਂ ਜਾਣ ਪਿੱਛੋਂ ਸਰਕਾਰ ਦੀ ਨੀਂਦ ਖੁੱਲ੍ਹੀ ਹੈ।
ਐਸ.ਏ.ਐਸ.ਨਗਰ (ਮੁਹਾਲੀ) - ਪੰਚਾਇਤ ਮੰਤਰੀ ਸ੍ਰੀ ਬਾਜਵਾ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਗਿਆਰਾਂ ਕੁ ਵਜੇ ਅਚਨਚੇਤੀ ਸਿਵਲ ਹਸਪਤਾਲ ਪਹੁੰਚ ਗਏ, ਜਿਸ ਕਾਰਨ ਹਸਪਤਾਲ ਦੇ ਅਮਲੇ ਵਿੱਚ ਭੱਜ-ਦੌੜ ਮੱਚ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਖੁਦ ਪੁਲੀਸ ਫੋਰਸ ਲਈ ਡੋਪ ਟੈਸਟ ਦੀ ਮੰਗ ਕੀਤੀ ਸੀ, ਜਿਸ ਕਾਰਨ ਇਖ਼ਲਾਕੀ ਜ਼ਿੰਮੇਵਾਰੀ ਸਮਝਦਿਆਂ ਉਹ ਆਪਣਾ ਟੈਸਟ ਕਰਾਉਣ ਪੁੱਜੇ ਹਨ। ‘ਆਪ’ ਆਗੂ ਅਮਨ ਅਰੋੜਾ ਵੱਲੋਂ ਮੁੱਖ ਮੰਤਰੀ ਦੇ ਡੋਪ ਟੈਸਟ ਦੀ ਮੰਗ ਉੱਤੇ ਉਨ੍ਹਾਂ ਕਿਹਾ ਕਿ ਸ੍ਰੀ ਅਰੋੜਾ ਪਹਿਲਾਂ ਆਪਣੀ ਪਾਰਟੀ ਦੇ ਸੁਖਪਾਲ ਖਹਿਰਾ ਦਾ ਡੋਪ ਟੈਸਟ ਕਰਾਉਣ। ਅਕਾਲੀਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਕਾਰਨ ਡੋਪ ਟੈਸਟ ਕਰਾਉਣ ਨਹੀਂ ਆਉਂਦੇ, ਕਿਉਂਕਿ ਨਸ਼ਿਆਂ ਦੀ ਇਸ ਬਿਮਾਰੀ ਲਈ ਉਹ ਖੁਦ ਜ਼ਿੰਮੇਵਾਰ ਹਨ।
 ਪਠਾਨਕੋਟ - ਭੋਆ ਹਲਕੇ ਦੇ ਵਿਧਾਇਕ ਜੁਗਿੰਦਰ ਪਾਲ ਨੇ ਅੱਜ ਅਨੋਖੀ ਪਹਿਲ ਕਰਦਿਆਂ ਆਪਣਾ ਡੋਪ ਟੈਸਟ ਕਰਵਾ ਕੇ ਸਿਆਸੀ ਮਿਸਾਲ ਕਾਇਮ ਕੀਤੀ ਹੈ। ਵਿਧਾਇਕ ਨੇ ਅੱਜ ਇਥੇ ਸਿਵਲ ਹਸਪਤਾਲ ਵਿੱਚ ਆ ਕੇ ਡੋਪ ਟੈਸਟ ਕਰਵਾਇਆ ਅਤੇ ਹਸਪਤਾਲ ਪ੍ਰਬੰਧਨ ਐਸਐਮਓ ਡਾ. ਭੁਪਿੰਦਰ ਸਿੰਘ ਤੋਂ ਕਲੀਨ ਚਿੱਟ ਦਾ ਸਰਟੀਫਿਕੇਟ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਅਤੇ ਤਰੱਕੀ ਵਿੱਚ ਡੋਪ ਟੈਸਟ ਜ਼ਰੂਰੀ ਕਰਕੇ ਇਕ ਤਰ੍ਹਾਂ ਨਸ਼ਿਆਂ ਖ਼ਿਲਾਫ਼ ‘ਦੂਜੀ ਸਰਜੀਕਲ ਸਟਰਾਈਕ’ ਵਰਗਾ ਕੰਮ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿਹਾ ਫੈਸਲਾ ਕੇਂਦਰ ਸਰਕਾਰ ਨੂੰ ਵੀ ਲੈਣਾ ਚਾਹੀਂਦਾ ਹੈ।
ਉਨ੍ਹਾਂ ਕਿਹਾ ਕਿ ਉਂਜ ਸਿੰਥੈਟਿਕ ਨਸ਼ਿਆਂ ਖ਼ਾਸਕਰ ਚਿੱਟੇ ਦੀ ਸਥਲੀ ਨਗਰ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਅਧੀਨ ਆਉਂਦੇ ਪਿੰਡ ਭਦਰੋਆ ਅਤੇ ਛੰਨੀ ਬੇਲੀ ਹਨ ਤੇ ਇਸ ਮਾਮਲੇ ਵਿੱਚ ਦੋਵੇਂ ਸੂਬਿਆਂ ਨੂੰ ਸਾਂਝੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਅਸਲਾ ਲਾਈਸੈਂਸ ਦਿੰਦੇ ਸਮੇਂ ਉਸ ਦਾ ਵੀ ਡੋਪ ਟੈਸਟ ਕਰਨਾ ਚਾਹੀਦਾ ਹੈ। ਇਸ ਮੌਕੇ ਬੌਬੀ ਸੈਣੀ, ਗੋਲਡੀ ਸਰਨਾ, ਰਾਜ ਕੁਮਾਰ ਸਿਹੋੜਾ, ਜੁਗਰਾਜ ਸਿੰਘ, ਮਨੀਸ਼ ਖਜੂਰੀਆ ਆਦਿ ਵੀ ਹਾਜ਼ਰ ਸਨ।
ਜਲ ਬੱਸ ਬਾਰੇ ਫ਼ੈਸਲਾ ਸਹੀ: ਅਰੋੜਾ
ਮੁਹਾਲੀ - ‘ਆਪ’ ਵਿਧਾਇਕ ਅਮਨ ਅਰੋੜਾ ਨੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕਰਵਾਈ ‘ਜਲ ਬੱਸ’ ਨੂੰ ਘਾਟੇ ਦਾ ਸੌਦਾ ਦੱਸ ਕੇ ਨਿਲਾਮ ਕਰਨ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਫੈਸਲੇ ਨੂੰ ਦਰੁਸਤ ਦੱਸਦਿਆਂ ਕਿਹਾ ਕਿ ਉਹ ਲਗਾਤਾਰ ਆਖ ਰਹੇ ਹਨ ਕਿ ‘ਜਲ ਬੱਸ’ ਦਾ ਪ੍ਰਾਜੈਕਟ ਜੂਨੀਅਰ ਬਾਦਲ ਦੇ ਮੂੰਹੋਂ ਨਿਕਲੇ ‘ਜੁਮਲੇ’ ਦੀ ਜ਼ਿੱਦ ਪੁਗਾਉਣ ਲਈ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਪ੍ਰਾਜੈਕਟ ਲਈ ਸਰਕਾਰੀ ਖਜ਼ਾਨੇ ਦੇ ਨੁਕਸਾਨ ਦੀ ਪੂਰਤੀ ਬਾਦਲ ਪਰਿਵਾਰ ਤੋਂ ਕੀਤੀ ਜਾਵੇ।
ਡਾਕਟਰ ਦੀ ਪਰਚੀ ਤੋਂ ਬਿਨਾਂ ਸਰਿੰਜਾਂ ਵੇਚਣ ਉੱਤੇ ਪਾਬੰਦੀ
ਚੰਡੀਗੜ੍ਹ - ਪੰਜਾਬ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਧੜਾਧੜ ਮੌਤਾਂ ਤੋਂ ਬਾਅਦ ਡਾਕਟਰ ਦੀ ਸਿਫਾਰਸ਼ ਤੋਂ ਬਿਨਾਂ ਸਰਿੰਜਾਂ ਵੇਚਣ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਪਿਛਲੇ ਦਿਨਾਂ ਵਿੱੱਚ ਪੰਜਾਬ ਵਿੱਚ 30 ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਆਪਣੀ ਜਾਨ ਤੋਂ ਹੱਥ ਧੋਅ ਬੈਠੇ ਹਨ ਤੇ ਪੰਜਾਬ ਸਰਕਾਰ ਨੇ ਨਸ਼ਾਖੋਰੀ ਰੋਕਣ ਲਈ ਅਤੇ ਤਸਕਰਾਂ ਵਿਰੁੱਧ ਸਖਤ ਕਾਰਵਾਈ ਆਰੰਭੀ ਹੋਈ ਹੈ।   
ਡੋਪ ਟੈਸਟ ਲਈ ਤਿਆਰ ਹਾਂ: ਕੈਪਟਨ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਡੋਪ ਟੈਸਟ ਦੀ ਉਠ ਰਹੀ ਮੰਗ ਦੇ ਮੱਦੇਨਜ਼ਰ ਕਿਹਾ ਕਿ ਉਹ ਆਪਣਾ ਡੋਪ ਟੈਸਟ ਕਰਾਉਣ ਲਈ ਤਿਆਰ ਹਨ, ਪਰ ਉਹ ਹੋਰਨਾਂ ਚੁਣੇ ਹੋਏ ਨੁਮਾਇੰਦਿਆਂ ’ਤੇ ਇਸ ਲਈ ਜ਼ੋਰ ਨਹੀਂ ਦੇਣਗੇ ਤੇ ਇਹ ਉਨ੍ਹਾਂ ਦੀ ਮਰਜ਼ੀ ’ਤੇ ਨਿਰਭਰ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਕੁਝ ਸਾਥੀ ਮੰਤਰੀਆਂ ਸਮੇਤ ਕੁਝ ਸਿਆਸਤਦਾਨ ਪਹਿਲਾਂ ਹੀ ਆਪਣੇ ਤੌਰ ’ਤੇ ਡੋਪ ਟੈਸਟ ਕਰਾਉਣ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ। ਇਕ ਬਿਆਨ ਵਿੱਚ ਉਨ੍ਹਾਂ ਕਿਹਾ, ‘‘ਮੈਨੂੰ ਡੋਪ ਟੈਸਟ ਕਰਾਉਣ ’ਚ ਕੋਈ ਸਮੱਸਿਆ ਨਹੀਂ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ’ਚ ਬੇਲੋੜੀ ਸਿਆਸਤ ਨਹੀਂ ਹੋਣੀ ਚਾਹੀਦੀ।      
ਇੰਸਪੈਕਟਰ ਨੂੰ ਕੀਤਾ ਜਬਰੀ ਸੇਵਾਮੁਕਤ
ਗੁਰਦਾਸਪੁਰ - ਨਸ਼ਾ ਤਸਕਰ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਵਿੱਚ ਤਾਇਨਾਤ ਰਹੇ ਐੱਸਐੱਚਓ ਇੰਸਪੈਕਟਰ ਰਾਜਿੰਦਰ ਕੁਮਾਰ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਗਿਆ ਹੈ ਜਦੋਂਕਿ ਉਸਦੇ ਸੁਰੱਖਿਆ ਗਾਰਡ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਇਸ ਮਾਮਲੇ ਵਿੱਚ ਅੱਜ ਪ੍ਰੈੱਸ ਕਾਨਫਰੰਸ ਸੱਦ ਕੇ ਜਾਣਾਕਾਰੀ ਦਿੱਤੀ ਕਿ ਇੰਸਪੈਕਟਰ ਰਾਜਿੰਦਰ ਕੁਮਾਰ ਅਤੇ ਹੈੱਡ-ਕਾਂਸਟੇਬਲ ਜਤਿੰਦਰ ਸਿੰਘ ਆਦਿੱਤਿਆ ਮਹਾਜਨ ਉਰਫ਼ ਜੀਤਾ ਨਾਂ ਦੇ ਤਸਕਰ ਦੀ ਸਹਾਇਤਾ ਕਰਦੇ ਹਨ, ਜਿਸ ਕਾਰਨ ਇੰਸਪੈਕਟਰ ਨੂੰ ਲਾਈਨ ਹਾਜ਼ਰ ਕਰਕੇ ਐੱਸਪੀ ਹਰਵਿੰਦਰ ਸਿੰਘ ਅਤੇ ਡੀਐੱਸਪੀ ਗੁਰਬੰਸ ਸਿੰਘ ਬੈਂਸ ਅਤੇ ਡੀਐੱਸਪੀ ਮਨਜੀਤ ਸਿੰਘ ਉੱਤੇ ਆਧਾਰਤ ਟੀਮ ਦਾ ਗਠਨ ਕਰਕੇ ਜਾਂਚ ਸੌਂਪ ਦਿੱਤੀ ਗਈ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਧਾਰੀਵਾਲ ਪੁਲੀਸ ਨੇ ਨਸ਼ੇ ਦੇ ਕੇਸ ਵਿੱਚ ਧਾਰੀਵਾਲ ਵਾਸੀ ਅਦਿੱਤਿਆ ਮਹਾਜਨ ਉਰਫ਼ ਜੀਤਾ ਨੂੰ ਫੜਿਆ ਸੀ, ਉਸਨੂੰ ਪੁਲੀਸ ਮੁਲਾਜ਼ਮ ਚੰਗੀ ਤਰ੍ਹਾਂ ਜਾਣਦੇ ਸਨ।  ਜੀਤੇ ਦੇ ਨਸ਼ਾ ਵੇਚਣ ਬਾਰੇ ਪਤਾ ਹੋਣ ਦੇ ਬਾਵਜੂਦ ਉਸਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਅਦਿੱਤਿਆ ਮਹਾਜਨ ਉਰਫ਼ ਜੀਤਾ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆ ਕੇ ਬਰੀਕੀ ਨਾਲ ਪੁੱਛਗਿੱਛ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਕਾਰਵਾਈ ਲਈ ਆਈਜੀ ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਭੇਜੀ ਗਈ ਸੀ, ਜਿਸ ’ਤੇ ਆਈਜੀ ਬਾਰਡਰ ਰੇਂਜ ਵੱਲੋਂ ਇੰਸਪੈਕਟਰ ਰਾਜਿੰਦਰ ਕੁਮਾਰ ਨੂੰ ਜਬਰੀ ਸੇਵਾਮੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੈੱਡ ਕਾਂਸਟੇਬਲ ਜਤਿੰਦਰ ਸਿੰÎਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇੰਸਪੈਕਟਰ ਰਾਜਿੰਦਰ ਕੁਮਾਰ ਦੀ ਕੁੱਝ ਮਹੀਨੇ ਹੀ ਹੋਰ ਨੌਕਰੀ ਰਹਿ ਗਈ ਸੀ।
ਗੌਰਤਲਬ ਹੈ ਕਿ ਹੈਰੀ ਮਜੀਠਾ ਨਾਂ ਦੇ ਗੈਂਗਸਟਰ ਨੇ ਬੀਤੇ ਦਿਨੀਂ ਫੇਸਬੁੱਕ ਉੱਤੇ ਇੱਕ ਪੋਸਟ ਪਾ ਕੇ ਦੋਵਾਂ ਪੁਲੀਸ ਮੁਲਾਜ਼ਮਾਂ ਖਿਲਾਫ਼ ਨਸ਼ਾ ਤਸਕਰੀ ਦੇ ਗੰਭੀਰ ਦੋਸ਼ ਲਗਾਏ ਸਨ। ਉਸਨੇ ਆਪਣੀ ਪੋਸਟ ਉੱਤੇ ਲਿਖਿਆ ਸੀ ਕਿ ਐੱਸਐੱਚਓ ਰਾਜਿੰਦਰ ਕੁਮਾਰ ਅਤੇ ਗੰਨਮੈਨ ਜਤਿੰਦਰ ਸਿੰਘ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਇਹ ਨਸ਼ਾ ਧਾਰੀਵਾਲ ਵਾਸੀ ਨੌਜਵਾਨ ਜੀਤਾ ਵੇਚਦਾ ਹੈ। ਐੱਸਐੱਸਪੀ  ਹਰਚਰਨ ਸਿੰਘ ਭੁੱਲਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ।

 

 

fbbg-image

Latest News
Magazine Archive