‘ਵੰਡਰ ਬੁਆਏ’ ਮਬਾਪੇ ਨੂੰ ਰੋਕਣਾ ਯੁਰੂਗੁਏ ਲਈ ਵੱਡੀ ਚੁਣੌਤੀ


ਨਿਜਨੀ ਨੋਵਗੋਰੋਦ - ਫਰਾਂਸ ਤੇ ਯੁਰੂਗੁਏ ਵਿਚਾਲੇ ਭਲਕੇ ਹੋਣ ਵਾਲੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸਾਰਿਆਂ ਦੀਆਂ ਨਜ਼ਰਾਂ ਫ਼ਰਾਂਸ ਦੀ ਗੋਲ ਮਸ਼ੀਨ ਕਾਇਲਿਆਨ ਮਬਾਪੇ ’ਤੇ ਹੋਣਗੀਆਂ, ਜਿਸ ਨੂੰ ਰੋਕਣਾ ਯੁਰੂਗੁਏ ਦੇ ਸਮਰੱਥ ਡਿਫੈਂਸ ਲਈ ਵੱਡੀ ਚੁਣੌਤੀ ਹੋਵੇਗਾ। ਯੁਰੂਗੁਏ ਹਾਲਾਂਕਿ ਹੁਣ ਤਕ ਹਰ ਮੈਚ ਵਿੱਚ ਆਪਣੇ ਮਜ਼ਬੂਤ ਡਿਫੈਂਸ ਦੇ ਦਮ ’ਤੇ ਜਿੱਤਦਾ ਆਇਆ ਹੈ। ਦੂਜੇ ਪਾਸੇ 19 ਸਾਲਾ ਮਬਾਪੇ ਹਰ ਡਿਫੈਂਸ ਨੂੰ ਸੰਨ੍ਹ ਲਾਉਣ ਦੀ ਕਲਾ ’ਚ ਮਾਹਿਰ ਨਜ਼ਰ ਆ ਰਿਹਾ ਹੈ। ਫਿਟਨੈੱਸ ਦੀ ਸਮੱਸਿਆ ਨਾਲ ਜੂਝ ਰਿਹਾ ਯੁਰੂਗੁਏ ਦਾ ਸਟਰਾਈਕਰ ਅਡਿੰਸਨ ਕਾਵਾਨੀ ਤੇ ਮਬਾਪੇ ਪੀਐਸਜੀ ਲਈ ਇਕੱਠਿਆਂ ਖੇਡਦੇ ਹਨ। ਇਹ ਮੁਕਾਬਲਾ ਯੁਰੂਗੁਏ ਦੇ ਡਿਫੈਂਸ ਤੇ ਮਬਾਪੇ ਦੀ ਰਫ਼ਤਾਰ ਦਾ ਮੰਨਿਆ ਜਾ ਰਿਹਾ ਹੈ।
ਕਪਤਾਨ ਡਿਏਗੋ ਗੋਡਿਨ ਦੀ ਅਗਵਾਈ ਵਿੱਚ ਜੋਸ ਜਿਮੇਨੇਜ਼, ਮਾਰਟਿਨ ਕਾਸੇਰੇਸ ਤੇ ਡਿਏਗੋ ਲਕਸਾਟ ਦੀ ਰਹਿੰਦਿਆਂ ਯੁਰੂਗੁਏ ਦਾ ਡਿਫੈਂਸ ਹੁਣ ਤਕ ਇਸ ਵਿਸ਼ਵ ਕੱਪ ਵਿੱਚ ਸਰਵੋਤਮ ਰਿਹਾ ਹੈ ਤੇ ਇਸ ਦਾ ਸਿਹਰਾ ਕਿਤੇ ਨਾ ਕਿਤੇ ਗੋਲਕੀਪਰ ਫਰਨਾਂਡੋ ਮੁਸਲੇਰਾ ਸਿਰ ਵੀ ਬੱਝਦਾ ਹੈ। ਗਰੁੱਪ ਗੇੜ ਵਿੱਚ ਉਰੂਗੁਏ ਨੇ ਅਜੇ ਤਕ ਇਕ ਵੀ ਗੋਲ ਨਹੀਂ ਖਾਧਾ। ਉਸ ਖ਼ਿਲਾਫ਼ ਇਕਮਾਤਰ ਗੋਲ ਪੁਰਤਗਾਲ ਦੇ ਪੇਪੇ ਨੇ ਪ੍ਰੀ-ਕੁਆਰਟਰ ਫਾਈਨਲ ਗੇੜ ਵਿਚ ਕੀਤਾ, ਪਰ ਇਹ ਗੋਲ ਟੀਮ ਨੂੰ ਆਖਰੀ ਅੱਠਾਂ ਦੇ ਗੇੜ ’ਚ ਦਾਖਲਾ ਨਾ ਦਿਵਾ ਸਕਿਆ। ਬ੍ਰਾਜ਼ੀਲ ਨੇ ਵੀ ਅਜੇ ਤਕ ਸਿਰਫ਼ ਇਕ ਗੋਲ ਖਾਧਾ ਹੈ ਜਦਕਿ ਫਰਾਂਸ ਦੀ ਟੀਮ ਚਾਰ ਗੋਲ ਖਾ ਚੁੱਕੀ ਹੈ। ਦੋਵਾਂ ਨੇ ਹੁਣ ਤਕ ਸੱਤ ਸੱਤ ਗੋਲ ਕੀਤੇ ਹਨ।
ਯੁਰੂਗੁਏ ਦੇ ਤਜਰਬੇਕਾਰ ਡਿਫੈਂਡਰ ਸਾਢੇ ਤਿੰਨ ਸੌ ਕੌਮਾਂਤਰੀ ਮੈਚਾਂ ਦਾ ਤਜਰਬਾ ਰੱਖਦੇ ਹਨ, ਲਿਹਾਜ਼ਾ ਮਬਾਪੇ ਲਈ ਪੈਂਡਾ ਓਨਾ ਸੌਖਾ ਨਹੀਂ ਹੋਵੇਗਾ, ਜਿੰਨਾ ਅਰਜਨਟੀਨਾ ਖ਼ਿਲਾਫ਼ ਸੀ।
ਯੁਰੂਗੁਏ ਦੇ ਕੋਚ ਆਸਕਰ ਤਬਰੇਜ਼ ਨੇ ਕਿਹਾ, ‘ਫਰਾਂਸ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦੇਣਾ ਘਾਤਕ ਸਾਬਤ ਹੋ ਸਕਦਾ ਹੈ।’ ਫਰਾਂਸ ਦੇ ਹਮਲੇ ਦੀ ਧੁਰੀ ਮਬਾਪੇ ਤੇ ਅੰਤੋਨੀਓ ਗ੍ਰੀਜ਼ਮੈਨ ਦੁਆਲੇ ਘੁੰਮੇਗੀ। ਪੈਰਿਸ ਸੇਂਟ ਜਰਮੇਨ ਦੇ ਸਟਰਾਈਕਰ ਮਬਾਪੇ ਨੇ ਅਰਜਨਟੀਨਾ ਖ਼ਿਲਾਫ਼ ਪ੍ਰੀ-ਕੁਆਰਟਰ ਫਾਈਨਲ ਵਿੱਚ ਮਿਲੀ ਜਿੱਤ ਵਿੱਚ ਦੋ ਗੋਲਾਂ ਨਾਲ ਅਹਿਮ ਯੋਗਦਾਨ ਪਾਇਆ ਸੀ। ਫਰਾਂਸ ਦੇ ਕੋਚ ਦਿਦੇਅਰ ਡੇਸਚੈਂਪਸ ਨੇ ਕਿਹਾ ਕਿ ਉਨ੍ਹਾਂ ਨੂੰ ਯੁਰੂਗੁਏ ਤੋਂ ਵੱਖਰੀ ਤਰ੍ਹਾਂ ਦੀ ਚੁਣੌਤੀ ਦਰਪੇਸ਼ ਰਹੇਗੀ।

 

Latest News
Magazine Archive