ਦਲਜੀਤ ਸਿੰਘ ਢਿੱਲੋਂ ਗ੍ਰਿਫ਼ਤਾਰ; ਚਾਰ ਰੋਜ਼ਾ ਪੁਲੀਸ ਰਿਮਾਂਡ


ਐਸਏਐਸ ਨਗਰ (ਮੁਹਾਲੀ) - ਔਰਤਾਂ ਨੂੰ ਨਸ਼ਿਆਂ ਵਿੱਚ ਧੱਕਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰਖ਼ਾਸਤ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੂੰ ਅੱਜ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਡੀਐਸਪੀ ਖ਼ਿਲਾਫ਼ ਬੀਤੇ ਦਿਨੀਂ ਥਾਣਾ ਸਟੇਟ ਕਰਾਈਮ ਵਿੱਚ ਐਨਡੀਪੀਐਸ ਅਤੇ ਹੋਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਕੈਪਟਨ ਸਰਕਾਰ ਨੇ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੀ ਡਾਇਰੈਕਟਰ ਅਨੀਤਾ ਪੁੰਜ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਤੱਥਾਂ ਦਾ ਕਾਨੂੰਨੀ ਜਾਇਜ਼ਾ ਲੈਣ ਪਿੱਛੋਂ ਬੀਤੇ ਦਿਨ ਹੀ ਭਾਰਤੀ ਸੰਵਿਧਾਨ ਦੀ ਧਾਰਾ 311(2) (ਬੀ) ਤਹਿਤ ਢਿੱਲੋਂ ਨੂੰ ਬਰਖ਼ਾਸਤ ਕਰ ਦਿੱਤਾ ਸੀ ਅਤੇ ਅੱਜ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਇਸ ਤੋਂ ਪਹਿਲਾਂ ਲੰਘੀ 28 ਜੂਨ ਨੂੰ ਡੀਐਸਪੀ ਨੂੰ ਲੁਧਿਆਣਾ ਦੀ ਇੱਕ ਲੜਕੀ ਨੂੰ ਨਸ਼ੇ ਵਿੱਚ ਧੱਕਣ ਦੇ ਦੋਸ਼ਾਂ ਕਾਰਨ ਮੁਅੱਤਲ ਕੀਤਾ ਗਿਆ ਸੀ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਲੜਕੀ ਨੂੰ ਨਸ਼ਿਆਂ ਵਿੱਚ ਧੱਕਣ ਵਾਲੇ ਪੁਲੀਸ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਸਰਕਾਰੀ ਵਕੀਲ ਅਤੇ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਦੇ ਏਆਈਜੀ ਰਾਕੇਸ਼ ਕੌਸ਼ਲ ਦੀ ਅਗਵਾਈ ਹੇਠ ਅੱਜ ਡੀਐਸਪੀ ਢਿੱਲੋਂ ਨੂੰ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਡੀਐਸਪੀ ਦੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮ ਕੋਲੋਂ ਨਸ਼ਿਆਂ ਦੇ ਮਾਮਲੇ ਵਿੱਚ ਕਾਫੀ ਕੁਝ ਬਰਾਮਦ ਕਰਨਾ ਹੈ ਅਤੇ ਮਾਮਲੇ ਦੇ ਵੱਖ ਵੱਖ ਪਹਿਲੂਆਂ ’ਤੇ ਪੁੱਛਗਿੱਛ ਕਰਨੀ ਹੈ। ਉਨ੍ਹਾਂ ਦੱਸਿਆ ਕਿ ਬਰਖ਼ਾਸਤ ਡੀਐਸਪੀ ਖ਼ਿਲਾਫ਼ ਔਰਤਾਂ ਨੂੰ ਨਸ਼ਿਆਂ ਵਿੱਚ ਧੱਕਣ ਦੇ ਗੰਭੀਰ ਦੋਸ਼ ਲੱਗੇ ਹਨ।   ਉਧਰ ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਡੀਐਸਪੀ ਢਿੱਲੋਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ। ਬਚਾਅ ਪੱਖ ਦੇ ਵਕੀਲ ਨੇ ਸਿੱਧੇ ਤੌਰ ’ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਂ ਲੈਂਦਿਆਂ ਕਿਹਾ ਕਿ ਸਾਬਕਾ ਮੰਤਰੀ ਦੀ ਡੀਐਸਪੀ ਢਿੱਲੋਂ ਨਾਲ ਲਾਗਡਾਟ ਸੀ ਅਤੇ ਉਨ੍ਹਾਂ ਖ਼ਿਲਾਫ਼ ਡੀਡੀਆਰ ਵੀ ਦਰਜ ਹਨ। ਸਾਬਕਾ ਮੰਤਰੀ ਆਪਣੀ ਪਾਰਟੀ ਦੀ ਸਰਕਾਰ ਹੋਣ ਕਾਰਨ ਆਪਣਾ ਰਸੂਖ ਵਰਤ ਕੇ ਪੁਲੀਸ ਅਫ਼ਸਰ ’ਤੇ ਝੂਠਾ ਕੇਸ ਪੁਆ ਕੇ ਉਸ ਨੂੰ ਬਦਨਾਮ ਕਰ ਰਿਹਾ ਹੈ।
ਮੇਰੇ ’ਤੇ ਦੋੋਸ਼ ਸਿਆਸਤ ਤੋਂ ਪ੍ਰੇਰਿਤ: ਦਲਜੀਤ ਢਿੱਲੋਂ
ਮੁਹਾਲੀ ਅਦਾਲਤ ਦੇ ਬਾਹਰ ਪੁਲੀਸ ਰੋਕਾਂ ਦੇ ਬਾਵਜੂਦ ਬਰਖ਼ਾਸਤ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਨਿਰਦੋਸ਼ ਹੈ। ਉਸ ਖ਼ਿਲਾਫ਼ ਲਾਏ ਸਾਰੇ ਦੋਸ਼ ਬੇਬੁਨਿਆਦ ਅਤੇ ਮਨਘੜਤ ਹਨ। ਮੀਡੀਆ ਕਰਮੀ ਡੀਐਸਪੀ ਤੋਂ ਸਵਾਲ ਪੁੱਛ ਹੀ ਰਹੇ ਸਨ ਕਿ ਪੁਲੀਸ ਕਰਮਚਾਰੀ ਉਸ ਦੀ ਖਿੱਚ ਧੂਹ ਕਰਦੇ ਹੋਏ ਉੱਥੋਂ ਲੈ ਕੇ ਚਲੇ ਗਏ।

 

Latest News
Magazine Archive