ਜਲਾਲਾਬਾਦ ਹਮਲੇ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ

ਵੱਲੋਂ ਅਫ਼ਗਾਨ ਦੂਤਘਰ ਤਕ ਰੋਸ ਮਾਰਚ


ਨਵੀਂ ਦਿੱਲੀ -ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿੱਚ ਬੀਤੇ ਦਿਨੀਂ ਸਿੱਖ ਆਗੂਆਂ ਉੱਤੇ ਹੋਏ ਆਤਮਘਾਤੀ ਹਮਲੇ ਦੇ ਵਿਰੋਧ ਵਿੱਚ ਸਿੱਖ ਸੰਗਠਨਾਂ ਵੱਲੋਂ ਅਫ਼ਗਾਨ ਦੂਤਘਰ ਤੱਕ ਰੋਸ ਮਾਰਚ ਕੱਢਿਆ ਗਿਆ ਤੇ ਅਫ਼ਗਾਨਿਸਤਾਨ ਦੇ ਰਾਜਦੂਤ ਐਚ.ਈ.ਸੈਇਦਾ ਮੁਹੰਮਦ ਅਬਦਾਲੀ ਨਾਲ ਮੁਲਾਕਾਤ ਕਰਕੇ ਸਿੱਖ ਮਨਾਂ ਵਿੱਚ ਪੈਦਾ ਹੋਏ ਦੁੱਖ ਤੇ ਗੁੱਸੇ ਤੋਂ ਜਾਣੂ ਕਰਵਾਇਆ ਗਿਆ।
ਮੁਹੰਮਦ ਅਬਦਾਲੀ ਨੇ ਸਿੱਖ ਵਫ਼ਦ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਨ ਉਪਰੰਤ ਮੰਗਾਂ ਬਾਰੇ ਅਫ਼ਗਾਨ ਸਰਕਾਰ ਨੂੰ ਜਾਣੂ ਕਰਵਾਉਣ ਦਾ ਭਰੋਸਾ ਦਿੱਤਾ। ਜਨਾਬ ਅਬਦਾਲੀ ਨੇ ਘੱਟ ਗਿਣਤੀ ਕੋਟੇ ਦੀ ਸੰਸਦੀ ਸੀਟ ਲਈ ਕਿਸੇ ਸਿੱਖ ਆਗੂ ਨੂੰ ਨਾਮਜ਼ਦ ਕਰਨ, ਅਫ਼ਗਾਨੀ ਹਿੰਦੂਆਂ ਅਤੇ ਸਿੱਖਾਂ ਨੂੰ ਸੁਰੱਖਿਆ ਦੇਣ, ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਨਾਲ ਗੱਲਬਾਤ ਕਰਨ, ਸਥਾਨਕ ਪਾਸਪੋਰਟ ਦਫ਼ਤਰਾਂ ਵਿੱਚ ਸਿੱਖਾਂ ਅਤੇ ਹਿੰਦੂਆਂ ਨੂੰ ਦੇਣੀ ਪੈਂਦੀ ਫੀਸ ਨੂੰ ਹਟਾਉਣ ਸਣੇ ਅਫ਼ਗਾਨਿਸਤਾਨ ਜਾਣ ਦੇ ਇਛੁੱਕ ਵਫਦ ਨੂੰ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਜਨਾਬ ਅਬਦਾਲੀ ਨੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਵਿੱਚ ਅਤਿਵਾਦ ਦਾ ਸ਼ਿਕਾਰ ਸਾਰੇ ਫਿਰਕੇ ਹੋ ਰਹੇ ਹਨ, ਮਰਨ ਵਾਲਿਆਂ ਵਿੱਚ ਮੁਸਲਮਾਨ ਵੀ ਸ਼ਾਮਲ ਹਨ। ਇਥੋਂ ਤੀਨ ਮੂਰਤੀ ਚੌਕ ਤੋਂ ਸ਼ੁਰੂ ਹੋਏ ਰੋਸ ਮਾਰਚ ਨੂੰ ਪੁਲੀਸ ਨੇ ਥਾਣਾ ਚਾਣਕਿਆਪੁਰੀ ਦੇ     ਬਾਹਰ ਰੋਕ ਦਿੱਤਾ। ਇਸ ਤੋਂ ਪਹਿਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਰਚ ਦੀ ਅਗਵਾਈ ਕੀਤੀ। ਸ੍ਰੀ ਜੀ.ਕੇ. ਨੇ ਇਸ ਮੌਕੇ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਹੋਈ ਗੱਨਬਾਤ ਤੋਂ ਹਾਜ਼ਰ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਨੂੰ ਅਫ਼ਗਾਨਿਸਤਾਨ ਦੇ ਮੰਦਰਾਂ-ਗੁਰਦੁਆਰਿਆਂ ਅਤੇ ਲੋਕਾਂ ਦੀ ਸੁਰੱਖਿਆ ਲਈ ਅਫ਼ਗਾਨ ਸਰਕਾਰ ਨਾਲ ਗੱਲਬਾਤ ਕਰਨ, ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਭਾਰਤ ਸਰਕਾਰ ਵੱਲੋਂ ਮੁਆਵਜ਼ਾ ਦਿਵਾਉਣ, ਭਾਰਤ ਸਰਕਾਰ ਵੱਲੋਂ ਦਿੱਲੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਦਾ ਸਾਂਝਾ ਵਫ਼ਦ ਅਫ਼ਗਾਨਿਸਤਾਨ ਭੇਜਣ ਸਣੇ ਭਾਰਤ ਆਉਣ ਦੇ ਇਛੁੱਕ ਅਫ਼ਗਾਨੀ ਹਿੰਦੂ-ਸਿੱਖਾਂ ਬਾਰੇ ਸਰਕਾਰੀ ਨੀਤੀ ਦਾ ਖੁਲਾਸਾ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਂਝੇ ਵਫ਼ਦ ਅਤੇ ਮੁਆਵਜ਼ੇ ਨੂੰ ਲੈ ਕੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਉਪਰੰਤ ਜਾਣਕਾਰੀ ਦੇਣ ਦੀ ਗੱਲ ਕਹੀ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਐਲਾਨ
ਨਵੀਂ ਦਿੱਲੀ - ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਤੌਰ ਉੱਤੇ ਪ੍ਰਤੀ ਮ੍ਰਿਤਕ ਇੱਕ ਇੱਕ ਲੱਖ ਰੁਪਏ ਅਤੇ ਫੱਟੜਾਂ ਨੂੰ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਅਤੇ ਯਤੀਮ ਹੋਏ ਬੱਚਿਆਂ ਨੂੰ ਦੋਵਾਂ ਕਮੇਟੀਆਂ ਵੱਲੋਂ ਭਾਰਤ ਵਿੱਚ ਮੁਫ਼ਤ ਵਿੱਦਿਅਕ ਸਹਾਇਤਾ ਦੇਣ ਦਾ ਫੈਸਲਾ ਲਿਆ ਗਿਆ ਹੈ।
ਸ਼ਹਿਰੀਆਂ ਨੂੰ ਨਿਸ਼ਾਨਾ ਬਣਾਉਣਾ ਕੌਮਾਂਤਰੀ ਕਾਨੂੰਨ ਦੀ ਉਲੰਘਣਾ: ਯੂਐਨ ਮੁਖੀ
ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿੱਚ ਹੋਏ ਆਤਮਘਾਤੀ ਬੰਬ ਹਮਲੇ ਦੀ ਨਿਖੇਧੀ ਕੀਤੀ ਹੈ ਜਿਸ ਵਿੱਚ 19 ਜਣੇ ਮਾਰੇ ਗਏ ਸਨ ਜਿਨ੍ਹਾਂ ’ਚੋਂ ਬਹੁਤੇ ਸਿੱਖ ਤੇ ਹਿੰਦੂ ਸਨ। ਉਨ੍ਹਾਂ ਕਿਹਾ ਕਿ ਸ਼ਹਿਰੀਆਂ ਨੂੰ ਨਿਸ਼ਾਨਾ ਮਿੱਥ ਕੇ ਕੀਤਾ ਕਿਸੇ ਵੀ ਤਰ੍ਹਾਂ ਦਾ ਹਮਲਾ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ। ਸਕੱਤਰ ਜਨਰਲ ਨੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਸਾਰੀਆਂ ਧਿਰਾਂ ਨੂੰ ਘੱਟਗਿਣਤੀਆਂ ਸਮੇਤ ਸਾਰੇ ਸ਼ਹਿਰੀਆਂ ਦੀ ਰਾਖੀ ਦਾ ਅਹਿਦ ਬੁਲੰਦ ਕਰਨ ਲਈ ਕਿਹਾ ਹੈ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਮਲੇ ਵਿੱਚ ਮਾਰੇ ਗਏ 19 ਲੋਕਾਂ ’ਚੋਂ 17 ਸਿੱਖ ਤੇ ਹਿੰਦੂ ਭਾਈਚਾਰਿਆਂ ਨਾਲ ਸਬੰਧਤ ਸਨ। ਇਸ ਹਮਲੇ ਵਿੱਚ ਸਿੱਖ ਭਾਈਚਾਰੇ ਦਾ ਇਕ ਪੁਰਾਣਾ ਆਗੂ ਅਵਤਾਰ ਸਿੰਘ ਖ਼ਾਲਸਾ ਵੀ ਮਾਰਿਆ ਗਿਆ ਜੋ ਅਕਤੂਬਰ ਮਹੀਨੇ ਹੋਣ ਵਾਲੀਆਂ ਸੰਸਦੀ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਸੀ। ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਨੇ ਵੀ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਕੌਂਸਲ ਨੇ ਮੁੜ ਦ੍ਰਿੜਾਇਆ ਹੈ ਕਿ ਹਰ ਕਿਸਮ ਦਾ ਅਤਿਵਾਦ ਕੌਮਾਂਤਰੀ ਅਮਨ ਤੇ ਸੁਰੱਖਿਆ ਲਈ ਸਭ ਤੋਂ ਘਾਤਕ ਖ਼ਤਰਾ ਹੈ।

 

Latest News
Magazine Archive