ਮੁੱਖ ਮੰਤਰੀ ਵੱਲੋਂ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ


ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਸਮਗਲਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਸਬੰਧੀ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕਰਨ ਦਾ ਫੈਸਲਾ ਲੈਣ ਤੋਂ ਬਾਅਦ ਹਾਲ ਹੀ ਵਿੱਚ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਹਨ। ਦੋਸ਼ੀਆਂ ਵਿਰੁੱਧ ਉਨ੍ਹਾਂ ਦੀ ਸਿਆਸੀ ਪਹੁੰਚ ਦਾ ਬਿਨਾਂ ਲਿਹਾਜ਼ ਕੀਤੇ ਸਖ਼ਤ ਕਾਰਵਾਈ ਕਰਨ ਲਈ ਹੁਕਮ ਦਿੱਤੇ ਗਏ ਹਨ। ਨਸ਼ਿਆਂ ਦੀ ਵਰਤੋਂ ਨੂੰ ਇੱਕ ਬਿਮਾਰੀ ਦੱਸਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਪੀੜਤਾਂ ਦੇ ਮੁੜ ਵਸੇਬੇ ਦੀ ਜ਼ਰੂਰਤ ’ਤੇ ਜ਼ੋਰ ਦੇਣ ਦੇ ਨਾਲ ਨਸ਼ਿਆਂ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਉਪਰ ਵੀ ਜ਼ੋਰ ਦਿੱਤਾ ਹੈ। ਜਾਗਰੂਕਤਾ ਪੈਦਾ ਕਰਨ ਅਤੇ ਕਾਰਵਾਈ ਕੀਤੇ ਜਾਣ ਵਿੱਚ ਵਖਰੇਵਾਂ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਗਰੂਕਤਾ ਕਿਸੇ ਇੱਕ ਏਜੰਸੀ ਵੱਲੋਂ ਪੈਦਾ ਨਹੀਂ ਕੀਤੀ ਜਾ ਸਕਦੀ ਅਤੇ ਇਸ ਲਈ ਲੋਕਾਂ ਦੀ ਸ਼ਮੂਲੀਅਤ ਲਾਜ਼ਮੀ ਹੈ। ਮੁੱਖ ਮੰਤਰੀ ਨੇ ਸਮਾਜਿਕ ਕਾਰਕੁੰਨਾਂ ਦੇ ਇੱਕ ਗਰੁੱਪ ਨਾਲ ਗੱਲਬਾਤ ਦੌਰਾਨ ਇਹ ਵਿਚਾਰ ਪ੍ਰਗਟਾਏ। ਇਸ ਗਰੁੱਪ ਨੇ ਹਾਲ ਹੀ ਵਿੱਚ ਇਸ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਵਿੱਚ ‘‘ਨਸ਼ਿਆਂ ਵਿਰੁੱਧ ਕਾਲਾ ਹਫ਼ਤਾ’’ ਮੁਹਿੰਮ ਸ਼ੁਰੂ ਕੀਤੀ ਹੈ।  ਇਨ੍ਹਾਂ ਕਾਰਕੁੰਨਾਂ ਵਿੱਚ ਪਾਲੀ ਭੁਪਿੰਦਰ, ਵਕੀਲ ਹਾਕਮ ਸਿੰਘ, ਪੱਤਰਕਾਰ ਬਲਜੀਤ ਪਨੂੰ ਅਤੇ ਬਲਜਿੰਦਰ ਸਿੰਘ (ਮਿੰਟੂ) ਸ਼ਾਮਲ ਸਨ। ਦੱਸਣਯੋਗ ਏ ਕਿ ਮਿੰਟੂ ਵੀ ਆਪ ਕਿਸੇ ਸਮੇਂ ਨਸ਼ਿਆਂ ਤੋਂ ਪੀੜਤ ਸੀ। ਇਸ ਗਰੁੱਪ ਨੇ ਕੈਪਟਨ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਸਵਾਗਤ ਕੀਤਾ।ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਨਸ਼ਿਆਂ ਵਿਰੁੱਧ ਜੰਗ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਹਰ ਸੋਮਵਾਰ ਮੀਟਿੰਗ ਕਰਨਗੇ। ਇਨ੍ਹਾਂ ਕਾਰਕੁੰਨਾਂ ਨੇ ਇਸ ਸਬੰਧ ਵਿੱਚ ਅਕਾਲੀਆਂ ਉੱਤੇ ਦੋਸ਼ ਮੜ੍ਹਿਆ, ਜਿਨ੍ਹਾਂ ਨੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਲਈ ਕੁੱਝ ਵੀ ਨਹੀਂ ਕੀਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਇਨ੍ਹਾਂ ਕਾਰਕੁੰਨਾਂ ਨੂੰ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸਰਕਾਰ ਵੱਲੋਂ ਪਹਿਲਾਂ ਹੀ ਸ਼ੁਰੂ ਕੀਤੇ ਐਂਟੀ ਡਰੱਗ ਅਬਿਉੂਜ਼ ਪ੍ਰਵੈਨਸ਼ਨ ਆਫਸਰਜ਼ ਪ੍ਰੋਗਰਾਮ ਨਾਲ ਤਾਲਮੇਲ ਕਰਕੇ ਪਿੰਡਾਂ ਵਿਚ ਰੈਲੀਆਂ ਅਤੇ ਮੋਮਬੱਤੀ ਮਾਰਚ ਕਰਨ ਦਾ ਸੁਝਾਅ ਦਿੱਤਾ।
ਕੈਪਟਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼. ਵੀ ਇਨ੍ਹਾਂ ਵਿੱਚ ਸ਼ਮੂਲੀਅਤ ਕਰਨਗੇ। ਗਰੁੱਪ ਨੇ ਹਰੇਕ ਪਿੰਡ ਵਿੱਚ ਨਸ਼ਿਆਂ ਦੇ ਆਦੀਆਂ ਦੀ ਸ਼ਨਾਖ਼ਤ ਕਰਨ ਲਈ 10-15 ਨੌਜਵਾਨਾਂ ਉੱਤੇ ਆਧਾਰਤ ਕਮੇਟੀਆਂ ਬਣਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਨਸ਼ਿਆਂ ਤੋਂ ਪੀੜਤਾਂ ਲਈ ਨਿੱਜੀ ਹਸਪਤਾਲਾਂ ਨੂੰ ਇਲਾਜ ਮੁਹੱਈਆ ਕਰਵਾਉਣ ਵਾਸਤੇ ਆਖਿਆ ਜਾਵੇ। ਇਸ ਸਬੰਧ ਵਿਚ ਮੁੱਖ ਮੰਤਰੀ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਨਸ਼ਈਆਂ ਵਾਸਤੇ ਕੁੱਝ ਬੈੱਡ ਰਾਖਵੇਂ ਰੱਖਣ ਲਈ ਨਿੱਜੀ ਹਸਪਤਾਲਾਂ ਨਾਲ ਗੱਲਬਾਤ ਕਰਨ ਲਈ ਆਖਿਆ।
ਉਨ੍ਹਾਂ ਨੇ ਨਸ਼ੇ ਦੇ ਤਸਕਰਾਂ ਅਤੇ ਪੁਲੀਸ ਮੁਲਾਜ਼ਮਾਂ ਖਾਸਕਰ ਐੱਸ.ਆਈ. ਅਤੇ ਏ.ਐੱਸ.ਆਈ. ਪੱਧਰ ਦੇ ਮੁਲਾਜ਼ਮਾਂ ਵਿੱਚ ‘ਨਜ਼ਦੀਕੀ ਗੱਠਜੋੜ’ ਹੋਣ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਮੀਟਿੰਗ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।
ਨਸ਼ੇ ਕਾਰਨ ਤਿੰਨ ਹੋਰ ਮੌਤਾਂ
ਚੰਡੀਗੜ੍ਹ - ਪੰਜਾਬ ਵਿੱਚ ਅੱਜ ਵੱਖ ਵੱਖ ਥਾਵਾਂ ਉੱਤੇ ਨਸ਼ੇ ਕਰਨ ਕਾਰਨ ਤਿੰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਹਨ। ਇੱਕ ਨੌਜਵਾਨ ਦੋਰਾਹਾ ਨੇੜੇ ਪਿੰਡ ਰਾਮਪੁਰ ’ਚ, ਇੱਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੋੜ ਵਿੱਚ ਅਤੇ ਇਕ ਨੌਜਵਾਨ ਨਵਾਂਸ਼ਹਿਰ ਜ਼ਿਲ੍ਹੇ ਦੇ ਸ਼ਹਿਰ ਬਲਾਚੌਰ ਵਿੱਚ ਵੱਧ ਨਸ਼ਾ ਕਰਨ ਕਾਰਨ ਮੌਤ ਦੇ ਮੂੰਹ ਜਾ ਪਿਆ।
ਦੋਰਾਹਾ - ਡਰੱਗ ਰੂਪੀ ਦੈਂਤ ਨੇ ਅੱਜ ਇੱਕ ਹੋਰ ਨੌਜਵਾਨ ਨੂੰ ਨਿਗਲ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋਰਾਹੇ ਨੇੜਲੇ ਪਿੰਡ ਰਾਮਪੁਰ ਦੀ ਪੱਤੀ ਚੰਦੂ ਦਾ ਰਹਿਣ ਵਾਲਾ 25 ਸਾਲਾ ਨੌਜਵਾਨ ਸਤਨਾਮ ਸਿੰਘ ਪੁੱਤਰ ਰਾਜਿੰਦਰ ਸਿੰਘ ਪਿਛਲੇ ਕੁੱਝ ਸਾਲਾਂ ਤੋਂ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ ਸੀ ਤੇ ਨਸ਼ੇ ਦੀ ਦਲਦਲ ਵਿਚ ਫਸ ਗਿਆ ਸੀ। ਖੇਤਾਂ ਵਿੱਚ ਪਾਏ ਮਕਾਨ ਵਿਚ ਰਹਿੰਦੇ ਸਤਨਾਮ ਸਿੰਘ ਨੂੰ ਅੱਜ ਘਰ ਨੇੜਿਓਂ ਲੰਘਦੀ ਇੱਕ ਲਿੰਕ ਸੜਕ ਕਿਨਾਰੇ ਖੇਤਾਂ ਵਿੱਚ ਪਏ ਨੂੰ ਦੇਖਿਆ ਗਿਆ, ਜਿਸ ਨੂੰ ਪਰਿਵਾਰ ਅਤੇ ਹੋਰ ਪਿੰਡ ਵਾਸੀਆਂ ਨੇ ਤੁਰੰਤ ਹਸਪਤਾਲ ਲਿਆਂਦਾ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਗੁਰਦਾਸਪੁਰ - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੋੜ ਵਿੱਚ ਇੱਕ ਹੋਰ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜਾਨ ਗੁਆ ਬੈਠਾ ਹੈ। ਮ੍ਰਿਤਕ ਦੀ ਪਛਾਣ ਛੋੜ ਵਾਸੀ ਗੁਰਮੀਤ ਸਿੰਘ ਪੁੱਤਰ ਮਨੋਹਰ ਲਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੁਰਮੀਤ ਸਿੰਘ ਨਸ਼ੇ ਦੀ ਆਦੀ ਸੀ ਅਤੇ ਕਾਫ਼ੀ ਸਮੇਂ ਤੋਂ ਨਸ਼ਾ ਕਰਦਾ ਆ ਰਿਹਾ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਨਸ਼ਿਆਂ ਉੱਤੇ ਕਾਬੂ ਪਾਉਣ ਦੀ ਮੰਗ ਕੀਤੀ ਹੈ।
ਬਲਾਚੌਰ - ਇੱਥੇ ਵਾਰਡ ਸੱਤ ਨੇੜੇ ਝਾੜੀਆਂ ਵਿੱਚੋਂ ਇੱਕ ਨਾਮਲੂਮ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਪਛਾਣ ਅਦਿੱਤਿਆ ਪਾਠਕ ਉਰਫ ਦਮਨੀ ਵਜੋਂ ਹੋਈ ਹੈ। ਮੁੱਖ ਥਾਣਾ ਅਫਸਰ ਬਲਾਚੌਰ ਅਜੇ ਕੁਮਾਰ ਅਤੇ ਡੀ.ਐੱਸ.ਪੀ. ਅਨਿੱਲ ਕੋਹਲੀ ਮੌਕੇ ਤੇ ਪੁੱਜੇ। ਮ੍ਰਿਤਕ ਦੇ ਮਾਮੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਭਾਣਜਾ ਅਦਿੱਤਿਆ ਪਾਠਕ ਉਰਫ ਦਮਨੀ ਲੰਘੇ ਐਤਵਾਰ ਤੋਂ ਲਾਪਤਾ ਸੀ। ਨੌਜਵਾਨ ਦਮਨੀ ਦੀ ਮੌਤ ਨਸ਼ੀਲੇ ਪਦਾਰਥ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ ।ਮ੍ਰਿਤਕ ਨੌਜਵਾਨ ਦਾ ਪਿਛੋਕੜ ਨੂਰਪੁਰ, ਜ਼ਿਲ੍ਹਾ ਰੂਪਨਗਰ ਦਾ ਹੈ ਅਤੇ ਉਹ ਕਾਫੀ ਅਰਸੇ ਤੋਂ ਬਲਾਚੌਰ ਵਿਖੇ ਤਬਦੀਲ ਹੋ ਕੇ ਆਏ ਸਨ । ਮ੍ਰਿਤਕ ਨੌਜਵਾਨ ਦਾ ਪਿਤਾ ਅਮਰੀਕਾ ਵਿੱਚ ਹੈ ਅਤੇ ਉਸ ਦੇ ਨਾਨਕੇ ਪਿੰਡ ਬੂਲੇਵਾਲ ਵਿਖੇ ਹਨ।

 

 

fbbg-image

Latest News
Magazine Archive