ਸਵੀਡਨ 24 ਸਾਲ ਮਗਰੋਂ ਆਖ਼ਰੀ ਅੱਠਾਂ ’ਚ


ਸੇਂਟ ਪੀਟਰਸਬਰਗ - ਐਮਿਲ ਫੋਰਸਬਰਗ ਦੇ ਇੱਕੋ-ਇੱਕ ਗੋਲ ਦੀ ਮਦਦ ਨਾਲ ਸਵੀਡਨ ਨੇ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ 24 ਸਾਲ ਮਗਰੋਂ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਹੈ। ਸੇਂਟ ਪੀਟਰਸਬਰਗ ਸਟੇਡੀਅਮ ’ਤੇ ਖੇਡਿਆ ਗਿਆ ਇਹ ਮੁਕਾਬਲਾ ਬਹੁਤ ਹੀ ਅਕੇਵੇਂ ਭਰਿਆ ਰਿਹਾ ਅਤੇ ਕੋਈ ਵੀ ਟੀਮ ਉਮੀਦ ਮੁਤਾਬਕ ਫੁਟਬਾਲ ਦਾ ਪ੍ਰਦਰਸ਼ਨ ਨਹੀਂ ਕਰ ਸਕੀ। ਸਵਿਟਜ਼ਰਲੈਂਡ ਦੇ ਮਾਈਕਲ ਲਾਂਗ ਨੂੰ ਇੰਜੁਰੀ ਟਾਈਮ ਵਿੱਚ ਲਾਲ ਕਾਰਡ ਵੇਖਣਾ ਪਿਆ, ਜਿਸ ਨੇ ਮਾਰਟਿਨ ਓਲਸਨ ਨੂੰ ਧੱਕਾ ਦਿੱਤਾ ਸੀ। ਰੈਫਰੀ ਦਾਮਿਰ ਸਕੋਮਿਨਾ ਨੇ ਪੈਨਲਟੀ ਦਾ ਫ਼ੈਸਲਾ ਵੀਡੀਓ ਰੀਵਿਊ ’ਤੇ ਛੱਡਿਆ, ਪਰ ਪੈਨਲਟੀ ਖੇਤਰ ਦੇ ਬਾਹਰ ਧੱਕਾ ਦੇਣ ਕਾਰਨ ਸਵੀਡਨ ਦੇ ਖਿਡਾਰੀਆਂ ਦੀ ਮੰਗ ਰੱਦ ਕਰ ਦਿੱਤੀ ਗਈ। ਸਵੀਡਨ ਲਈ ਇੱਕੋ-ਇੱਕ ਗੋਲ ਦੂਜੇ ਹਾਫ਼ ਵਿੱਚ ਫੋਰਸਬਰਗ ਨੇ ਕੀਤਾ। ਸਵੀਡਨ 1994 ਮਗਰੋਂ ਪਹਿਲੀ ਵਾਰ ਵਿਸ਼ਵ ਕੱਪ ਦੇ ਆਖ਼ਰੀ ਅੱਠ ਵਿੱਚ ਪਹੁੰਚਿਆ ਹੈ। ਉਸ ਦੀ ਇੱਥੋਂ ਤੱਕ ਦੀ ਰਾਹ ਸੌਖੀ ਨਹੀਂ ਰਹੀ ਅਤੇ ਜਲਾਟਨ ਇਬਰਾਹਿਮੋਵਿਚ ਦੇ ਬਗ਼ੈਰ ਵੀ ਇੱਕ ਟੀਮ ਵਜੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਉਹ ਇੱਥੋਂ ਤੱਕ ਪਹੁੰਚੀ ਹੈ। ਹੁਣ ਆਖ਼ਰੀ ਅੱਠ ਵਿੱਚ ਉਸ ਨੂੰ ਹਲਕੀ ਟੀਮ ਨਹੀਂ ਸਮਝਿਆ ਜਾ ਸਕਦਾ। ਸਵੀਡਨ ਦੇ ਡਿਫੈਂਡਰ ਮਾਈਕਲ ਲਸਟਿਗ ਨੂੰ ਪੀਲਾ ਕਾਰਡ ਮਿਲਿਆ, ਜਿਸ ਕਾਰਨ ਉਹ ਸਮਾਰਾ ਵਿੱਚ ਸ਼ਨਿਚਰਵਾਰ ਨੂੰ ਕੁਆਰਟਰ ਫਾਈਨਲ ਨਹੀਂ ਖੇਡ ਸਕੇਗਾ। ਬ੍ਰਾਜ਼ੀਲ ਅਤੇ ਮੈਕਸਿਕੋ ਤੇ ਬੈਲਜੀਅਮ ਅਤੇ ਜਾਪਾਨ ਦੇ ਮੈਚ ਪੈਨਲਟੀ ਸ਼ੂਟਆਊਟ ਤੱਕ ਖਿੱਚਣ ਮਗਰੋਂ ਲੱਗ ਰਿਹਾ ਸੀ ਕਿ ਇਹ ਮੁਕਾਬਲਾ ਵੀ ਤੈਅ ਸਮੇਂ ਵਿੱਚ ਖ਼ਤਮ ਨਹੀਂ ਹੋਵੇਗਾ। ਦੋਵੇਂ ਟੀਮਾਂ ਬਹੁਤ ਡਿਫੈਂਸ ਨਾਲ ਖੇਡ ਰਹੀਆਂ ਵਿਖਾਈ ਦੇ ਰਹੀਆਂ ਸਨ। ਹੌਲੀ ਸ਼ੁਰੂਆਤ ਮਗਰੋਂ ਅਖ਼ੀਰ ਸਵੀਡਨ ਨੂੰ ਲਗਾਤਾਰ ਹਮਲਿਆਂ ’ਤੇ ਸਫਲਤਾ ਮਿਲੀ ਅਤੇ ਫੋਰਸਬਰਗ ਨੇ ਦੂਜੇ ਹਾਫ਼ ਵਿੱਚ ਗੋਲ ਦਾਗ਼ਿਆ। ਸਵਿਟਜ਼ਰਲੈਂਡ ਦੋ ਵਾਰ ਬਰਾਬਰੀ ਦਾ ਗੋਲ ਕਰਨ ਦੇ ਕਰੀਬ ਪਹੁੰਚਿਆ, ਪਰ ਕਾਮਯਾਬੀ ਨਹੀਂ ਮਿਲੀ। ਇਹ ਮੁਕਾਬਲਾ ਕਾਫੀ ਸੰਘਰਸ਼ਪੂਰਨ ਰਿਹਾ ਅਤੇ ਇਸ ਜਿੱਤ ਵਿੱਚ ਫੋਰਸਬਰਗ ਦੇ ਸ਼ਾਟ ’ਤੇ ਸਵਿੱਟਜ਼ਰਲੈਂਡ ਦੇ ਡਿਫੈਂਡਰ ਦੇ ਪੈਰ ਦਾ ਵੀ ਯੋਗਦਾਨ ਰਿਹਾ। ਜੇਕਰ ਡਿਫੈਂਡਰ ਦਾ ਪੈਰ ਨਾ ਲਗਦਾ ਤਾਂ ਫੁਟਬਾਲ ਸਿੱਧੀ ਗੋਲਕੀਪਰ ਦੇ ਹੱਥਾਂ ਵਿੱਚ ਜਾਂਦੀ।
ਪਹਿਲਾ ਹਾਫ਼ ਗੋਲ ਰਹਿਤ ਰਹਿਣ ਮਗਰੋਂ ਦੂਜੇ ਹਾਫ਼ ਦੇ 66ਵੇਂ ਮਿੰਟ ਵਿੱਚ ਫੋਰਬਰਗ ਨੇ ਬੌਕਸ ਦੇ ਅੱਗੇ ਤੋਂ ਬਿਹਤਰੀਨ ਸ਼ਾਟ ਮਾਰਿਆ, ਗੋਲਕੀਪਰ ਯਾਨ ਸੋਮਰ ਇਸ ਸ਼ਾਟ ਨੂੰ ਰੋਕਣ ਲਈ ਮੁਸਤੈਦ ਸੀ, ਪਰ ਸਵਿੱਸ ਡਿਫੈਂਡਰ ਮੈਨੂਅਲ ਅਕਾਂਜੀ ਨੇ ਫੁਟਬਾਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਉਸ ਦੇ ਪੈਰ ਨਾਲ ਲੱਗ ਕੇ ਗੋਲ ਪੋਸਟ ਵਿੱਚ ਚਲੀ ਗਈ। ਗੋਲਕੀਪਰ ਕੋਲ ਇਸ ਨੂੰ ਰੋਕਣ ਦਾ ਕੋਈ ਮੌਕਾ ਨਹੀਂ ਸੀ।
ਇਸ ਗੋਲ ਨੂੰ ਆਤਮਘਾਤੀ ਗੋਲ ਨਹੀਂ ਮੰਨਿਆ ਗਿਆ ਅਤੇ ਇਹ ਗੋਲ ਫੋਰਸਬਰਗ ਦੇ ਹਿੱਸੇ ਆਇਆ। ਦੋਵੇਂ ਟੀਮਾਂ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਈਆਂ ਹਨ। ਇਹ ਬਾਜ਼ੀ ਸਵੀਡਨ ਨੇ ਮਾਰ ਲਈ। ਸਵੀਡਨ ਨੇ ਮੈਚ ਵਿੱਚ ਜ਼ਿਆਦਾ ਮੌਕੇ ਬਣਾਏ ਅਤੇ 1-0 ਗੋਲ ਨਾਲ ਜਿੱਤ ਹਾਸਲ ਕਰ ਲਈ। ਸਵੀਡਨ 1994 ਵਿੱਚ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਤੋਂ 24 ਸਾਲ ਮਗਰੋਂ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਹੈ। ਰਿਕਾਰਡੋ ਰੌਡਰਿਗਜ਼, ਜੇਰਦਾਨ ਸ਼ਕੀਰੀ ਅਤੇ ਗ੍ਰਨਿਤ ਸ਼ਾਕਾ ਵਰਗੇ ਸਟਾਰ ਖਿਡਾਰੀ ਸਵਿੱਟਜ਼ਰਲੈਂਡ ਨੂੰ 1954 ਮਗਰੋਂ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਲਿਜਾਣ ਦਾ ਸੁਪਨਾ ਪੂਰਾ ਨਹੀਂ ਕਰ ਸਕੇ। 

 

 

fbbg-image

Latest News
Magazine Archive