ਨਿਊਜ਼ ਰੂਮ ਫਾਇਰਿੰਗ: ਅਮਰੀਕੀ ਅਖ਼ਬਾਰ ਦੇ 5 ਪੱਤਰਕਾਰ ਮਾਰੇ


ਵਾਸ਼ਿੰਗਟਨ - ਅਮਰੀਕਾ ਵਿੱਚ ਇੱਕ ਅਖ਼ਬਾਰ ਦੇ ਨਿਊਜ਼ ਰੂਮ ਵਿੱਚ ਦਾਖ਼ਲ ਹੋ ਕੇ ਇੱਕ ਗੋਰੇ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਪੰਜ ਸੀਨੀਅਰ ਉਪ ਸੰਪਾਦਕ (ਪੱਤਰਕਾਰ) ਮਾਰੇ ਗਏ। ਐਨਾਪੋਲਿਸ ਵਿੱਚ ਵਾਪਰੀ ਇਸ ਆਪਣੀ ਕਿਸਮ ਦੀ ਭਿਆਨਕ ਘਟਨਾ ਵਿੱਚ ਇੱਕ ਗੋਰੇ ਬੰਦੂਕਧਾਰੀ ਨੇ ‘ਦਿ ਕੈਪੀਟਲ ਗਜ਼ਟ’ ਅਖ਼ਬਾਰ ਦੇ ਨਿਊਜ਼ ਰੂਮ ਵਿੱਚ ਗੋਲੀਆਂ ਚਲਾ ਕੇ ਪੰਜ ਉਪ ਸੰਪਾਦਕਾਂ ਨੂੰ ਮਾਰ ਦਿੱਤਾ ਅਤੇ ਤਿੰਨ ਹੋਰਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਅਖ਼ਬਾਰ ਦੇ ਮਾਰੇ ਗਏ ਅਮਲੇ ਵਿੱਚ ਸਹਾਇਕ ਸੰਪਾਦਕ ਰੋਬ ਹਿਆਸਨ, ਸੰਪਾਦਕੀ ਪੰਨੇ ਦਾ ਇੰਚਾਰਜ ਗੇਰਾਲਡ ਫਿਸ਼ਮੈਨ, ਸੰਪਾਦਕ ਤੇ ਪੱਤਰਕਾਰ ਜੌਹਨ ਮੈਕਨਮਾਰਾ, ਸਪੈਸ਼ਲ ਪਬਲੀਕੇਸ਼ਨ ਸੰਪਾਦਕ ਵੈਂਡੀ ਵਿੰਟਰਜ਼ ਅਤੇ ਸੇਲਜ਼ ਸਹਾਇਕ ਰੇਬੇਕਾ ਸਮਿੱਥ ਸ਼ਾਮਲ ਹਨ।
ਹਮਲਾਵਰ ਦੀ ਪਛਾਣ ਜੈਰੋਡ ਵਾਰੇਨ ਰਾਮੋਸ (38) ਵਜੋਂ ਹੋਈ ਹੈ। ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਪਹਿਲੀ ਡਿਗਰੀ ਦੇ ਕਤਲ ਦੇ ਪੰਜ ਕਾਊਂਟ ਦੇ ਦੋਸ਼ ਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਦਾਲਤ ਦੇ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਰਾਮੋਸ ਨੇ ਅਖ਼ਬਾਰ ਵਿਰੁੱਧ 2012 ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਕਾਊਂਟੀ ਡਿਪਟੀ ਪੁਲੀਸ ਮੁਖੀ ਵਿਲੀਅਮ ਕਰੰਫ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਮਲਾਵਰ  ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਾਸ਼ਿੰਗਟਨ ਪੋਸਟ ਅਨੁਸਾਰ ਰਾਮੋਸ ‘ਦਿ ਕੈਪੀਟਲ ਗਜ਼ਟ’ ਦੇ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਹਾਰ ਗਿਆ ਸੀ। ਅਖ਼ਬਾਰ ਨੇ ਰਾਮੋਸ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਔਰਤ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਹੋਰਨਾਂ ਰਾਜਸੀ ਆਗੂਆਂ ਨੇ ਇਸ ਘਟਨਾ ਉੰਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
 

 

 

fbbg-image

Latest News
Magazine Archive