ਅਮਰਨਾਥ ਯਾਤਰਾ: ਸਖ਼ਤ ਸੁਰੱਖਿਆ ਹੇਠ

ਪਹਿਲਾ ਜਥਾ ਅੱਜ ਹੋਵੇਗਾ ਰਵਾਨਾ


ਜੰਮੂ - ਸਾਲਾਨਾ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਬਹੁ-ਪੱਧਰੀ ਸਖ਼ਤ ਸੁਰੱਖਿਆ ਹੇਠ ਬੁੱਧਵਾਰ ਨੂੰ ਇਥੇ ਭਗਵਤੀ ਨਗਰ ਸਥਿਤ ਬੇਸ ਕੈਂਪ ਤੋਂ ਰਵਾਨਾ ਹੋਵੇਗਾ। ਹਿਮਾਲਿਆ ਪਹਾੜਾਂ ’ਚ ਦੱਖਣੀ ਕਸ਼ਮੀਰ ਵਿੱਚ ਸਥਿਤ ਇਸ ਧਰਮ ਸਥਾਨ ਦੀ ਯਾਤਰਾ ਲਈ ਹੁਣ ਤੱਕ ਦੇਸ਼ ਭਰ ਦੇ ਕਰੀਬ ਦੋ ਲੱਖ ਸ਼ਰਧਾਲੂਆਂ ਨੇ ਆਪਣੇ ਨਾਂ ਦਰਜ ਕਰਵਾਏ ਹਨ। ਯਾਤਰਾ ਲਈ ਸਾਧੂਆਂ ਸਮੇਤ ਵੱਡੀ ਗਿਣਤੀ ਸ਼ਰਧਾਲੂ ਪਹਿਲਾਂ ਹੀ ਬੇਸ ਕੈਂਪ ਵਿੱਚ ਪੁੱਜ ਚੁੱਕੇ ਹਨ। ਅਧਿਕਾਰੀਆਂ ਮੁਤਾਬਕ ਸ਼ਰਧਾਲੂਆਂ ਦਾ ਪਹਿਲਾ ਜਥਾ ਬੁੱਧਵਾਰ ਤੜਕਸਾਰ ਸਖ਼ਤ ਸੁਰੱਖਿਆ ਹੇਠ ਵਾਹਨਾਂ ਦੇ ਕਾਫ਼ਲੇ ਰਾਹੀਂ ਕਸ਼ਮੀਰ ਵਿੱਚ ਗੰਦਰਬਲ ਜ਼ਿਲ੍ਹੇ ਵਿਚਲੇ ਬਾਲਟਾਲ ਤੇ ਅਨੰਤਨਾਗ ਜ਼ਿਲ੍ਹੇ ਵਿਚਲੇ ਨੂਨਵਾਨ-ਪਹਿਲਗਾਮ ਬੇਸ ਕੈਂਪਾਂ ਲਈ ਰਵਾਨਾ ਹੋਵੇਗਾ। ਇਹ ਵਾਹਨ ਇਨ੍ਹਾਂ ਵਿੱਚੋਂ ਕਿਸੇ ਇਕ ਕੈਂਪ ਵਿੱਚ ਪੁੱਜਣਗੇ। ਉਥੋਂ ਸ਼ਰਧਾਲੂ ਅਗਲੇ ਦਿਨ 3880 ਮੀਟਰ ਉੱਚਾਈ ’ਤੇ ਸਥਿਤ ਗੁਫ਼ਾ ਲਈ ਪੈਦਲ ਰਵਾਨਾ ਹੋਣਗੇ। ਯਾਤਰਾ 26 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ।
ਇੰਸਪੈਕਟਰ ਜਨਰਲ ਪੁਲੀਸ (ਜੰਮੂ) ਐਸ.ਡੀ. ਸਿੰਘ ਜਮਵਾਲ ਨੇ ਕਿਹਾ, ‘‘ਭਾਈਚਾਰੇ ਅਤੇ ਫ਼ਿਰਕੂ ਸਦਭਾਵਨਾ ਦੀ ਪ੍ਰਤੀਕ ਇਸ ਯਾਤਰਾ ਦੇ ਨਿਰਵਿਘਨ ਤੇ ਪੁਰਅਮਨ ਢੰਗ ਨਾਲ ਮੁਕੰਮਲ ਹੋਣ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ।’’ ਉਨ੍ਹਾਂ ਕਿਹਾ ਕਿ ਯਾਤਰੀਆਂ ਦੇ ਜਾਨ-ਮਾਲ ਦੀ ਸਲਾਮਤੀ ਲਈ ਸੁਰੱਖਿਆ ਦਸਤੇ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਉਹ ਦੇਸ਼ ਵਿਰੋਧੀ ਤਾਕਤਾਂ ਦੇ ਹਰੇਕ ਮਾੜੇ ਮਨਸੂਬੇ ਨੂੰ ਨਾਕਾਮ ਕਰ ਕੇ ਰੱਖ ਦੇਣਗੇ। ਉਨ੍ਹਾਂ ਕਿਹਾ ਕਿ ਅਮਰਨਾਥ ਜਾਣ ਵਾਲੇ ਵਾਹਨਾਂ ਅਤੇ ਸੁਰੱਖਿਆ ਲਈ ਤਾਇਤਨਾਤ ਸੀਆਰਪੀਐਫ਼ ਮੋਟਰਸਾਈਕਲ ਦਸਤਿਆਂ ਲਈ ਪਹਿਲੀ ਵਾਰ ਰੇਡੀਓ ਫ਼ਰੀਕੁਐਂਸੀ ਟੈਗਜ਼ ਦੀ ਵਰਤੋਂ ਕੀਤੀ ਜਾ ਰਹੀ ਹੈ।
 

 

 

fbbg-image

Latest News
Magazine Archive