ਮਹਿਬੂਬਾ ਨੇ ਘੇਰਿਆ ਭਾਜਪਾ ਦਾ ਸ਼ਾਹ


ਸ੍ਰੀਨਗਰ - ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਜੰਮੂ ਵਿੱਚ ਇਕ ਰੈਲੀ ਦੌਰਾਨ ਲਾਏ ਗਏ ਦੋਸ਼ਾਂ ਮਗਰੋਂ ਅੱਜ ਜਵਾਬੀ ਵਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਸ੍ਰੀ ਸ਼ਾਹ ਵੱਲੋਂ ਕੀਤੇ ਗਏ ਸਾਰੇ ਦਾਅਵੇ ‘ਬੇਬੁਨਿਆਦ’ ਹਨ। ਜੰਮੂ-ਕਸ਼ਮੀਰ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਵਾਲੀ ਸਾਬਕਾ ਮੁੱਖ ਮੰਤਰੀ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਿੱਥੇ ਗਏ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤੋਂ ਕਦੇ ਵੀ ਥਿੜਕੀ ਨਹੀਂ। ਆਪਣੇ ਸਾਬਕਾ ਭਿਆਲ ਵੱਲੋਂ ਲਾਏ ਗਏ ਦੋਸ਼ਾਂ ’ਤੇ ਚੁੱਪੀ ਤੋੜਦਿਆਂ ਮੁਫ਼ਤੀ ਨੇ ਕਿਹਾ ਕਿ ਭਾਜਪਾ ਵੱਲੋਂ ਖ਼ੁਦ ਹੀ ਬਣਾਏ ਗੱਠਜੋੜ ਦੀ ਜ਼ਿੰਮੇਵਾਰੀ ਤੋਂ ਪਿੱਛੇ ਹਟਣਾ ਅਫ਼ਸੋਸਜਨਕ ਹੈ।
ਸਾਬਕਾ ਮੁੱਖ ਮੰਤਰੀ ਨੇ ਸੀਨੀਅਰ ਭਾਜਪਾ ਆਗੂ ਚੌਧਰੀ ਲਾਲ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਸ਼ਮੀਰੀ ਪੱਤਰਕਾਰਾਂ ਨੂੰ ‘ਧਮਕਾਉਣ’ ਲਈ ਕੀ ਪਾਰਟੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰੇਗੀ।   ਪੀਡੀਪੀ ਪ੍ਰਮੁੱਖ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਜ਼ਮੀਨੀ ਪੱਧਰ ’ਤੇ ਭਰੋਸਾ ਬਹਾਲ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਭਾਜਪਾ ਨੇ ‘ਜਾਇਜ਼’ ਠਹਿਰਾਇਆ ਅਤੇ ਅਪਣਾਉਣ ਲਈ ਵਚਨਬੱਧਤਾ ਵੀ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਕਿ ਗੱਠਜੋੜ ਦੇ ਏਜੰਡੇ ਵਿੱਚ ਧਾਰਾ-370, ਪਾਕਿਸਤਾਨ ਤੇ ਵੱਖਵਾਦੀਆਂ ਨਾਲ ਗੱਲਬਾਤ, ਪੱਥਰਬਾਜ਼ਾਂ ਖ਼ਿਲਾਫ਼ ਕੇਸ ਵਾਪਸ ਲੈਣੇ ਤੇ ਗੋਲੀਬੰਦੀ ਆਦਿ ਸ਼ਾਮਲ ਸਨ। ਸ਼ਨਿਚਰਵਾਰ ਨੂੰ ਜੰਮੂ ਰੈਲੀ ਵਿੱਚ ਸ਼ਾਹ ਵੱਲੋਂ ਜੰਮੂ ਤੇ ਲੱਦਾਖ ਨਾਲ ਭੇਦਭਾਵ ਕਰਨ ਦੇ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਘਾਟੀ ਦੇ ਵਿਗੜੇ ਹਾਲਾਤ ਤੇ 2014 ਦੇ ਹੜ੍ਹਾਂ ਤੋਂ ਬਾਅਦ ਕੇਂਦਰਿਤ ਹੋ ਕੇ ਕੰਮ ਕਰਨ ਦੀ ਲੋੜ ਸੀ ਪਰ ਇਸ ਦਾ ਇਹ ਮਤਲਬ ਨਹੀਂ ਕਿ ਬਾਕੀ ਇਲਾਕਿਆਂ ਦੀ ਅਣਦੇਖੀ ਹੋਈ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਭਾਜਪਾ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਵੀ ਲੇਖਾ-ਜੋਖਾ ਕਰੇ।
ਕੁਲਗਾਮ ਵਿੱਚ ਲਸ਼ਕਰ ਦੇ ਕਮਾਂਡਰ ਸਮੇਤ ਦੋ ਅਤਿਵਾਦੀ ਹਲਾਕ
ਸ੍ਰੀਨਗਰ - ਅਮਰਨਾਥ ਯਾਤਰਾ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਇਕ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਆਪੇ ਬਣੇ ਡਿਵੀਜ਼ਨਲ ਕਮਾਂਡਰ ਸ਼ਕੂਰ ਅਹਿਮਦ ਡਾਰ ਸਮੇਤ ਦੋ ਅਤਿਵਾਦੀ ਹਲਾਕ ਹੋ ਗਏ, ਜਦੋਂਕਿ ਇਕ ਹੋਰ ਅਤਿਵਾਦੀ ਨੇ ਆਤਮ ਸਮਰਪਣ ਕਰ ਦਿੱਤਾ। ਪੁਲੀਸ ਅਨੁਸਾਰ ਕੁਲਗਾਮ ਜ਼ਿਲ੍ਹੇ ਵਿੱਚ ਕੈਮੋਹ ਦੇ ਚੇਦਰ ਬਨ ਖੇਤਰ ਵਿੱਚ ਕੁਝ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ’ਤੇ ਜੰਮੂ-ਕਸ਼ਮੀਰ ਪੁਲੀਸ, ਫ਼ੌਜ ਤੇ ਸੀਆਰਪੀਐਫ ਦੀ ਇਕ ਸਾਂਝੀ ਟੀਮ ਵੱਲੋਂ ਅੱਜ ਦੁਪਹਿਰ ਸਮੇਂ ਸ਼ੱਕੀ ਮਕਾਨ ਨੂੰ ਘੇਰਾ ਪਾ ਲਿਆ ਗਿਆ। ਜਿਵੇਂ ਹੀ ਇਹ ਟੀਮ ਸ਼ੱਕੀ ਮਕਾਨ ਵੱਲ ਵਧੀ ਤਾਂ ਅੰਦਰ ਬੈਠੇ ਅਤਿਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਮਕਾਨ ਦੇ ਅੰਦਰ ਛੁਪੇ ਬੈਠੇ ਦੋ ਅਤਿਵਾਦੀ ਮਾਰ ਮੁਕਾਏ, ਜਦੋਂਕਿ ਇਕ ਅਤਿਵਾਦੀ ਨੇ ਆਤਮ ਸਮਰਪਣ ਕਰ ਦਿੱਤਾ।
ਆਈਜੀ (ਕਸ਼ਮੀਰ ਰੇਂਜ) ਸਵਯਮ ਪ੍ਰਕਾਸ਼ ਪਾਨੀ ਨੇ ਕਿਹਾ ਕਿ ਮੌਕੇ ਤੋਂ ਬਰਾਮਦ ਕੀਤੀ ਗਈ ਸਮੱਗਰੀ ਤੋਂ ਪਤਾ ਲੱਗਾ ਹੈ ਕਿ ਮਾਰੇ ਗਏ ਅਤਿਵਾਦੀਆਂ ਵਿੱਚੋਂ ਇਕ ਲਸ਼ਕਰ-ਏ-ਤੋਇਬਾ ਦਾ ਆਪੇ ਬਣਿਆ ਡਿਵੀਜ਼ਨਲ ਕਮਾਂਡਰ ਸ਼ਕੂਰ ਅਹਿਮਦ ਡਾਰ ਸੀ, ਜਦੋਂਕਿ ਦੂਜਾ ਪਾਕਿਸਤਾਨ ਦਾ ਹੈਦਰ ਸੀ। ਡਾਰ ਜੋ ਕੁਲਗਾਮ ਦੇ ਸੋਪਾਤ ਤੈਂਗਪੋਰਾ ਦਾ ਰਹਿਣ ਵਾਲਾ ਸੀ, ਖ਼ਿਲਾਫ਼ ਦੱਖਣੀ ਕਸ਼ਮੀਰ ਦੇ ਵੱਖ ਵੱਖ ਥਾਣਿਆਂ ਵਿੱਚ ਅਤਿਵਾਦ ਸਬੰਧੀ ਕਈ ਕੇਸ ਦਰਜ ਸਨ। ਉਹ ਆਮ ਲੋਕਾਂ ’ਤੇ ਕਹਿਰ ਢਾਹੁਣ ਅਤੇ ਫ਼ੌਜੀ ਟਿਕਾਣਿਆਂ ’ਤੇ ਹਮਲਿਆਂ ਸਬੰਧੀ ਕਈ ਮਾਮਲਿਆਂ ’ਚ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਆਤਮ ਸਮਰਪਣ ਕਰਨ ਵਾਲੇ ਇਕ ਸਥਾਨਕ ਅਤਿਵਾਦੀ ਦੀ ਪਛਾਣ ਗੁਪਤ ਰੱਖੀ ਗਈ ਹੈ। ਉਹ ਪੁਲੀਸ ਹਿਰਾਸਤ ਵਿੱਚ ਹੈ। ਮੁਕਾਬਲੇ ਵਾਲੀ ਜਗ੍ਹਾ ਤੋਂ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ।
ਇਸੇ ਦੌਰਾਨ ਅਨੰਤਨਾਗ ਜ਼ਿਲ੍ਹੇ ਵਿੱਚ ਹਿਜ਼ਬੁਲ ਮੁਜ਼ਾਹਿਦੀਨ ਦੇ ਦੋ ਸਰਗਰਮ ਵਰਕਰ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਕੋਲੋਂ ਇਕ ਗ੍ਰਨੇਡ ਵੀ ਬਰਾਮਦ ਕੀਤਾ ਗਿਆ।
ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪੁਲੀਸ ਤੇ ਫ਼ੌਜ ਵੱਲੋਂ ਦੱਖਣ ਕਸ਼ਮੀਰ ਵਿੱਚ ਨਵੇਂ ਕੌਮੀ ਸ਼ਾਹਰਾਹ ’ਤੇ ਤੁਲਖਾਨ ਲਾਂਘੇ ’ਤੇ ਲਗਾਏ ਗਏ ਇਕ ਸਾਂਝੇ ਨਾਕੇ ਦੌਰਾਨ ਦੋ ਵਿਅਕਤੀ ਸ਼ੱਕੀ ਹਾਲਤ ਵਿੱਚ ਘੁੰਮਦੇ ਦਿਖੇ। ਨਾਕੇ ’ਤੇ ਤਾਇਨਾਤ ਜਵਾਨਾਂ ਨੇ ਜਦੋਂ ਉਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇਕ ਗ੍ਰਨੇਡ ਮਿਲਿਆ। ਦੋਹਾਂ ਦੀ ਪਛਾਣ ਚਰਲੀਗੁੰਦ ਅਵੰਤੀਪੁਰਾ ਦੇ ਅਮੀਨ ਅਹਿਮਦ ਸੋਫੀ ਅਤੇ ਚੈਚੀਕੋਟ ਅਵੰਤੀਪੁਰਾ ਦੇ ਰਹਿਣ ਵਾਲੇ ਤਨਵੀਰ ਅਹਿਮਦ ਵਜੋਂ ਹੋਈ ਹੈ। ਜਾਂਚ ’ਚ ਸਾਹਮਣੇ ਆਇਆ ਕਿ ਉਹ ਦੋਵੇਂ ਹਿਜ਼ਬੁਲ ਦੇ ਸਰਗਰਮ ਅਤਿਵਾਦੀ ਹਨ। ਅਤਿਵਾਦੀ ਸੰਗਠਨਾਂ ’ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਦਿਨੋਂ ਦਿਨ ਹੋ ਰਹੇ ਵਾਧੇ ਤੋਂ ਚਿੰਤਤ ਜੰਮੂ ਕਸ਼ਮੀਰ ਪੁਲੀਸ ਨੇ ਤਾਲਮੇਲ ਮੁਹਿੰਮ ਨੂੰ ਤੇਜ਼ ਕਰਦਿਆਂ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਰਾਹੀਂ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ।
ਜੰਮੂ-ਕਸ਼ਮੀਰ ਪੁਲੀਸ ਦੇ ਡੀਜੀਪੀ ਐਸ.ਪੀ. ਵੈਦ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੁਲੀਸ ਵੱਲੋਂ ਅਤਿਵਾਦੀ ਸੰਗਠਨਾਂ ’ਚ ਨਵੇਂ ਸ਼ਾਮਲ ਹੋਏ ਲੋਕਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਹਥਿਆਰ ਛੱਡ ਕੇ ਘਰ ਪਰਤਣ ਲਈ ਕਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

 

 

fbbg-image

Latest News
Magazine Archive