ਮੌਨਸੂਨ ਮੁੜ ਸਰਗਰਮ; ਉੱਤਰੀ ਭਾਰਤ ਨੂੰ ਇਸੇ ਹਫ਼ਤੇ ਮਿਲੇਗੀ ਰਾਹਤ


ਨਵੀਂ ਦਿੱਲੀ - ਭਾਰਤ ਦੇ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਦੇਸ਼ ਦੇ 25 ਫ਼ੀਸਦੀ ਤੋਂ ਘੱਟ ਹਿੱਸੇ ਵਿੱਚ ਆਮ ਜਾਂ ਆਮ ਨਾਲੋਂ ਵੱਧ ਮੀਂਹ ਪਿਆ ਹੈ। ਇਸ ਦੇ ਨਾਲ ਹੀ ਅੱਜ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਚੱਲ ਰਹੇ ਹਫ਼ਤੇ ਦੇ ਇਨ੍ਹਾਂ ਆਖ਼ਰੀ ਦਿਨਾਂ ਵਿੱਚ ਮੌਨਸੂਨ ਮੁੜ ਸਰਗਰਮ ਹੋ ਗਿਆ ਹੈ ਅਤੇ ਹੌਲੀ-ਹੌਲੀ ਅੱਗੇ ਵੱਧ ਰਿਹਾ ਹੈ।
ਮੌਸਮ ਵਿਭਾਗ ਅਨੁਸਾਰ ਕੇਂਦਰੀ ਤੇ ਉੱਤਰੀ ਭਾਰਤ ਦੇ ਮੈਦਾਨੀ ਇਲਾਕੇ ਜਿੱਥੇ ਕਿ ਕਾਫੀ ਗਰਮੀ ਪੈ ਰਹੀ ਹੈ, ਨੂੰ ਅਗਲੇ ਦੋ-ਤਿੰਨ ਦਿਨਾਂ ਵਿੱਚ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਮ੍ਰਿਤੁੰਜਯ ਮਹਾਪਾਤਰਾ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ਵਿੱਚ 27 ਜੂਨ ਤੋਂ ਮੌਨਸੂਨ ਤੋਂ ਪਹਿਲਾਂ ਦੇ ਮੀਂਹ ਦੇ ਹਾਲਾਤ ਬਣ ਰਹੇ ਹਨ। ਦਿੱਲੀ ਵਿੱਚ ਮੌਨਸੂਨ 29 ਜੂਨ ਨੂੰ ਪਹੁੰਚਣ ਦੀ ਆਸ ਹੈ ਜੋ ਕੌਮੀ ਰਾਜਧਾਨੀ ਦਿੱਲੀ ਵਿੱਚ ਮੌਨਸੂਨ ਦੇ ਪਹੁੰਚਣ ਦੀ ਆਮ ਤਰੀਕ ਹੈ। ਸ੍ਰੀ ਮਹਾਪਾਤਰ ਨੇ ਕਿਹਾ ਕਿ ਮੌਨਸੂਨ 23 ਜੂਨ ਤੋਂ ਮਜ਼ਬੂਤ ਹੋਇਆ ਹੈ।
ਦੱਖਣ-ਪੱਛਮੀ ਮੌਨਸੂਨ ਨਿਰਧਾਰਤ ਆਮ ਤਰੀਕ ਤੋਂ ਤਿੰਨ ਦਿਨ ਪਹਿਲਾਂ 29 ਮਈ ਨੂੰ ਪਹੁੰਚਿਆ ਅਤੇ ਕੇਰਲ, ਮਹਾਰਾਸ਼ਟਰ ਤੇ ਦੱਖਣੀ ਗੁਜਰਾਤ ਦੇ ਤੱਟਵਰਤੀ ਇਲਾਕਿਆਂ ਵਿੱਚ ਮੀਂਹ ਪਿਆ। ਹਾਲਾਂਕਿ ਕੱਲ੍ਹ ਤੱਕ ਕੁੱਲ ਮਿਲਾ ਕੇ ਮੀਂਹ ਆਮ ਨਾਲੋਂ 10 ਫ਼ੀਸਦੀ ਘੱਟ ਪਿਆ। ਦੇਸ਼ ਦੇ ਚਾਰ ਮੌਸਮ ਵਿਭਾਗ ਦੇ ਮੰਡਲਾਂ ਵਿੱਚੋਂ ਸਿਰਫ਼ ਦੱਖਣੀ ਖੇਤਰ ਹੀ ਅਜਿਹਾ ਰਿਹਾ ਜਿੱਥੇ 29 ਫ਼ੀਸਦ ਵੱਧ ਮੀਂਹ ਦਰਜ ਕੀਤਾ ਗਿਆ। ਪੂਰਬੀ-ਉੱਤਰ ਪੂਰਬ ਅਤੇ ਉੱਤਰ-ਪੱਛਮੀ ਭਾਰਤ ਵਿੱਚ ਕ੍ਰਮਵਾਰ 29 ਤੇ 24 ਫ਼ੀਸਦ ਘੱਟ ਮੀਂਹ ਪਿਆ ਹੈ। ਭਾਰਤ ਦੇ 36 ਮੌਸਮ ਵਿਭਾਗੀ ਉਪ ਮੰਡਲਾਂ ਵਿੱਚੋਂ 24 ਉਪ ਮੰਡਲਾਂ ਵਿੱਚ ਘੱਟ ਤੇ ਬਹੁਤ ਘੱਟ ਮੀਂਹ ਪਿਆ। ਇਸ ਦਾ ਮਤਲਬ ਹੈ ਕਿ ਦੇਸ਼ ਦੇ 25 ਫ਼ੀਸਦ ਤੋਂ ਘੱਟ ਹਿੱਸੇ ਵਿੱਚ ਆਮ ਜਾਂ ਆਮ ਨਾਲੋਂ ਵੱਧ ਮੀਂਹ ਪਿਆ।

 

 

fbbg-image

Latest News
Magazine Archive