ਇੰਗਲੈਂਡ ਦੀ ਪਨਾਮਾ ’ਤੇ ਇਤਿਹਾਸਕ ਜਿੱਤ


ਨਿਝਨੀ ਨੋਵਗੋਰੋਦ - ਕਪਤਾਨ ਹੈਰੀ ਕੇਨ ਦੇ ਗੋਲਾਂ ਦੀ ਹੈਟ੍ਰਿਕ ਦੀ ਮਦਦ ਨਾਲ ਇੰਗਲੈਂਡ ਨੇ ਵਿਸ਼ਵ ਕੱਪ ਗਰੁੱਪ ‘ਜੀ’ ਦੇ ਆਪਣੇ ਦੂਜੇ ਮੈਚ ਵਿੱਚ ਅੱਜ ਇੱਥੇ ਪਨਾਮਾ ਨੂੰ 6-1 ਗੋਲਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਨਾਲ ਆਖ਼ਰੀ 16 ਲਈ ਕੁਆਲੀਫਾਈ ਕਰ ਲਿਆ ਹੈ। ਇੰਗਲੈਂਡ ਦੀ ਵਿਸ਼ਵ ਕੱਪ ਫਾਈਨਲਜ਼ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਜਿੱਤ ਹੈ। ਟੀਮ ਨੇ 1966 ਵਿੱਚ ਖ਼ਿਤਾਬ ਜਿੱਤਣ ਮਗਰੋਂ ਪਹਿਲੀ ਵਾਰ ਵਿਸ਼ਵ ਕੱਪ ਦੇ ਕਿਸੇ ਮੈਚ ਵਿੱਚ ਚਾਰ ਤੋਂ ਵੱਧ ਗੋਲ ਕੀਤੇ ਹਨ। ਨਿੱਝਨੀ ਨੋਵਗੋਰੋਦ ਸਟੇਡੀਅਮ ਵਿੱਚ ਹੈਰੀ ਕੇਨ (22ਵੇਂ, 45+1 ਅਤੇ 62ਵੇਂ ਮਿੰਟ) ਦੀ ਹੈਟ੍ਰਿਕ ਤੋਂ ਇਲਾਵਾ ਇੰਗਲੈਂਡ ਵੱਲੋਂ ਜੌਨ ਸਟੌਨਜ਼ (ਅੱਠਵੇਂ ਅਤੇ 40ਵੇਂ ਮਿੰਟ) ਨੇ ਦੋ, ਜਦਕਿ ਜੇਸੀ ਲਿੰਗਾਰਡ (36ਵੇਂ ਮਿੰਟ) ਨੇ ਇੱਕ ਗੋਲ ਕੀਤਾ। ਪਨਾਮਾ ਵੱਲੋਂ ਇੱਕੋ-ਇੱਕ ਗੋਲ ਫੇਲਿਪ ਬੇਲੋਯ (78ਵੇਂ ਮਿੰਟ) ਨੇ ਕੀਤਾ, ਜੋ ਟੀਮ ਦਾ ਵਿਸ਼ਵ ਕੱਪ ਵਿੱਚ ਪਹਿਲਾ ਗੋਲ ਹੈ।
ਕੇਨ ਮੌਜੂਦਾ ਟੂਰਨਾਮੈਂਟ ਵਿੱਚ ਪੰਜ ਗੋਲਾਂ ਨਾਲ ਗੋਲਡਨ ਬੂਟ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ। ਉਹ ਵਿਸ਼ਵ ਕੱਪ ਵਿੱਚ ਹੈਟ੍ਰਿਕ ਮਾਰਨ ਵਾਲੇ ਇੰਗਲੈਂਡ ਦਾ ਸਿਰਫ਼ ਤੀਜਾ ਖਿਡਾਰੀ ਹੈ। ਉਸ ਤੋਂ ਪਹਿਲਾਂ ਜਿਯੌਫ਼ ਹਸਰਟ 1996 ਵਿੱਚ, ਜਦਕਿ ਗੈਰੀ ਲਿਨੇਕਰ 1986 ਵਿੱਚ ਇਹ ਕਾਰਨਾਮਾ ਕਰ ਚੁੱਕਿਆ ਹੈ। ਇੰਗਲੈਂਡ ਦੀ ਜਿੱਤ ਨਾਲ ਬੈਲਜੀਅਮ ਨੇ ਵੀ ਗਰੁੱਪ ‘ਜੀ’ ਨਾਲ ਆਖ਼ਰੀ-16 ਵਿੱਚ ਥਾਂ ਬਣਾ ਲਈ ਹੈ। ਬੈਲਜੀਅਮ ਦੀ ਟੀਮ ਵੀ ਇੰਗਲੈਂਡ ਵਾਂਗ ਹੀ ਆਪਣੇ ਦੋਵੇਂ ਮੈਚ ਜਿੱਤ ਕੇ ਛੇ ਅੰਕ ਲੈ ਚੁੱਕੀ ਹੈ ਅਤੇ ਦੋਵਾਂ ਟੀਮਾਂ ਦਾ ਗੋਲ ਫ਼ਰਕ ਵੀ ਜਮ੍ਹਾਂ ਛੇ ਹੈ। ਪਨਾਮਾ ਦੀ ਟੀਮ ਲਗਾਤਾਰ ਦੋ ਹਾਰਾਂ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਈ, ਜਦਕਿ ਆਪਣੇ ਪਹਿਲੇ ਦੋ ਮੈਚ ਹਾਰ ਚੁੱਕੀ ਟਿਊਨਿਸ਼ੀਆ ਦੀ ਟੀਮ ਦਾ ਸਫ਼ਰ ਵੀ ਗਰੁੱਪ ਗੇੜ ਵਿੱਚ ਹੀ ਰੁਕ ਗਿਆ। ਇੰਗਲੈਂਡ ਦੀ ਟੀਮ ਨੇ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਪਨਾਮਾ ਦੀ ਟੀਮ ਇੱਕ ਵਾਰ ਫਿਰ ਖ਼ਰਾਬ ਖੇਡੀ। ਮੈਚ ਦੇ ਦੂਜੇ ਹੀ ਮਿੰਟ ਵਿੱਚ ਗੈਬਰੀਅਲ ਗੋਮੇਜ਼ ਨਾਲ ਟਕਰਾ ਕੇ ਜੇਸੀ ਲਿੰਗਾਰਡ ਮੈਦਾਨ ’ਤੇ ਡਿੱਗ ਗਿਆ। ਇਸ ਕਾਰਨ ਇੰਗਲੈਂਡ ਨੂੰ ਪੈਨਲਟੀ ਮਿਲੀ। ਪਨਾਮਾ ਦੇ ਐਡਗਰ ਬਾਰਸੇਨਾਸ ਨੇ ਪੰਜਵੇਂ ਮਿੰਟ ਵਿੱਚ ਕੇਨ ਦੇ ਪਾਸ ਨੂੰ ਵਿਚਾਲੇ ਰੋਕਿਆ, ਪਰ ਦਮਦਾਰ ਸ਼ਾਟ ਗੋਲ ਤੋਂ ਕੁੱਝ ਦੂਰੀ ਨਾਲ ਬਾਹਰ ਚਲਾ ਗਿਆ। ਇੰਗਲੈਂਡ ਨੇ ਅੱਠਵੇਂ ਮਿੰਟ ਵਿੱਚ ਲੀਡ ਬਣਾਈ। ਇੰਗਲੈਂਡ ਨੂੰ ਕਾਰਨਰ ਮਿਲਣ ਮਗਰੋਂ ਟ੍ਰਿਪਰ ਦੀ ਕਾਰਨਰ ਕਿੱਕ ਨੂੰ ਸਟੋਨਜ਼ ਨੇ ਹੈਡਰ ਨਾਲ ਗੋਲ ਦੇ ਅੰਦਰ ਪਹੁੰਚਾ ਕੇ ਬ੍ਰਿਟਿਸ਼ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਪਨਾਮਾ ਦੇ ਖਿਡਾਰੀਆਂ ਵਿੱਚ ਠਰੰਮ੍ਹਾ ਨਹੀਂ ਸੀ। ਇਸ ਦਾ ਅਸਰ ਦੋ ਮਿੰਟ ਮਗਰੋਂ ਉਦੋਂ ਵਿਖਾਈ ਦਿੱਤਾ, ਜਦੋਂ ਅਰਮਾਂਡੋ ਕੂਪਰ ਨੇ ਲਿੰਗਾਰਡ ਨੂੰ ਡੇਗ ਦਿੱਤਾ ਅਤੇ ਉਸ ਨੂੰ ਲਗਾਤਾਰ ਦੂਜੇ ਮੈਚ ਵਿੱਚ ਪੀਲਾ ਕਾਰਡ ਵਿਖਾਇਆ ਗਿਆ। ਇਸ ਤਰ੍ਹਾਂ ਉਹ ਟਿਊਨਿਸ਼ੀਆ ਖ਼ਿਲਾਫ਼ ਆਪਣੀ ਟੀਮ ਦੇ ਤੀਜੇ ਅਤੇ ਆਖ਼ਰੀ ਲੀਗ ਮੈਚ ਵਿੱਚ ਨਹੀਂ ਖੇਡ ਸਕੇਗਾ। ਇੰਗਲੈਂਡ ਨੇ 22ਵੇਂ ਮਿੰਟ ਵਿੱਚ ਲੀਡ ਦੁੱਗਣੀ ਕਰ ਲਈ। ਇਸ ਵਾਰ 20ਵੇਂ ਮਿੰਟ ਵਿੱਚ ਲਿੰਗਾਰਡ ਖ਼ਿਲਾਫ਼ ਫੀਦਲ ਐਸਕੋਬਾਰ ਨੇ ਬੌਕਸ ਦੇ ਅੰਦਰ ਫਾਊਲ ਕਰਦਿਆਂ ਉਸ ਨੂੰ ਡੇਗ ਦਿੱਤਾ। ਰੈਫਰੀ ਨੇ ਇੰਗਲੈਂਡ ਨੂੰ ਪੈਨਲਟੀ ਦੇ ਦਿੱਤੀ। ਕਪਤਾਨ ਕੇਨ ਨੇ ਗੋਲ ਕਰਕੇ ਇੰਗਲੈਂਡ ਦੀ ਲੀਡ ਦੁੱਗਣੀ ਕਰ ਦਿੱਤੀ।
ਕੇਨ ਇੰਗਲੈਂਡ ਦਾ ਸਿਰਫ਼ ਦੂਜਾ ਖਿਡਾਰੀ ਹੈ, ਜਿਸ ਨੇ ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ਵਿੱਚ ਇੰਗਲੈਂਡ ਵੱਲੋਂ ਗੋਲ ਕੀਤੇ ਹਨ। ਕੇਨ ਨੇ ਟਿਊਨਿਸ਼ੀਆ ਖ਼ਿਲਾਫ਼ ਇੰਗਲੈਂਡ ਦੇ ਦੋਵੇਂ ਗੋਲ ਕੀਤੇ ਸਨ। ਪਨਾਮਾ ਨੇ ਪਲਟਵਾਰ ਕਰਦਿਆਂ ਜੋਸ ਲੁਈ ਰੌਡਰਿਗਜ਼ ਦੀ ਮਦਦ ਨਾਲ ਚੰਗਾ ਮੌਕਾ ਬਣਾਇਆ, ਪਰ ਰੂਬੇਨ ਲੌਫਟਸ ਚੀਕ ਨੇ ਉਸ ਨੂੰ ਡਿਗਾ ਕੇ ਫਾਊਲ ਕਰ ਦਿੱਤਾ। ਇਸ ਕਾਰਨ ਰੈਫਰੀ ਨੇ ਉਸ ਨੂੰ ਪੀਲਾ ਕਾਰਡ ਵੀ ਵਿਖਾਇਆ। ਇਸ ਤੋਂ ਬਾਦ ਰਹੀਮ ਸਟਰਲਿੰਗ ਨੇ 36ਵੇਂ ਮਿੰਟ ਵਿੱਚ ਇੰਗਲੈਂਡ ਵੱਲੋਂ ਤੀਜਾ ਗੋਲ ਦਾਗ਼ਿਆ।
ਜਾਪਾਨ ਤੇ ਸੇਨੇਗਲ ਵੱਲੋਂ 2-2 ਗੋਲਾਂ ਦੀ ਬਰਾਬਰੀ
ਏਕਾਤੇਰਿਨਬਰਗ - ਕੋਇਸੁਕੇ ਹੌਂਡਾ ਦੇ ਗੋਲ ਦੀ ਮਦਦ ਨਾਲ ਜਾਪਾਨ ਨੇ ਪੱਛੜਣ ਮਗਰੋਂ ਵਾਪਸੀ ਕਰਦਿਆਂ ਅੱਜ ਇੱਥੇ ਫੀਫਾ ਵਿਸ਼ਵ ਕੱਪ ਗਰੁੱਪ ‘ਐਚ’ ਮੈਚ ਵਿੱਚ ਸੇਨੇਗਲ ਨੂੰ 2-2 ਗੋਲਾਂ ਨਾਲ ਬਰਾਬਰੀ ’ਤੇ ਰੋਕ ਕੇ ਨਾਕਆਊਟ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਸੇਨੇਗਲ ਨੇ ਸਾਦਿਓ ਮਾਨੇ (11ਵੇਂ ਮਿੰਟ) ਅਤੇ ਮੂਸਾ ਵੇਗ (71ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਮੈਚ ਵਿੱਚ ਦੋ ਵਾਰ ਲੀਡ ਬਣਾਈ, ਪਰ ਜਾਪਾਨ ਨੇ ਤਕਾਸ਼ੀ ਇਨਯੁਈ (14ਵੇਂ ਮਿੰਟ) ਅਤੇ ਹੌਂਡਾ (78ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਦੋਵੇਂ ਵਾਰ ਬਰਾਬਰੀ ਹਾਸਲ ਕਰ ਲਈ। ਇਸ ਡਰਾਅ ਮਗਰੋਂ ਜਾਪਾਨ ਅਤੇ ਸੇਨੇਗਲ ਦੋਵਾਂ ਦੇ ਦੋ ਮੈਚਾਂ ਵਿੱਚ ਇੱਕ ਜਿੱਤ ਅਤੇ ਇੱਕ ਡਰਾਅ ਨਾਲ ਚਾਰ-ਚਾਰ ਅੰਕ ਹੋ ਗਏ ਹਨ। ਦੋਵਾਂ ਦੇ ਗੋਲ ਵੀ ਬਰਾਬਰ ਹਨ। ਜਾਪਾਨ ਨੇ ਆਪਣੇ ਪਹਿਲੇ ਮੈਚ ਵਿੱਚ ਕੋਲੰਬੀਆ ਨੂੰ 2-1 ਨਾਲ ਹਰਾਇਆ ਸੀ, ਜਦਕਿ ਸੇਨੇਗਲ ਨੇ ਪੋਲੈਂਡ ਨੂੰ ਇਸੇ ਫ਼ਰਕ ਨਾਲ ਮਾਤ ਦਿੱਤੀ ਸੀ। ਸੇਨੇਗਲ ਨੇ ਇਸ ਤਰ੍ਹਾਂ ਜਾਪਾਨ ਖ਼ਿਲਾਫ਼ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।
 

 

 

fbbg-image

Latest News
Magazine Archive