ਖਹਿਰਾ ਉੱਤੇ ਝਡ਼ਿਆ ਆਪ ਹਾਈਕਮਾਂਡ ਦਾ ਨਜ਼ਲਾ


ਨਵੀਂ ਦਿੱਲੀ - ‘ਰਾਏਸ਼ੁਮਾਰੀ 2020’ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਵਿਵਾਦਗ੍ਰਸਤ ਬਿਆਨ ਨਾਲ ਪਾਰਟੀ ਦੇ ਅੰਦਰ ਅਤੇ ਪੰਜਾਬ ਵਿੱਚ ਗਰਮਾਏ ਰਾਜਸੀ ਮਾਹੌਲ ਦੇ ਚੱਲਦਿਆ ਅੱਜ ਇੱਥੇ ਖਹਿਰਾ ਨੂੰ ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਅਤੇ ਇਸ ਤੋਂ ਬਾਅਦ ਖਹਿਰਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਿਲਣ ਚਲੇ ਗਏ ਅਤੇ ਇੱਥੇ ਵੀ ਖਹਿਰਾ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਸ੍ਰੀ ਸਿਸੋਦੀਆ ਨੇ ਖਹਿਰਾ ਲਈ ਸਖਤ ਸ਼ਬਦਾਂ ਦੀ ਵਰਤੋਂ ਕੀਤੀ ਦੱਸੀ ਜਾਂਦੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਪ ਦਾ ‘ਰਾਏਸ਼ੁਮਾਰੀ 2020’ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਖਹਿਰਾ ਪੰਜਾਬ ਇਕਾਈ ਦੇ ਪਾਰਟੀ ਪ੍ਰਧਾਨ ਰਾਹੀਂ ਆਪਣਾ ਪੱਖ ਲਿਖਤੀ ਰੂਪ ਵਿੱਚ ਭੇਜਣ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਖਹਿਰਾ ਨੇ ਕਿਹਾ ਸੀ, ’ਸਿੱਖ ਰਾਏਸ਼ੁਮਾਰੀ 2020’ ਦੀ ਹਮਾਇਤ ਕਰਦੇ ਹਾਂ ਕਿਉਂਕਿ ਸਿੱਖਾਂ ਨੂੰ ਆਪਣੇ ਉੱਤੇ ਹੋਏ ਜੁਲਮਾਂ ਵਿਰੁੱਧ ਇਨਸਾਫ਼ ਹਾਸਲ ਕਰਨ ਦਾ ਹੱਕ ਹੈ।’  ਬਾਅਦ ਵਿੱਚ ਭਾਵੇਂ ਖਹਿਰਾ ਨੇ ਆਪਣੇ ੲਿਸ ਬਿਆਨ ਤੋਂ ਪਿੱਛੇ ਹਟ ਕੇ ਤਵਾਜ਼ਨ ਬੈਠਾਉਣ ਦੀ ਕੋ਼ਸਿਸ਼ ਕੀਤੀ ਸੀ ਪਰ ਕਾਂਗਰਸ ਅਤੇ ਭਾਜਪਾ ਨੇ ਆਪ ਤੋਂ ਮੰਗ ਕੀਤੀ ਕਿ ਖਹਿਰਾ ਤੋਂ ਅਸਤੀਫਾ ਲਿਆ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖਹਿਰਾ ਦੇ ੲਿਸ ਬਿਆਨ ਨੂੰ ‘ਵੱਖਵਾਦ ਪੱਖੀ’ ਕਰਾਰ ਦਿੱਤਾ ਸੀ। ਆਲੋਚਨਾ ਵਿੱਚ ਘਿਰਨ ਬਾਅਦ ਸ੍ਰੀ ਖਹਿਰਾ ਨੇ ਇੱਕ ਟਵੀਟ ਰਾਹੀਂ ਕੈਪਟਨ ਨੂੰ ਸੰਬੋਧਨ ਕਰਕੇ ਕਿਹਾ ਸੀ,‘  ਮੈਨੂੰ ਹੈਰਾਨੀ ਹੋਈ ਹੈ ਕਿ ਤੁਹਾਡੇ ਵਰਗਾ ਆਗੂ ਤੱਥਾਂ ਦੀ ਪਡ਼ਚੋਲ ਕੀਤੇ ਬਿਨਾਂ ਮੇਰੇ ਵਿਰੁੱਧ ਟਵੀਟ ਕਰ ਰਿਹਾ ਹੈ। ਮੈਂ ਰਾਏਸ਼ੁਮਾਰੀ 2020 ਲਈ ਵੋਟ ਨਹੀਂ ਪਾਈ ਪਰ ਮੈਨੂੰ ਇਹ ਕਹਿਣ ਵਿੱਚ ਵੀ ਝਿਜਕ ਨਹੀਂ ਹੈ ਕਿ ਕੇਂਦਰ ਸਰਕਾਰ ਵੱਲੋਂ ਸਿੱਖਾਂ ਨਾਲ ਵਿਤਕਰੇ ਦੀ ਨੀਤੀ ਨਿਰੰਤਰ ਜਾਰੀ ਰਹੀ ਹੈ।’
ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੰਗ ਕਰ ਚੁੱਕੇ ਹਨ ਕਿ ਕੇਜਰੀਵਾਲ, ਖਹਿਰਾ ਨੂੰ ਪਾਰਟੀ ਵਿੱਚੋਂ ਕੱਢਣ। ਦਿੱਲੀ ਦੇ ਆਪ ਆਗੂਆਂ ਨੇ ਦੱਸਿਆ ਹੈ ਕਿ ਖਹਿਰਾ ਦੇ ਬਿਆਨ ਤੋਂ ਕੇਜਰੀਵਾਲ ਬੇਹੱਦ        ਖਫ਼ਾ ਹਨ ਅਤੇ ਖਹਿਰਾ ਕਹਿ ਰਹੇ ਹਨ ਕਿ ਉਨ੍ਹਾਂ ਦੇ ਬਿਆਨ ਨੂੰ ਤੋਡ਼ ਮਰੋਡ਼ ਕੇ ਪੇਸ਼ ਕੀਤਾ ਗਿਆ ਹੈ।  ਖਹਿਰਾ ਦੀ ਹੋਣੀ ਬਾਰੇ ਫੈਸਲਾ ਅਗਲੇ ਕੁੱਝ ਦਿਨ ਵਿੱਚ ਪੰਜਾਬ ਇਕਾਈ ਦੇ ਪ੍ਰਧਾਨ ਵੱਲੋਂ ਭੇਜੇ ਲਿਖਤੀ ਜਵਾਬ ਨਾਲ ਹੋਣ ਦੇ       ਆਸਾਰ ਹਨ। 

 

 

fbbg-image

Latest News
Magazine Archive