ਕਸ਼ਮੀਰ ਵਿੱਚ ਇਕਤਰਫ਼ਾ ਗੋਲੀਬੰਦੀ ਖ਼ਤਮ


ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਰਮਜ਼ਾਨ ਦੇ ਪਾਕ ਮਹੀਨੇ ਦੌਰਾਨ ਦਹਿਸ਼ਤਗਰਦਾਂ ਖ਼ਿਲਾਫ਼ ਲਾਗੂ ਕੀਤੀ ਇਕਤਰ਼ਫ਼ਾ ਗੋਲੀਬੰਦੀ ਅੱਜ ਵਾਪਸ ਲੈ ਲਈ ਹੈ ਤੇ ਸੁਰੱਖਿਆ ਦਸਤਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਲਦੀ ਦਹਿਸ਼ਤਗਰਦਾਂ ਨੂੰ ਹਮਲੇ ਤੇ ਹਿੰਸਾ ਕਰਨ ਤੋਂ ਰੋਕਣ ਦੇ ਸਾਰੇ ਲੋੜੀਂਦੇ ਕਦਮ ਚੁੱਕਣ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਕ ਬਿਆਨ ਵਿੱਚ ਕਿਹਾ, ‘‘ਸੁਰੱਖਿਆ ਦਸਤਿਆਂ ਨੂੰ ਅਜਿਹੇ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਕਿ ਦਹਿਸ਼ਤਗਰਦਾਂ ਨੂੰ ਹਮਲੇ ਕਰਨ ਅਤੇ ਹਿੰਸਾ ਤੇ ਕਤਲੋਗਾਰਤ ਫੈਲਾਉਣ ਤੋਂ ਰੋਕਿਆ ਜਾ ਸਕੇ’’ ਪਰ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਰਾਜ ਵਿੱਚ ਦਹਿਸ਼ਤ ਤੇ ਹਿੰਸਾ ਤੋਂ ਮੁਕਤ ਮਾਹੌਲ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਰੱਖੇਗੀ। ਉਨ੍ਹਾਂ ਕਿਹਾ ‘‘ ਸਾਰੇ ਅਮਨਪਸੰਦ ਤਬਕਿਆਂ ਦੇ ਲੋਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਅੱਗੇ ਆਉਣ ਤੇ ਦਹਿਸ਼ਤਗਰਦਾਂ ਨੂੰ ਅਲੱਗ-ਥਲੱਗ ਕਰਨ ਤੇ ਗੁਮਰਾਹ ਹੋਏ ਨੌਜਵਾਨਾਂ ਨੂੰ ਅਮਨ ਦੇ ਰਾਹ ’ਤੇ ਲਿਆਉਣ।’’ ਕੇਂਦਰ ਸਰਕਾਰ ਨੇ ਲੰਘੀ 17 ਮਈ ਨੂੰ ਦਹਿਸ਼ਤਗਰਦਾਂ ਖ਼ਿਲਾਫ਼ ਅਪਰੇਸ਼ਨ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਗ੍ਰਹਿ ਮੰਤਰੀ ਨੇ ਇਸ ਮਹੀਨੇ ਦੌਰਾਨ ਸੁਰੱਖਿਆ ਦਸਤਿਆਂ ਵੱਲੋਂ ਫ਼ੈਸਲੇ ਨੂੰ ਤਨੋ ਮਨੋ ਲਾਗੂ ਕਰਨ ਦੀ ਸ਼ਲਾਘਾ ਕੀਤੀ ਤਾਂ ਕਿ ਮੁਸਲਿਮ ਭਰਾ ਭੈਣਾਂ ਸ਼ਾਂਤਮਈ ਮਾਹੌਲ ਵਿੱਚ ਰਮਜ਼ਾਨ ਅਦਾ ਕਰ ਸਕਣ। ਗ੍ਰਹਿ ਮੰਤਰੀ ਨੇ ਕਿਹਾ ‘‘ ਸੁਰੱਖਿਆ ਦਸਤਿਆਂ ਨੇ ਇਸ ਦੌਰਾਨ ਮਿਸਾਲੀ ਜ਼ਬਤ ਦਾ ਮੁਜ਼ਾਹਰਾ ਕੀਤਾ ਜਦਕਿ ਦਹਿਸ਼ਤਗਰਦਾਂ ਨੇ ਆਮ ਲੋਕਾਂ ਤੇ ਸੁਰੱਖਿਆ ਦਸਤਿਆਂ ’ਤੇ ਹਮਲੇ ਜਾਰੀ ਰੱਖੇ ਜਿਸ ਕਾਰਨ ਕਈ ਮੌਤਾਂ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ 17 ਅਪਰੈਲ ਤੋਂ 17 ਮਈ ਤੱਕ ਅਤਿਵਾਦੀ ਹਮਲਿਆਂ ਦੀਆਂ 18 ਵਾਰਦਾਤਾਂ ਹੋਈਆਂ ਸਨ ਜਦਕਿ ਰਮਜ਼ਾਨ ਦੀ ਗੋਲੀਬੰਦੀ ਦੇ  ਅਰਸੇ ਦੌਰਾਨ ਵਾਰਦਾਤਾਂ ਦੀ ਗਿਣਤੀ ਵਧ ਕੇ 50 ਹੋ ਗਈ।
ਪੀਐਮਓ ਵਿੱਚ ਗ੍ਰਹਿ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕੁਝ ਟੀਵੀ ਚੈਨਲਾਂ ਨਾਲ ਗੱਲਬਾਤ ਦੌਰਾਨ ਕਿਹਾ ‘‘ਅਸੀਂ ਸਹੀ ਭਾਵਨਾ ਨਾਲ ਫ਼ੈਸਲਾ ਲਿਆ ਸੀ। ਗ੍ਰਹਿ ਮੰਤਰਾਲੇ ਨੇ ਹਾਸਲ ਸਰੋਤਾਂ ਤੋਂ ਜਾਣਕਾਰੀਆਂ ਲੈਣ ਤੋਂ ਬਾਅਦ ਫ਼ੈਸਲਾ ਕੀਤਾ ਕਿ ਅਪਰੇਸ਼ਨ ਮੁਲਤਵੀ ਕਰਨ ਦਾ ਐਲਾਨ ਹੁਣ ਹੋਰ ਜਾਰੀ ਨਹੀਂ ਰਹੇਗਾ। ਮੇਰਾ ਖਿਆਲ ਹੈ ਕਿ ਸਾਡੇ ਸਾਰਿਆਂ ਲਈ ਫ਼ੌਰੀ ਤਰਜੀਹ ਅਮਰਨਾਥ ਯਾਤਰਾ ਨੂੰ ਸ਼ਾਂਤਮਈ ਤੇ ਸਫ਼ਲ ਢੰਗ ਨਾਲ ਸਿਰੇ ਚੜ੍ਹਾਉਣਾ ਹੈ ਤੇ ਇਸ ਮੰਤਵ ਲਈ ਨਾ ਕੇਵਲ ਸਰਕਾਰ ਸਗੋਂ ਨਾਗਰਿਕ ਸਮਾਜ ਨੂੰ ਵੀ ਸਹਿਯੋਗ ਦੇਣ ਦੀ ਲੋੜ ਹੈ ਤੇ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅਜਿਹਾ ਕੁਝ ਵੀ ਨਾ ਵਾਪਰੇ ਜਿਸ ਕਰ ਕੇ ਅਮਰਨਾਥ ਯਾਤਰਾ ਵਿੱਚ ਵਿਘਨ ਪੈਂਦਾ ਹੋਵੇ ਤੇ ਦੂਰੋਂ ਪਾਰੋਂ ਆਉਂਦੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚੇ।’’
ਕਸ਼ਮੀਰ ਦੀਆਂ ਸਿਆਸੀ ਸਫ਼ਾਂ ਨੇ ਮਾਯੂਸੀ ਜਤਾਈ
ਸਾਬਕਾ ਮੁੱਖ ਮੰਤਰੀ ਉਮਰ ਫ਼ਾਰੂਕ ਨੇ ਕਿਹਾ ਕਿ ਭਾਜਪਾ ਦੀ ਸੂਬਾਈ ਇਕਾਈ ਨੂੰ ਇਸ ਐਲਾਨ ’ਤੇ ਖੁਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਗੋਲੀਬੰਦੀ ਸਫ਼ਲ ਨਹੀਂ ਹੋ ਸਕੀ ਤਾਂ ਇਹ ਸਾਡੇ ਸਾਰਿਆਂ ਦੀ ਨਾਕਾਮੀ ਹੈ ਕਿਉਂਕਿ ਗੋਲੀਬੰਦੀ ਦਾ ਐਲਾਨ ਕਿਸੇ ਦੁਸ਼ਮਣ ਨੇ ਨਹੀਂ ਸਗੋਂ ਸਾਡੀ ਸਰਕਾਰ ਨੇ ਹੀ ਕੀਤਾ ਸੀ। ਸੱਤਾਧਾਰੀ ਪੀਡੀਪੀ ਦੇ ਜਨਰਲ ਸਕੱਤਰ ਪੀਰਜ਼ਾਦਾ ਮਨਸੂਰ ਨੇ ਕੇਂਦਰ ਦੇ ਫੈਸਲੇ ’ਤੇ ਨਾਉਮੀਦੀ ਜ਼ਾਹਰ ਕਰਦਿਆਂ ਕਿਹਾ ‘‘ ਸ਼ਾਂਤੀ ਦੋ ਤਰਫ਼ਾ ਅਮਲ ਹੁੰਦਾ ਹੈ, ਇਕਪਾਸੜ ਨਹੀਂ। ਅਸੀਂ ਆਪਣੀ ਪੂਰੀ ਵਾਹ ਲਾਈ ਪਰ ਹਾਲੀਆ ਘਟਨਾਵਾਂ ਤੇ ਸ਼ੁਜਾਤ ਬੁਖਾਰੀ ਦੀ ਤ੍ਰਾਸਦਿਕ ਹੱਤਿਆ ਨੇ ਇਹ ਫ਼ੈਸਲਾ ਲਾਜ਼ਮੀ ਬਣਾ ਦਿੱਤਾ। ਕਾਂਗਰਸ ਦੇ ਸੂਬਾਈ ਪ੍ਰਧਾਨ ਜੀ ਏ ਮੀਰ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਕਸ਼ਮੀਰ ਬਾਰੇ ਕੋਈ ਸਪਸ਼ਟ ਨੀਤੀ ਜਾਂ ਨਜ਼ਰੀਆ ਨਹੀਂ ਹੈ ਤੇ ਨਾ ਹੀ ਇਸ ਨੇ ਕਸ਼ਮੀਰ ਬਾਰੇ ਕੋਈ ਆਮ ਸਹਿਮਤੀ ਬਣਾਉਣ ਲਈ ਮੁੱਖਧਾਰਾ ਦੀਆਂ ਪਾਰਟੀਆਂ ਨਾਲ ਕੋਈ ਰਾਬਤਾ ਬਣਾਇਆ। ਸੀਪੀਐਮ ਦੇ ਵਿਧਾਇਕ ਯੂਸਫ਼ ਤਾਰੀਗਾਮੀ ਨੇ ਇਕਤਰਫ਼ਾ ਗੋਲੀਬੰਦੀ ਦਾ ਫ਼ੈਸਲਾ ਵਾਪਸ ਲੈਣ ਤੇ ਸ਼ਾਂਤੀ ਦਾ ਇਕ ਮੌਕਾ ਗੁਆਉਣ ’ਤੇ ਅਫ਼ਸੋਸ ਜ਼ਾਹਰ ਕੀਤਾ ਹੈ।

 

 

fbbg-image

Latest News
Magazine Archive