ਦੋ ਅੰਕਾਂ ਦੀ ਵਿਕਾਸ ਦਰ ਅਜੇ ਦੂਰ ਦੀ ਗੱਲ: ਮੋਦੀ


ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਮੁੱਖ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋ ਅੰਕਾਂ ਦੀ ਵਿਕਾਸ ਦਰ ਹਾਸਲ ਕਰਨ ਲਈ ਭਾਰਤ ਨੂੰ ਕਾਫੀ ਕੁੱਝ ਕਰਨ ਦੀ ਲੋੜ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਰਾਜਾਂ ਦੀ ਕੇਂਦਰ ਦੀ ਤਰਫੋਂ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਵੀ ਦਿੱਤਾ।
ਨੀਤੀ ਆਯੋਗ ਦੀ ਚੌਥੀ ਮੀਟਿੰਗ ਮੌਕੇ ਗਵਰਨਿੰਗ ਕੌਂਸਲ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਆਸ ਕਰਦਾ ਹੈ ਕਿ ਭਾਰਤ ਜਲਦੀ ਪੰਜ ਖਰਬ ਅਮਰੀਕੀ ਡਾਲਰ ਦੀ ਆਰਥਿਕਤਾ ਬਣੇ। ਇਹ ਬਿਆਨ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ 23 ਸੂਬਿਆਂ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਉਪ ਰਾਜਪਾਲ ਸ਼ਾਮਲ ਹੋਏ। ਮੀਟਿੰਗ ਵਿੱਚੋਂ ਦਿੱਲੀ, ਜੰਮੂ ਕਸ਼ਮੀਰ ਅਤੇ ਉੜੀਸਾ ਦੇ ਮੁੱਖ ਮੰਤਰੀ ਗੈਰਹਾਜ਼ਰ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਕਿ ਉਹ 15 ਵੇਂ ਵਿੱਤ ਕਮਿਸ਼ਨ ਨੂੰ ਨਵੀਂਆਂ ਯੋਜਨਾਵਾਂ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਮੌਜੂਦਾ ਵਿਤੀ ਸਾਲ ਵਿੱਚ ਭਾਰਤ ਕੋਲ ਯੋਗਤਾ, ਸਮਰੱਥਾ ਅਤੇ ਸਾਧਨਾਂ ਦੀ ਕੋਈ ਘਾਟ  ਨਹੀਂ ਹੈ। ਰਾਜਾਂ ਨੂੰ ਕੇਂਦਰ ਦੀ ਤਰਫੋਂ 11 ਲੱਖ ਕਰੋੜ ਰੁਪਏ ਮਿਲਣਗੇ। ਇਹ ਪਿਛਲੀ ਸਰਕਾਰ ਦੇ ਇਸ ਸਾਲ ਦੇ ਮੁਕਾਬਲਤਨ ਛੇ ਲੱਖ ਕਰੋੜ ਵੱਧ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕਤਾ ਸਾਲ 2017-18 ਦੀ ਚੌਥੀ ਤਿਮਾਹੀ ਵਿੱਚ 7.7 ਦੀ ਵਿਕਾਸ ਦਰ ਹਾਸਲ ਕਰ ਚੁੱਕੀ ਹੈ। ਇਸ ਵਿਕਾਸ ਦਰ ਨੂੰ ਦੋ ਅੰਕਾਂ ਤੱਕ ਲੈ ਕੇ ਜਾਣ ਦੀ ਚੁਣੌਤੀ ਭਾਰਤ ਦੇ ਸਾਹਮਣੇ ਹੈ ਅਤੇ ਇਸ ਦੇ ਲਈ ਕਾਫੀ ਕਦਮ ਚੁੱਕਣ ਦੀ ਲੋੜ ਹੈ। ਕਾਨਫਰੰਸ ਵਿੱਚ,ਵਿਕਾਸ ਦੇ ਚਾਹਵਾਨ ਜ਼ਿਲ੍ਹਿਆਂ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਆਯੂਸ਼ਮਨ ਭਾਰਤ, ਮਿਸ਼ਨ ਇੰਦਰਧਨੁਸ਼, ਖੁਰਾਕ ਮਿਸ਼ਨ ਅਤੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਸਬੰਧੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਦੇਸ਼ ਦੇ ਵਿਕਾਸ ਵਿੱਚ ਤਬਦੀਲੀ ਲਿਆਉਣ ਲਈ ਵੱਡਾ ਮੰਚ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਨੀਤੀ ਆਯੋਗ ਵੱਲੋਂ 115 ਵਿਕਾਸ ਦੇ ਚਾਹਵਾਨ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ। ਰਾਜ ਆਪਣੇ ਪੱਧਰ ਉੱਤੇ ਵਿਕਾਸ ਦੇ ਚਾਹਵਾਨ ਵੀਹ ਫੀਸਦੀ ਬਲਾਕਾਂ ਦੀ ਚੋਣ ਲਈ ਮਿਆਰ ਨਿਰਧਾਰਤ ਕਰਨ।
ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ, ਡਿਜੀਟਲ ਵਿਤੀ ਲੈਣ ਦੇਣ, ਹੁਨਰ ਵਿਕਾਸ ਪ੍ਰੋਗਰਾਮਾਂ ਦੀ ਕਾਮਯਾਬੀ ਵਿੱਚ ਸਬ ਗਰੁੱਪਾਂ ਅਤੇ ਕਮੇਟੀਆਂ ਦੇ ਰਾਹੀਂ ਮੁੱਖ ਮੰਤਰੀਆਂ ਨੇ ਯੋਜਨਾਬੰਦੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਬ ਗਰੁੱਪਾਂ ਦੀਆਂ ਸਿਫਾਰਸ਼ਾਂ ਨੂੰ ਕੇਂਦਰੀ ਮੰਤਰੀਆਂ ਨੇ ਆਪਣੀਆਂ ਯੋਜਨਾਵਾਂ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਕਾਮਯਾਬੀ ਨਾਲ ਚੱਲ ਰਹੀਆਂ ਯੋਜਨਾਵਾਂ ਦਾ ਵੇਰਵੇ ਸਹਿਤ ਜ਼ਿਕਰ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਆਏ ਸੁਝਾਵਾਂ ਉੱਤੇ ਗੰਭੀਰਤਾ ਨਾਲ ਚਰਚਾ ਕੀਤੀ ਜਾਵੇਗੀ। ਇਸ ਮੌਕੇ ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੇਂਦਰ ਬਿਹਾਰ ਅਤੇ ਆਂਧਰਾ ਪ੍ਰਦੇਸ਼ ਦੀ ਵੰਡ ਸਮੇਂ ਦਿੱਤੇ ਵਚਨਾਂ ਨੂੰ ਸਹੀ ਭਾਵਨਾ ਨਾਲ ਲਾਗੂ ਕਰੇਗਾ। ਪ੍ਰਧਾਨ ਮੰਤਰੀ ਨੇ 2 ਅਕਤੂਬਰ 2019 ਤਕ ਸੌ ਫੀਸਦੀ ਪਖਾਨੇ ਮੁਹੱਈਆ ਕਰਵਾਉਣ ਪ੍ਰਤੀ ਵਚਨਬੱਧਤਾ ਪ੍ਰਗਟਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਗਵਰਨਿੰਗ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੇਸ਼ ਵਿੱਚ ਇੱਕ ਹੀ ਸਮੇਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਕਰਵਾਏ ਜਾਣ ਲਈ ਵਿਆਪਕ ਪੱਧਰ ਉੱਤੇ ਬਹਿਸ ਸ਼ੁਰੂ ਕਰਵਾਏ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਦੇ ਨਾਲ ਧਨ ਦੀ ਬੱਚਤ ਹੋਵੇਗੀ।
ਚਾਰ ਗੈਰਭਾਜਪਾ ਮੁੱਖ ਮੰਤਰੀਆਂ ਨੇ ਕੇਜਰੀਵਾਲ ਵਾਲਾ ਮੁੱਦਾ ਹੱਲ ਕਰਵਾਉਣ ਦੀ ਕੀਤੀ ਮੰਗ
ਨਵੀਂ ਦਿੱਲੀ - ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਦੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਮੰਗ ਕੀਤੀ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ (ਲੈਫਟੀਨੈਂਟ ਗਵਰਨਰ) ਵਿਚਕਾਰ ਪੈਦਾ ਹੋਏ ਵਿਵਾਦ ਦਾ ਦਖ਼ਲ ਦੇਕੇ ਨਿਪਟਾਰਾ ਕਰਾਉਣ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਆਂਧਰਾ ਦੇ ਚੰਦਰਬਾਬੂ ਨਾਇਡੂ, ਕੇਰਲਾ ਦੇ ਪਿਨਾਰੀ ਵਿਜੇਅਨ ਅਤੇ ਕਰਨਾਟਕ ਦੇ ਐੱਚਡੀ ਕੁਮਾਰਸਵਾਮੀ ਨੇ ਨੀਤੀ ਆਯੋਗ ਦੀ ਮੀਟਿੰਗ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਅਪੀਲ ਕੀਤੀ ਕਿ ਸੰਵਿਧਾਨ ਦੇ ਸੰਘੀ ਢਾਂਚੇ ਨੂੰ ਬਰਕਰਾਰ ਰੱਖਣ ਲਈ ਉਹ ਇਸ ਮੁੱਦੇ ਨੂੰ ਹੱਲ ਕਰਵਾਉਣ। ਇਸ ਮੌਕੇ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ। ਨੀਤੀ ਆਯੋਗ ਦੀ ਮੀਟਿੰਗ ਵਿੱਚ ਚਾਰ ਗੈਰ ਭਾਜਪਾ ਰਾਜ ਸਰਕਾਰਾਂ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਵਿੱਚ ਏਕਤਾ ਦੇਖਣ ਨੂੰ ਮਿਲੀ। ਚਾਰਾਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਇੱਕ ਸੁਰ ਹੋ ਕੇ ਕਿਹਾ ਕਿ ਕੇਂਦਰ ਨੂੰ ਸਹਿਯੋਗੀ ਸੰਘਵਾਦ ਦੀ ਨੀਤੀ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਰਾਜਾਂ ਦੇ ਮਾਮਲਿਆਂ ਵਿੱਚ ਬੇਲੋੜਾ ਦਖ਼ਲ ਨਹੀਂ ਦੇਣਾ ਚਾਹੀਦਾ। ਕੇਂਦਰ ਨਾਲ 15ਵੇਂ ਵਿੱਤ ਕਮਿਸ਼ਨ, ਕੇਂਦਰੀ ਫੰਡਾਂ ਦੀ ਵੰਡ ਆਦਿ ਮੁੱਦਿਆਂ ਉੱਤੇ ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਨੇ ਐਨਡੀਏ ਸਰਕਾਰ ਉੱਤੇ ਹੱਲਾ ਬੋਲਿਆ।
ਕਿਸਾਨੀ ਕਰਜ਼ੇ ਮੁਆਫ਼ ਕਰਨ ਲਈ ਕੇਂਦਰ ਕਮੇਟੀ ਬਣਾਏ: ਕੈਪਟਨ 
ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਿਆਂ ਨਾਲ ਵਿਚਾਰ ਵਟਾਂਦਰੇ ਰਾਹੀਂ ਕਿਸਾਨਾਂ ਲਈ ਕੌਮੀ ਕਰਜ਼ਾ ਮੁਆਫ਼ੀ ਸਕੀਮ ਦਾ ਖ਼ਾਕਾ ਤਿਆਰ ਕਰਨ ਵਾਸਤੇ ਕੇਂਦਰ ਸਰਕਾਰ ਅਤੇ ਕੁੱਝ ਮੁੱਖ ਮੰਤਰੀਆਂ ਉੱਤੇ ਆਧਾਰਤ ਕਮੇਟੀ ਗਠਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਮੁਕੰਮਲ ਰੂਪ ਵਿੱਚ ਪ੍ਰਵਾਨ ਕੀਤੇ ਜਾਣ ਉੱਪਰ ਜ਼ੋਰ ਦਿੰਦਿਆਂ  ਮੁੱਖ ਮੰਤਰੀ ਨੇ ਕਿਹਾ ਕਿ  ਗਵਰਨਿੰਗ ਕੌਂਸਲ ਨੂੰ ਪਹਿਲ ਦੇ ਆਧਾਰ ‘ਤੇ ਖੇਤੀ ਕਰਜ਼ੇ ਮੁਆਫ਼ ਕਰਨ ਦਾ ਮੁੱਦਾ ਵਿਚਾਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨੀਤੀ ਆਯੋਗ ਦੀ     ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਸਹਿਕਾਰੀ ਸੰਘਵਾਦ ਦੀ ਭਾਵਨਾ ਅਨੁਸਾਰ ਕੇਂਦਰ ਵੱਲੋਂ ਸੂਬਿਆਂ ਨੂੰ ਹੋਰ ਜ਼ਿਆਦਾ ਸ਼ਕਤੀਆਂ ਦਿੱਤੇ ਜਾਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਵਸ ਮਨਾਉਣ ਲਈ ਕੇਂਦਰੀ ਸਹਾਇਤਾ ਦਿੱਤੇ ਜਾਣ ਦੀ ਮੰਗ ਦੁਹਰਾਈ। ਉਨ੍ਹਾਂ ਨੇ ਅੰਮ੍ਰਿਤਸਰ ਦੇ ਜਲ੍ਹਿਆਂਵਾਲ੍ਹਾ ਕਾਂਡ ਦੀ ਅਗਲੇ ਸਾਲ ਮਨਾਈ ਜਾ ਰਹੀ ਸ਼ਤਾਬਦੀ ਵਾਸਤੇ ਵੀ ਕੇਂਦਰੀ ਸਹਾਇਤਾ ਦੀ ਮੰਗ ਕੀਤੀ।
ਪੰਜਾਬ ਦੇ ਸਰਹੱਦੀ ਇਲਾਕੇ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਵਾਸਤੇ ਵਿਸ਼ੇਸ਼ ਯਕਮੁਸ਼ਤ ਪੈਕੇਜ ਦੇਣ ਦੀ ਵੀ ਮੁੱਖ ਮੰਤਰੀ ਨੇ ਮੰਗ ਕੀਤੀ। ਉਨ੍ਹਾਂ ਨੇ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਕੇਂਦਰ ਸਰਕਾਰ ਵੱਲੋਂ ਪ੍ਰਾਪਤ ਕਰ (ਐਕੁਆਇਰ) ਲਏ ਜਾਣ ਦੀ ਮੰਗ ਕੀਤੀ। ਪੰਜਾਬ ਦੇ ਗੰਭੀਰ ਜਲ ਸੰਕਟ ਵੱਲ ਨੂੰ ਵਧਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਪੰਜਾਬ ਦੀਆਂ ਨਦੀਆਂ ਨੂੰ ਗੰਗਾ ਕਾਰਜ ਯੋਜਨਾ ਦੀ ਤਰਜ਼ ‘ਤੇ ਪੂੰਜੀ ਸਹਾਇਤਾ ਵਿੱਚ ਸ਼ਾਮਲ ਕੀਤੇ ਜਾਣ ਦੀ ਵੀ ਕੇਂਦਰ ਨੂੰ ਅਪੀਲ ਕੀਤੀ।ਉਨ੍ਹਾਂ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਵਾਲੇ ਕਿਸਾਨਾਂ ਨੂੰ ਝੋਨੇ ‘ਤੇ ਪ੍ਰਤੀ ਕੁਇੰਟਲ 100 ਰੁਪਏ ਬੋਨਸ ਸ਼ਰਤੀਆ ਨਗਦ ਤਬਾਦਲੇ ਦੇ ਰੂਪ ਵਿੱਚ ਦੇਣ ਦੀ ਮੰਗ ਕੀਤੀ।ਮੁੱਖ ਮੰਤਰੀ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਮੁੜ ਅਦਾਇਗੀ ਦੀ ਨਵੀਂ ਪ੍ਰਣਾਲੀ ਦਾ ਜਾਇਜ਼ਾ ਲੈਣ ਦੀ ਮੰਗ ਕੀਤੀ।

 

 

fbbg-image

Latest News
Magazine Archive