‘ਆਪ’ ਕਾਰਕੁਨਾਂ ਵੱਲੋਂ ਪ੍ਰਧਾਨ ਮੰਤਰੀ ਨਿਵਾਸ ਵੱਲ ਕੂਚ


ਨਵੀਂ ਦਿੱਲੀ - ਆਮ ਆਦਮੀ ਪਾਰਟੀ ਦੇ ਹਜ਼ਾਰਾਂ ਕਾਰਕੁਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਸ ਕੋਰਸ ਰੋਡ ਵਾਲੇ ਨਿਵਾਸ ਵੱਲ ਕੂਚ ਕਰ ਕੇ ਮੰਗ ਕੀਤੀ ਗਈ ਕਿ ਉਹ ਦਿੱਲੀ ਦੇ ਆਈਏਐਸ ਅਧਿਕਾਰੀਆਂ ਦੀ ‘ਅਣਐਲਾਨੀ ਹੜਤਾਲ’ ਖਤਮ ਕਰਵਾਉਣ ਲਈ ਉਪ ਰਾਜਪਾਲ ਅਨਿਲ ਬੈਜਲ ਨੂੰ ਹਦਾਇਤ ਕਰਨ। ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸੀਪੀਆਈਐਮ ਦੇ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਭਾਜਪਾ ਸਰਕਾਰ ਰਾਜਾਂ ਵਿੱਚ ਰਾਜਪਾਲਾਂ ਤੇ ਉਪ ਰਾਜਪਾਲਾਂ ਜ਼ਰੀਏ ਗ਼ੈਰ-ਭਾਜਪਾ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਵੇਂ ਦੇਸ਼ ਦੇ ਸੰਘੀ ਢਾਂਚੇ ਨੂੰ ਬਰਬਾਦ ਕਰ ਰਹੀ ਹੈ।
ਸ਼ਾਮ 4 ਵਜੇ ਤੋਂ ਹੀ ਦਿੱਲੀ ਦੇ ਮੰਡੀ ਹਾਊਸ ਮੈਟਰੋ ਸਟੇਸ਼ਨ ਨੇੜੇ ਲੋਕ ਇਕੱਠੇ ਹੋਣ ਲੱਗੇ ਤੇ ਫਿਰ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਕੂਚ ਕੀਤਾ। ਭਾਰੀ ਪੁਲੀਸ ਬੰਦੋਬਸਤ ਵਿੱਚ ‘ਆਪ’ ਆਗੂਆਂ ਤੇ ਕਾਰਕੁਨਾਂ ਦਾ ਕਾਫ਼ਲਾ ਸੰਸਦ ਮਾਰਗ ਤਕ ਪੁੱਜਣ ਵਿੱਚ ਸਫ਼ਲ ਰਿਹਾ ਜਿਸ ਨੂੰ ਅੱਗੋਂ ਪੁਲੀਸ ਨੇ ਵਧਣ ਤੋਂ ਰੋਕ ਦਿੱਤਾ। ਰੋਸ ਮਾਰਚ ਕਾਰਨ ਕੇਂਦਰੀ ਦਿੱਲੀ ਜਾਮ ਹੋ ਕੇ ਰਹਿ ਗਈ। ਪ੍ਰਦਰਸ਼ਨਕਾਰੀਆਂ ਨੂੰ ਪ੍ਰਧਾਨ ਮੰਤਰੀ ਨਿਵਾਸ ਨੇੜੇ ਜਾਣ ਤੋਂ ਰੋਕਣ ਲਈ ਦਿੱਲੀ ਪੁਲੀਸ ਵੱਲੋਂ ਸਵੈਟ ਕਮਾਂਡੋ ਦਸਤੇ ਸਮੇਤ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ। ਦਿੱਲੀ ਮੈਟਰੋ ਦੇ ਪੰਜ ਸਟੇਸ਼ਨ ਲੋਕ ਕਲਿਆਣ ਮਾਰਗ, ਪਟੇਲ ਚੌਕ, ਕੇਂਦਰੀ ਸਕੱਤਰੇਤ, ਉਦਯੋਗ ਭਵਨ ਤੇ ਜਨਪਥ ਲੋਕਾਂ ਦੇ ਆਉਣ, ਜਾਣ ਲਈ ਬੰਦ ਕਰ ਦਿੱਤੇ ਗਏ।
ਰੋਸ ਮਾਰਚ ਦੌਰਾਨ ‘ਐਲਜੀ ਸਾਬ੍ਹ ਦਿੱਲੀ ਛੱਡੋ’ ਦੇ ਨਾਅਰੇ ਲਾਏ ਗਏ ਤੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਰਾਜ ਸਭਾ ਮੈਂਬਰ ਸੰਜੇ ਸਿੰਘ, ਆਸ਼ੂਤੋਸ਼ ਤੇ ਹੋਰਨਾਂ ਨੇ ਸੰਬੋਧਨ ਕੀਤਾ ਤੇ ਕੇਂਦਰ ਸਰਕਾਰ ਅਤੇ ਉਪਰਾਜਪਾਲ ‘ਤੇ ਦਿੱਲੀ ਸਰਕਾਰ ਦੇ ਵਿਕਾਸ ਕੰਮਾਂ ਵਿੱਚ ਢੁੱਚਰਾਂ ਡਾਹੁਣ ਦੇ ਦੋਸ਼ ਲਾਏ। ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਸਮੇਤ ਹੋਰ ਵਿਧਾਇਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬੱਸਾਂ ਲਿਆਉਣ ਤੋਂ ਰੋਕਿਆ ਗਿਆ ਤੇ ਦਫ਼ਤਰਾਂ ਨੇੜੇ ਵੀ ਘੇਰੇ ਪਾਏ ਗਏ। ਸਾਬਕਾ ਮੰਤਰੀ ਸੋਮਨਾਥ ਭਾਰਤੀ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਵੱਲੋਂ ਲੋਕਾਂ ਨੂੰ ਇਕੱਠੇ ਹੋਣ ਤੋ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਦਿੱਲੀ ਵਾਸੀ ਅਧਿਕਾਰਾਂ ਲਈ ਸੜਕਾਂ ਉਪਰ ਉੱਤਰੇ। ਸ਼ਹਿਰ ਦੀਆਂ ਕਈ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨੇ ਵੀ ਪ੍ਰਦਰਸ਼ਨ ਦਾ ਸਮਰਥਨ ਕੀਤਾ। ਦਿੱਲੀ ਪੁਲੀਸ ਅਧਿਕਾਰੀ ਅਜੇ ਚੌਧਰੀ ਮੁਤਾਬਕ ਇਸ ਪ੍ਰਦਰਸ਼ਨ ਦੀ ਆਗਿਆ ਲੈਣ ਲਈ ਕੋਈ ਅਰਜ਼ੀ ਨਹੀਂ ਦਿੱਤੀ ਗਈ ਸੀ ਤੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਧਰਨੇ ’ਤੇ ਧਰਨਾ ਜਾਰੀ
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ 3 ਕੈਬਨਿਟ ਮੰਤਰੀਆਂ ਵੱਲੋਂ ਸੱਤਵੇਂ ਦਿਨ ਵੀ ਦਿੱਲੀ ਦੇ ਉਪ ਰਾਜਪਾਲ ਦੇ ਰਾਜਨਿਵਾਸ ਵਿਖੇ ਧਰਨਾ ਜਾਰੀ ਰਿਹਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤਿੰਦਰ ਜੈਨ ਵੱਲੋਂ ਭੁੱਖ ਹੜਤਾਲ ਵੀ ਜਾਰੀ ਰਹੀ। ਕਿਰਤ ਮੰਤਰੀ ਗੋਪਾਲ ਰਾਇ ਵੀ ਉਨ੍ਹਾਂ ਨਾਲ ਧਰਨੇ ‘ਤੇ ਡਟੇ ਹੋਏ ਹਨ। ਸ੍ਰੀ ਸਤਿੰਦਰ ਜੈਨ ਨੇ ਵਿਰੋਧੀਆਂ ਵੱਲੋਂ ਉਨ੍ਹਾਂ ਦੇ ਧਰਨੇ ਨੂੰ ‘ਏਸੀ ਕਮਰਾ ਧਰਨਾ’ ਕਰਾਰ ਦੇਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਦਿੱਲੀ ਦੀ ਜਨਤਾ ਦੀ ਲੜਾਈ ਲੜੇ ਹਾਂ ਤੇ ਉਨ੍ਹਾਂ ਉੱਥੇ ਸਿਰਫ਼ ਇੱਕ ਕਮਰਾ ਜਿਸ ਵਿੱਚ ਦੋ ਸੋਫ਼ੇ ਤੇ ਇੱਕ ਛੋਟਾ ਜਿਹਾ ਗੁਸਲਖ਼ਾਨਾ ਹੋਣ ਦਾ ਦਾਅਵਾ ਕੀਤਾ। ਉਧਰ, ਭਾਜਪਾ ਦੇ ਵਿਧਾਇਕਾਂ ਤੇ ਆਗੂਆਂ ਵੱਲੋਂ ਆਪ ਦੇ ਧਰਨੇ ਦੇ ਵਿਰੋਧ ਵਿੱਚ ਦਿੱਲੀ ਸਕੱਤਰੇਤ ਵਿੱਚ ਧਰਨਾ ਜਾਰੀ ਰਿਹਾ। ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਭਾਜਪਾ ਵਿਰੋਧੀ ਤੇ ਨਰਿੰਦਰ ਮੋਦੀ ਵਿਰੋਧੀ’ ਮੋਰਚਾ ਬਣਾਉਣ ਲਈ ਸਿਆਸੀ ਸਟੰਟ ਕਰ ਰਹੇ ਹਨ।
ਸਤਿੰਦਰ ਜੈਨ ਦੀ ਹਾਲਤ ਵਿਗੜੀ
ਧਰਨੇ ਉੱਤੇ ਬੈਠੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਹੈ।

 

Latest News
Magazine Archive