ਸ਼ੁਜਾਤ ਬੁਖ਼ਾਰੀ ਜੱਦੀ ਪਿੰਡ ਵਿੱਚ ਸਪੁਰਦ ਏ ਖ਼ਾਕ


ਕਰੀਰੀ (ਜੰਮੂ ਕਸ਼ਮੀਰ) - ਰਾਈਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਸਪੁਰਦ ਏ ਖ਼ਾਕ ਕਰ ਦਿੱਤਾ ਗਿਆ। ਕਸ਼ਮੀਰ ਦੇ ਸੀਨੀਅਰ ਪੱਤਰਕਾਰ ਨੂੰ ਹੰਝੂਆਂ ਭਰੀ ਅੰਤਿਮ ਵਿਦਾਇਗੀ ਦੇਣ ਲਈ ਜਨਾਜ਼ੇ ਵਿੱਚ ਉਨ੍ਹਾਂ ਦੇ ਦੋਸਤਾਂ ਮਿੱਤਰਾਂ ਤੋਂ ਇਲਾਵਾ ਲੋਕਾਂ ਦਾ ਵਿਸ਼ਾਲ ਇਕੱਠ ਜੁੜਿਆ। ਇਨ੍ਹਾਂ ਵਿੱਚ ਪੱਤਰਕਾਰ ਭਾਈਚਾਰਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ। ਇਸ ਦੌਰਾਨ ਇਸ ਹੱਤਿਆ ਕਾਂਡ ਸਬੰਧੀ ਜੰਮੂ ਕਸ਼ਮੀਰ ਪੁਲੀਸ ਨੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੱਕੀ ਦੀ ਪਛਾਣ ਜ਼ੁਬੈਰ ਕਾਦਰੀ ਵਜੋਂ ਹੋਈ ਹੈ।
ਸ਼ੁਜਾਤ ਬੁਖ਼ਾਰੀ ਜਿਨ੍ਹਾਂ ਨੂੰ ਉਨ੍ਹਾਂ ਦੇ ਦਫਤਰ ਦੇ ਬਾਹਰ ਕੱਲ੍ਹ ਸ੍ਰੀਨਗਰ ਵਿੱਚ ਗੋਲੀਆਂ ਮਾਰ ਕੇ ਦੋ ਸੁਰੱਖਿਆ ਗਾਰਦਾਂ ਸਮੇਤ ਮਾਰ ਦਿੱਤਾ ਗਿਆ ਸੀ, ਨੂੰ ਅਖ਼ਬਾਰ ‘ਰਾਈਜ਼ਿੰਗ ਕਸ਼ਮੀਰ’ ਨੇ ਪਹਿਲੇ ਸਫ਼ੇ ਉੱਤੇ ਬਲੈਕ ਐਂਡ ਵਾਈਟ ਫੋਟੋਆਂ ਜਿਨ੍ਹਾਂ ਨੂੰ ਕਾਲਾ ਪਿਛੋਕੜ ਦਿੱਤਾ ਗਿਆ ਸੀ, ਪਾ ਕੇ ਆਪਣੇ ਮੁੱਖ ਸੰਪਾਦਕ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਈਜ਼ਿੰਗ ਕਸ਼ਮੀਰ ਜੋ ਆਪਣੀ ਬੇਬਾਕੀ ਕਰਕੇ ਜਾਣਿਆਂ ਜਾਂਦਾ ਹੈ, ਨੇ ਇਹ ਸੰਦੇਸ਼ ਦਿੱਤਾ ਹੈ ਕਿ ਉਹ ਬੁਜ਼ਦਿਲਾਂ ਤੋਂ ਡਰਨ ਵਾਲਾ ਨਹੀਂ ਹੈ। ਅਖ਼ਬਾਰ ਨੇ ਆਪਣੇ ਸੰਪਾਦਕ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ ਹੈ ਕਿ ਤੁਸੀਂ ਹਮੇਸ਼ਾਂ ਸਾਨੂੰ ਇੱਕ ਮਾਰਗ ਦਰਸ਼ਕ ਵਜੋਂ ਸੇਧ ਦਿੰਦੇ ਰਹੋਗੇ। ਅਸੀਂ ਸੱਚ ਦੱਸਣ  ਲਈ ਤੁਹਾਡੇ ਵੱਲੋਂ ਅਪਣਾਏ ਅਸੂਲਾਂ ਉੱਤੇ ਚੱਲਦੇ ਰਹਾਂਗੇ। ਅਸੀਂ ਉਨ੍ਹਾਂ ਬੁਜ਼ਦਿਲਾਂ ਤੋਂ ਡਰਨ ਵਾਲੇ ਨਹੀਂ ਹਾਂ ਜਿਨ੍ਹਾਂ ਨੇ ਤੁਹਾਨੂੰ ਸਾਡੇ ਤੋਂ ਸਦਾ ਲਈ ਖੋਹ ਲਿਆ ਹੈ। ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।
ਸ੍ਰੀਨਗਰ ਤੋਂ ਥੋੜ੍ਹੀ ਦੂਰ ਹੀ ਬਾਰਾਮੂਲਾ ਜ਼ਿਲ੍ਹੇ ਦੇ ਪਿੰਡ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਬੁਖ਼ਾਰੀ ਵੱਲੋਂ ਅਖ਼ਤਿਆਰ ਕੀਤੀ ਵਿਚਾਰਧਾਰਾ ਦੀ ਇੱਕ ਤਰ੍ਹਾਂ ਨਾਲ ਪੈਰਵੀ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਜੰਮੂ ਕਸ਼ਮੀਰ ਦੇ ਵਿਰੋਧੀ ਧਿਰ ਦੇ ਆਗੂ ਉਮਰ ਅਬਦੁੱਲਾ, ਪੀਡੀਪੀ ਅਤੇ ਭਾਜਪਾ ਗੱਠਜੋੜ ਦੇ ਮੰਤਰੀ ਸ਼ਾਮਲ ਸਨ। ਪਿੰਡ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਨਾਜ਼ਾ ਹੋ ਨਿਬੜਿਆ। ਇਲਾਕੇ ਵਿੱਚ ਉਮੜੀ ਭੀੜ ਕਾਰਨ ਜਾਮ ਲੱਗ ਗਿਆ।
ਜਨਾਬ ਬੁਖ਼ਾਰੀ ਨੂੰ ਕੱਲ੍ਹ ਲਾਲ ਚੌਕ ਦੇ ਨੇੜੇ ਸਥਿਤ ਪ੍ਰੈਸ ਕਾਲੋਨੀ ਵਿੱਚ ਅਣਪਛਾਤੇ ਅਤਿਵਾਦੀਆਂ ਨੇ ਉਨ੍ਹਾਂ ਦੇ ਦੋ ਸੁਰੱਖਿਆ ਗਾਰਦਾਂ ਸਣੇ ਈਦ ਤੋਂ ਦੋ ਦਿਨ ਪਹਿਲਾਂ ਉਦੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਜਦੋਂ ਉਹ ਇੱਕ ਇਫ਼ਤਾਰ ਪਾਰਟੀ ਵਿੱਚ ਜਾਣ ਲਈ ਆਪਣੀ ਕਾਰ ਵਿੱਚ ਸਵਾਰ ਹੋਏ ਸਨ। ਬੁਖ਼ਾਰੀ ਦੀ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਕੀਤੀ ਹੱਤਿਆ ਵਿਰੁੱਧ ਕਸ਼ਮੀਰ ਵਾਦੀ ਵਿੱਚ ਵਿਆਪਕ ਰੋਹ ਫੈਲ ਗਿਆ ਹੈ ਅਤੇ ਪੁਲੀਸ ਨੇ ਕਾਤਲਾਂ ਦੀ ਭਾਲ ਆਰੰਭ ਦਿੱਤੀ ਹੈ। ਪੁਲੀਸ ਨੇ ਅਤਿਵਾਦੀਆਂ ਦੀ ਪਛਾਣ ਲਈ ਇੱਕ ਵੀਡੀਓ ਵਿੱਚੋਂ ਫੋਟੋਆਂ ਲੈ ਕੇ ਜਾਰੀ ਕੀਤੀਆਂ ਹਨ। ਪਿਛਲੀ ਰਾਤ ਪੁਲੀਸ ਨੇ ਤਿੰਨ ਸ਼ੱਕੀਆਂ ਦੀਆਂ ਫੋਟੋਆਂ ਰਿਲੀਜ਼ ਕੀਤੀਆਂ ਸਨ। ਬੁਖ਼ਾਰੀ, ਜੋ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ, ਵੱਲੋਂ ਕਸ਼ਮੀਰ ਵਿੱਚ ਸ਼ਾਂਤੀ ਸਥਾਪਤੀ ਦੀ ਵੱਡੇ ਪੱਧਰ ਉੱਤੇ ਪੈਰਵੀ ਕੀਤੀ ਜਾ ਰਹੀ ਸੀ। ਉਨ੍ਹਾਂ ਕਸ਼ਮੀਰ ਵਾਦੀ ਵਿੱਚ ਕਈ ਕਾਨਫਰੰਸਾਂ ਵੀ ਕਰਵਾਈਆਂ ਸਨ।
ਉਨ੍ਹਾਂ ਨੂੰ ਸ਼ਰਧਾਜਲੀਆਂ ਦਿੰਦਿਆਂ ‘ਦਿ ਹਿੰਦੂ’ ਗਰੁੱਪ ਦੇ ਚੇਅਰਪਰਸਨ ਐਨ ਰਾਮ ਨੇ ਕਿਹਾ ਕਿ ਨਾ ਤਾਂ ਬੁਖ਼ਾਰੀ ਸਰਕਾਰੀ ਬੰਦਾ ਸੀ ਅਤੇ ਨਾ ਹੀ ਉਹ ਅਤਿਵਾਦੀਆਂ ਪ੍ਰਤੀ ਨਰਮੀ ਰੱਖਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਕਰਕੇ ਦੁੱਖ ਪੁੱਜਿਆ ਹੈ ਕਿ ਕਸ਼ਮੀਰ ਵਿੱਚ ਪੱਤਰਕਾਰ ਨਹੀਂ ਮਰਿਆ ਜਾਣਾ ਚਾਹੀਦਾ ਸੀ।  ਜ਼ਿਕਰਯੋਗ ਹੈ ਕਿ ਬੁਖ਼ਾਰੀ ਚੌਥਾ ਪੱਤਰਕਾਰ ਹੈ, ਜੋ ਕਸ਼ਮੀਰ ਵਿੱਚ ਅਤਿਵਾਦੀਆਂ ਹੱਥੋਂ ਮਾਰਿਆ ਗਿਆ ਹੈ।
ਕਸ਼ਮੀਰ ’ਚ ਗੋਲੀਬੰਦੀ ਦੀ ਮਿਆਦ ਵਧਾਉਣ ਬਾਰੇ ਫ਼ੈਸਲਾ ਭਲਕੇ
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਜੰਮੂ ਕਸ਼ਮੀਰ ਵਿੱਚ ਰਮਜ਼ਾਨ ਦੇ ਮਹੀਨੇ ਦੌਰਾਨ ਅਤਿਵਾਦੀਆਂ ਵਿਰੁੱਧ ਕੀਤੀ ਗਈ ਇੱਕਤਰਫ਼ਾ ਗੋਲੀਬੰਦੀ ਦੀ ਮਿਆਦ (ਜੋ ਭਲਕੇ ਸ਼ਨਿਚਰਵਾਰ ਨੂੰ ਖ਼ਤਮ ਹੋ ਰਹੀ ਹੈ) ਨੂੰ ਵਧਾਉਣ ਸਬੰਧੀ, ਸ੍ਰੀਨਗਰ ਵਿੱਚ ਕੱਲ੍ਹ ਹੋਈ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਅਤੇ 28 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਲੱਗਦਾ ਨਹੀਂ ਕਿ ਸਰਕਾਰ ਗੋਲੀਬੰਦੀ ਦੀ ਮਿਆਦ ਅੱਗੇ ਵਧਾਏਗੀ। ਉੱਧਰ, ਰਾਜਨਾਥ ਸਿੰਘ ਨੇ ਕਿਹਾ ਕਿ ਇਸ ਬਾਰੇ ਉਹ ਐਤਵਾਰ ਨੂੰ ਗੱਲ ਕਰਨਗੇ। ਪਹਿਲਾਂ ਭਲਕੇ ਸਾਰਿਆਂ ਨੂੰ ਈਦ ਮਨਾਉਣ ਦਿਓ।
ਪੱਥਰਬਾਜ਼ਾਂ ਨੂੰ ਖਿੰਡਾਉਣ ਲਈ ਜਵਾਨਾਂ ਨੇ ਚਲਾਈ ਗੋਲੀ, ਨੌਜਵਾਨ ਦੀ ਮੌਤ, ਲੜਕੀ ਜ਼ਖ਼ਮੀ
ਪੁਲਵਾਮਾ (ਸ੍ਰੀਨਗਰ) - ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਪੱਥਰਬਾਜ਼ਾਂ ਨੂੰ ਜਵਾਬ ਦਿੰਦਿਆਂ ਸੁਰੱਖਿਆ ਬਲਾਂ ਨੇ ਗੋਲੀ ਚਲਾ ਦਿੱਤੀ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਵਿਕਾਸ ਅਹਿਮਦ ਵਜੋਂ ਹੋਈ ਹੈ। ਲੜਕੀ ਰੁਕਾਇਆ ਬਾਨੋ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਹੀ ਸ੍ਰੀਨਗਰ ਵਿੱਚ ਅਤਿਵਾਦੀਆਂ ਨੇ ਸੁਰੱਖਿਆ ਜਵਾਨਾਂ ਉੱਤੇ ਗੋਲੀ ਚਲਾ ਦਿੱਤੀ ਜਿਸ ਵਿੱਚ ਦੋ ਜਵਾਨ ਅਤੇ ਤਿੰਨ ਨਾਗਰਿਕ ਜ਼ਖ਼ਮੀ ਹੋ ਗਏ।

 

 

fbbg-image

Latest News
Magazine Archive