ਕਾਂਗਰਸ ਵਿਧਾਇਕ ਨੇ ‘ਗੁਰੂ’ ਵਿਰੁੱਧ ਖੋਲ੍ਹਿਆ ਮੋਰਚਾ


ਜਲੰਧਰ - ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਗਰ ਨਿਗਮ ਦੇ 8 ਅਧਿਕਾਰੀਆਂ ਨੂੰ ਮੁਅੱਤਲ ਕਰਕੇ ਨਾਜਾਇਜ਼ ਉਸਾਰੀਆਂ ਢਾਹੁਣ ਦੇ ਦਿੱਤੇ ਹੁਕਮਾਂ ਵਿਰੁੱਧ ਕਾਂਗਰਸ ਦੇ ਹੀ ਵਿਧਾਇਕ ਸੁਸ਼ੀਲ ਰਿੰਕੂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਨਗਰ ਨਿਗਮ ਦੀ ਟੀਮ ਜਦੋਂ ਡਿੱਚ ਮਸ਼ੀਨ ਲੈ ਕੇ ਉਸਾਰੀਆਂ ਢਾਹੁਣ ਗਈ ਤਾਂ ਸ੍ਰੀ ਰਿੰਕੂ, ਕਲੋਨਾਈਜ਼ਰ ਅਤੇ ਕਾਂਗਰਸ ਆਗੂ ਮੇਜਰ ਸਿੰਘ ਮਸ਼ੀਨ ’ਤੇ ਚੜ੍ਹ ਗਏ। ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਇਨ੍ਹਾਂ ਕਾਲੋਨੀਆਂ ਨੂੰ ਢਾਹੁਣ ਨਹੀਂ ਦੇਣਗੇ। ਸ੍ਰੀ ਰਿੰਕੂ ਨੇ ਕਿਹਾ ਕਿ ਉਹ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਵਿੱਚ ਸ਼ਾਹਕੋਟ ਗਏ ਹੋਏ ਸਨ ਅਤੇ ਪਿੱਛੋਂ ਇਹ ਉਸਾਰੀਆਂ ਢਾਹ ਦਿੱਤੀਆਂ ਗਈਆਂ। ਕਰੀਬ ਸਾਢੇ ਤਿੰਨ ਵਜੇ ਨਗਰ ਨਿਗਮ ਦੀ ਟੀਮ ਕਾਲਾ ਸੰਘਿਆ ਰੋਡ ’ਤੇ ਆਈ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਸਿੱਧੂ ਵਿਰੁੱਧ ਆਪਣਾ ਉਬਾਲ ਕੱਢਦਿਆਂ ਕਿਹਾ ਕਿ ਚੰਡੀਗੜ੍ਹ ਬੈਠ ਕੇ ਨੀਤੀਆਂ ਨਹੀਂ ਬਣਦੀਆਂ ਹੁੰਦੀਆਂ ਅਤੇ ਇਸ ਕਾਰਵਾਈ ਨਾਲ ਕਾਂਗਰਸ ਦੇ ਵੋਟ ਬੈਂਕ ਨੂੰ ਨੁਕਸਾਨ ਪੁੱਜੇਗਾ। ਉਨ੍ਹਾਂ ਦੋਸ਼ ਲਾਇਆ ਕਿ ਅਜੇ ਤੱਕ ਨਕਸ਼ੇ ਕੰਪਿਊਟਰਾਈਜ਼ਡ ਨਹੀਂ ਹੋਏ ਜਦਕਿ ਸ੍ਰੀ ਸਿੱਧੂ ਕਿੰਨੇ ਚਿਰ ਤੋਂ ਦਾਅਵੇ ਕਰਦੇ ਆ ਰਹੇ ਹਨ। ਇਸ ਦੌਰਾਨ ਲੋਕ ਵਾਰ ਵਾਰ ਸੁਸ਼ੀਲ ਰਿੰਕੂ ਤੇ ਕਾਂਗਰਸ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ। ਕਾਂਗਰਸ ਵਿਧਾਇਕ ਨੇ ਕਿਹਾ ਕਿ ਲੋਕ ਪੈਸੇ ਦੇਣ ਨੂੰ ਤਿਆਰ ਹਨ ਅਤੇ ਯੱਕਮੁਸ਼ਤ ਪੈਸਿਆਂ ਨਾਲ ਮਾਮਲਾ ਹੱਲ ਕੀਤਾ ਜਾ ਸਕਦਾ ਹੈ। ਸੁਸ਼ੀਲ ਰਿੰਕੂ ਨੇ ਮੰਤਰੀ ਭਾਰਤ ਭੂਸ਼ਣ ਵੱਲੋਂ ਦਿੱਤੀ ਗਈ ਹਮਾਇਤ ਦਾ ਧੰਨਵਾਦ ਕਰਦਿਆਂ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੀਆਂ ਟਿੱਪਣੀਆਂ ਬਾਰੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਹ ਆਪਸੀ ਮਾਮਲਾ ਹੈ। ਰਿੰਕੂ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਕੋਲ ਵੀ ਉਠਾਉਣਗੇ। ਜ਼ਿਲ੍ਹਾ ਕਾਂਗਰਸ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੇ ਵੀ ਸ਼ਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ। ਉਧਰ ਕਲੋਨਾਈਜ਼ਰਾਂ ਨੇ ਵੀ ਨਵਜੋਤ ਸਿੰਘ ਸਿੱਧੂ ਵਿਰੁੱਧ ਕੱਪੜੇ ਉਤਾਰ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਗਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਦੌਰਾਨ ਦੁਰਗਾ ਕਲੋਨੀ ਦੀਆਂ ਦੋ ਦੁਕਾਨਾਂ ਢਾਹੁਣ ਗਈ ਡਿੱਚ ਮਸ਼ੀਨ ਚੱਲਣ ’ਤੇ ਲੋਕਾਂ ਨੇ ਤਿੱਖਾ ਵਿਰੋਧ ਕੀਤਾ। ਉਨ੍ਹਾਂ ਦੇ ਮਾਲਕਾਂ ਨੇ ਦੱਸਿਆ ਕਿ ਨਕਸ਼ਾ ਪਾਸ ਕਰਵਾਉਣ ਲਈ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੂੰ 19700 ਰੁਪਏ ਦਿੱਤੇ ਸਨ ਅਤੇ ਉਨ੍ਹਾਂ ਰਸੀਦ ਦੇਣ ਦਾ ਵੀ ਭਰੋਸਾ ਦਿੱਤਾ ਸੀ ਪਰ ਹੁਣ ਨਗਰ ਨਿਗਮ ਦੇ ਨੋਟਿਸ ਆਉਣ ਮਗਰੋਂ ਦੁਕਾਨਾਂ ਢਾਹੁਣ ਲਈ ਮਸ਼ੀਨ ਵੀ ਭੇਜ ਦਿੱਤੀ।

 

 

fbbg-image

Latest News
Magazine Archive