ਅਕਾਲੀ ਦਲ ਨੂੰ ਛੱਡ ਕੇ ਸਾਰੀ ਵਿਰੋਧੀ ਧਿਰ ਬੈਂਸ ਦੀ ਪਿੱਠ ’ਤੇ


ਚੰਡੀਗੜ੍ਹ - 200 ਕਰੋੜ ਰੁਪਏ ਦੇ ਮਿਲਾਵਟੀ ਦੁੱਧ ਦੇ ਕਥਿਤ ਘੁਟਾਲੇ ਦਾ ਖੁਲਾਸਾ ਕਰਨ  ਦੇ ਮਾਮਲੇ ’ਚ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੱਧ ਐਫਆਰਆਈ ਦਰਜ ਕਰਨ ਦੇ ਮੁੱਦੇ ’ਤੇ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀ ਵਿਰੋਧੀ ਧਿਰ ਸ੍ਰੀ ਬੈਂਸ ਦੀ ਪਿੱਠ ’ਤੇ ਆ ਗਈ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਸਾਬਕਾ ਡਿਪਟੀ ਸਪੀਕਰ, ਸੀਪੀਆਈ ਦੇ ਸੀਨੀਅਰ ਆਗੂ ਡਾ. ਜੋਗਿੰਦਰ ਦਿਆਲ, ਸੀਪੀਆਈ (ਐਮ) ਦੇ ਆਗੂ ਰਘੂਨਾਥ ਸਿੰਘ, ਬਹੁਜਨ ਸਮਾਜ ਪਾਰਟੀ ਦੇ ਆਗੂ ਪਾਲ ਸਿੰਘ ਰੱਤੂ ਅਤੇ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਸਿੱਧੂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮੁੱਖ ਮੰਤਰੀ ਕੈਪਟਨ     ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਦੇ ਕੇ ਸ੍ਰੀ ਬੈਂਸ ਵਿਰੁੱਧ ਦਰਜ ਕੀਤਾ ਕੇਸ     ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੌਕੇ ਬੈਂਸ ਭਰਾ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਬਾਅਦ ਵਿਰੋਧੀ ਧਿਰ ਕਿਸੇ ਇਕ ਪਾਰਟੀ ਦੇ ਆਗੂ ਦੇ ਹੱਕ ਵਿੱਚ ਇਕੱਠੀ ਹੋਈ ਹੈ ਜਿਸ ਨਾਲ ਪੰਜਾਬ ਵਿੱਚ ਤੀਸਰਾ ਫ਼ਰੰਟ ਬਣਾਉਣ ਦੇ ਸੰਕੇਤ ਸਾਹਮਣੇ ਆਏ ਹਨ। ਵਿਰੋਧੀ ਧਿਰ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਮੰਗ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਲੁਧਿਆਣਾ ਪੁਲੀਸ ਨੇ ਸਿਆਸੀ ਹੁਕਮਾਂ ਤਹਿਤ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਸਿਮਰਜੀਤ ਬੈਂਸ ’ਤੇ ਝੂਠੀ ਤੇ ਮਨਘੜਤ ਐਫਆਈਆਰ ਦਰਜ ਕੀਤੀ ਹੈ। ਇੱਕਜੁੱਟ ਹੋਏ ਵਿਰੋਧੀ ਧਿਰ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਬੈਂਸ ਮੀਡੀਆ ਨੂੰ ਨਾਲ ਲੈ ਕੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਘਟੀਆ ਦੁੱਧ ਉਤਪਦਾਨ ਕਰਨ ਦੇ 200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕਰਨ ਗਏ ਸਨ। ਮਿਲਕ ਪਲਾਂਟ ਦਾ ਦੌਰਾ ਕਰਨ ਤੋਂ ਪਹਿਲਾਂ ਸ੍ਰੀ ਬੈਂਸ ਅਤੇ ਉਨ੍ਹਾਂ ਦੀ ਟੀਮ ਨੇ ਦੁੱਧ ਦੇ ਸੈਂਪਲ ਇਕੱਠੇ ਕੀਤੇ ਅਤੇ ਵੇਰਕਾ ਮਿਲਕ ਪਲਾਂਟ  ਵਿੱਚ ਮਨਜੂਰਸ਼ੁਦਾ ਲੈਬਾਰਟਰੀਆਂ ਸਮੇਤ ਵੱਖ ਵੱਖ ਲੈਬਾਰਟਰੀਆਂ ਤੋਂ ਇਨ੍ਹਾਂ ਦੀ ਜਾਂਚ ਕਰਵਾਈ ਸੀ। ਸ੍ਰੀ ਬੈਂਸ ਨੇ ਮੀਡੀਆ ਦੀ ਹਾਜ਼ਰੀ ਵਿੱਚ ਮਿਲਾਵਟੀ ਦੁੱਧ ਦੇ ਨਮੂਨਿਆਂ ਅਤੇ ਦਸਤਾਵੇਜ਼ੀ ਸਬੂਤਾਂ ਸਮੇਤ ਮਿਲਕ ਪਲਾਂਟ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਸਨ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਲੋਕਾਂ ਨੂੰ ਮਿਲਾਵਟੀ ਦੁੱਧ ਸਪਲਾਈ ਕਰਕੇ ਉਨ੍ਹਾਂ ਨਾਲ ਪੰਜ ਰੁਪਏ ਤੋਂ ਸਾਢੇ ਛੇ ਰੁਪਏ ਪ੍ਰਤੀ ਲਿਟਰ ਦੀ ਠੱਗੀ ਮਾਰੀ ਜਾ ਰਹੀ ਹੈ। ਰੋਜ਼ਾਨਾ ਬਣਾਏ ਜਾ ਰਹੇ 11 ਲੱਖ ਪੈਕੇਟਾਂ ਰਾਹੀਂ 55-60 ਲੱਖ ਰੁਪਏ ਅਤੇ ਸਲਾਨਾ 200 ਕਰੋੜ ਰੁਪਏ ਦੀ ਠੱਗੀ ਮਾਰੀ ਜਾ ਰਹੀ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਕਿ ਲੋਕਾਂ ਵਿੱਚ ਬਿਮਾਰੀਆਂ ਫੈਲਾਉਣ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਥਾਂ ਪੁਲੀਸ ਨੇ ਸ੍ਰੀ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਕ ਵਿਧਾਇਕ ਖ਼ਿਲਾਫ਼ ਟਰੈਸਪਾਸਿੰਗ ਦਾ ਕੇਸ ਕਿਵੇਂ ਦਰਜ ਕੀਤਾ ਜਾ ਸਕਦਾ ਹੈ ਕਿਉਂਕਿ ਵਿਧਾਇਕ ਇੱਕ ਕਾਨੂੰਨਸਾਜ਼ ਅਤੇ ਜਨਤਕ ਵਿਅਕਤੀ ਹੁੰਦਾ ਹੈ। ਜੇਕਰ ਉਹ ਸਰਕਾਰੀ ਦਫ਼ਤਰ  ਵਿੱਚ ਦਾਖ਼ਲ ਨਹੀਂ ਹੋ ਸਕਦਾ ਤਾਂ ਵਿਧਾਧਿਕ ਦੀ ਭੂਮਿਕਾ ਕੀ ਹੈ? ਇੱਕ ਪਾਸੇ ਸਰਕਾਰ ਪ੍ਰੋਟੋਕੋਲ ਅਨੁਸਾਰ ਇੱਕ ਵਿਧਾਇਕ ਨੂੰ ਮੁੱਖ ਸਕੱਤਰ ਤੋਂ ਉੱਪਰਲਾ ਦਰਜ਼ਾ ਦਿੰਦੀ ਹੈ ਅਤੇ ਦੂਸਰੇ ਪਾਸੇ ਭ੍ਰਿਸ਼ਟਾਚਾਰ ਦਾ ਖ਼ੁਲਾਸਾ ਕਰਨ ਲਈ ਸਰਕਾਰੀ ਅਦਾਰੇ ਵਿੱਚ ਜਾਣ ’ਤੇ ਕੇਸ ਦਰਜ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਮੰਗ ਕੀਤੀ ਕਿ ਵੇਰਕਾ ਮਿਲਕ ਪਲਾਂਟਾਂ ਵਿੱਚ ਹੋ ਰਹੇ ਕਥਿਤ ਭ੍ਰਿਸ਼ਟਾਚਾਰ ਦੀ ਸੀਬੀਆਈ ਜਾਂ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਸ੍ਰੀ ਬੈਂਸ ਤੇ ਹੋਰਨਾਂ ਖ਼ਿਲਾਫ਼ ਦਰਜ ਕੀਤਾ ਕੇਸ ਰੱਦ ਕੀਤਾ ਜਾਵੇ।

 

 

fbbg-image

Latest News
Magazine Archive