ਅੱਵਲ ਨੰਬਰ ਇੰਗਲੈਂਡ ’ਤੇ ਸਕਾਟਲੈਂਡ ਦੀ ਇਤਿਹਾਸਕ ਜਿੱਤ


ਐਡਿਨਬਰਗ - ਸਕਾਟਲੈਂਡ ਨੇ ਆਪਣੇ ਕ੍ਰਿਕਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦਿਆਂ ਇੱਥੇ ਦਿਲਚਸਪ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਦੌਰਾਨ ਦੁਨੀਆਂ ਦੀ ਨੰਬਰ ਇੱਕ ਟੀਮ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ। ਸਕਾਟਲੈਂਡ ਨੇ ਕੈਲਮ ਮੈਕਲਿਯੋਡ ਦੀ ਨਾਬਾਦ 140 ਦੌੜਾਂ ਦੀ ਪਾਰੀ ਦੀ ਮਦਦ ਨਾਲ ਪੰਜ ਵਿਕਟਾਂ ਪਿੱਛੇ 371 ਦੌੜਾਂ ਬਣਾਈਆਂ। ਇਸ ਦੇ ਬਾਵਜੂਦ ਟੈਸਟ ਦਰਜਾ ਨਾ ਰੱਖਣ ਵਾਲੀ ਸਕਾਟਲੈਂਡ ਦੀ ਟੀਮ ’ਤੇ ਹਾਰ ਦਾ ਖ਼ਤਰਾ ਮੰਡਰਾ ਰਿਹਾ ਸੀ। ਜੌਨੀ ਬੇਅਰਸਟੋ ਨੇ ਚੰਗੀ ਪਿੱਚ ਅਤੇ ਛੋਟੀ ਬਾਉਂਡਰੀ ਦਾ ਫ਼ਾਇਦਾ ਉਠਾਉਂਦਿਆਂ 105 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਦਾ ਮੱਧਕ੍ਰਮ ਤਬਾਹ ਹੋਣ ਕਾਰਨ ਅਸੋਸੀਏਟ ਦੇਸ਼ ਸਕਾਟਲੈਂਡ ਦੀਆਂ ਉਮੀਦਾਂ ਨੂੰ ਬੂਰ ਪੈਣ ਲੱਗਿਆ। ਮੋਇਨ ਅਲੀ ਅਤੇ ਲਿਯਾਮ ਪਲੰਕੇਟ ਨੇ ਅੱਠਵੀਂ ਵਿਕਟ ਲਈ 71 ਦੌੜਾਂ ਜੋੜ ਕੇ ਇੰਗਲੈਂਡ ਨੂੰ ਮੈਚ ਵਿੱਚ ਬਣਾਈ ਰੱਖਿਆ, ਪਰ ਤੇਜ਼ ਗੇਂਦਬਾਜ਼ ਸਾਫ਼ਯਾਨ ਸ਼ਰੀਫ਼ ਨੇ ਸੱਤ ਗੇਂਦਾਂ ਬਾਕੀ ਰਹਿੰਦਿਆਂ 11ਵੇਂ ਨੰਬਰ ਦੇ ਬੱਲੇਬਾਜ਼ ਮਾਰਕਵੁੱਡ ਨੂੰ ਐਲਬੀਡਬਲਯੂ ਆਊਟ ਕਰਕੇ ਸਕਾਟਲੈਂਡ ਨੂੰ ਜਿੱਤ ਦਿਵਾ ਦਿੱਤੀ। ਇੰਗਲੈਂਡ ਦੀ ਟੀਮ 48.5 ਓਵਰਾਂ ਵਿੱਚ 365 ਦੌੜਾਂ ’ਤੇ ਢੇਰ ਹੋ ਗਈ।
ਸਕਾਟਲੈਂਡ ਦੀ ਟੀਮ ਕੁਆਲੀਫਾਇਰ ਵਿੱਚ ਖ਼ਰਾਬ ਅੰਪਾਈਰਿੰਗ ਅਤੇ ਮੀਂਹ ਕਾਰਨ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਇਸ ਟੂਰਨਾਮੈਂਟ ਮਗਰੋਂ ਆਪਣੇ ਪਹਿਲੇ ਹੀ ਮੈਚ ਵਿੱਚ ਉਸ ਨੇ ਇੰਗਲੈਂਡ ’ਤੇ ਆਪਣੀ ਪਹਿਲੀ ਜਿੱਤ ਦਰਜ ਕਰ ਲਈ। ਸਕਾਟਲੈਂਡ ਦਾ ਇਹ ਸਕੋਰ ਇੱਸ ਪੱਧਰ ’ਤੇ ਸਰਵੋਤਮ ਸਕੋਰ ਹੈ। ਇਸ ਤੋਂ ਪਹਿਲਾਂ ਉਸ ਦਾ ਸਰਵੋਤਮ ਸਕੋਰ ਨੌਂ ਵਿਕਟਾਂ ’ਤੇ 341 ਦੌੜਾਂ ਸੀ, ਜੋ ਟੀਮ ਨੇ ਟੈਸਟ ਦਰਜਾ ਨਾ ਰੱਖਣ ਵਾਲੇ ਕੈਨੇਡਾ ਖ਼ਿਲਾਫ਼ ਚਾਰ ਸਾਲ ਪਹਿਲਾਂ ਕਰਾਈਸਟਚਰਚ ਵਿੱਚ ਬਣਾਇਆ ਸੀ। ਬੇਅਰਸਟੋ ਲਗਾਤਾਰ ਤਿੰਨ ਇੱਕ ਰੋਜ਼ਾ ਕੌਮਾਂਤਰੀ ਪਾਰੀਆਂ ਵਿੱਚ ਸੈਂਕੜਾ ਮਾਰਨ ਵਾਲੇ ਇੰਗਲੈਂਡ ਦੇ ਪਹਿਲੇ ਬੱਲੇਬਾਜ਼ ਬਣੇ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ।

 

 

fbbg-image

Latest News
Magazine Archive