ਮੋਦੀ ਦੀ ਜਾਨ ਲੈਣ ਦੀ ਸਾਜ਼ਿਸ਼ ਬੇਨਕਾਬ


ਪੁਣੇ - ਪੁਲੀਸ ਨੇ ਦਾਅਵਾ ਕੀਤਾ ਹੈ ਕਿ ਮਾਓਵਾਦੀਆਂ ਨਾਲ ਸਬੰਧਾਂ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤੇ ਇਕ ਵਿਅਕਤੀ ਦੇ ਘਰੋਂ ਇਕ ਚਿੱਠੀ ਮਿਲੀ ਹੈ ਜਿਸ ਵਿੱਚ ਬਾਗ਼ੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਲਈ ‘ਰਾਜੀਵ ਗਾਂਧੀ ਜਿਹੀ ਘਟਨਾ’ ਕਰਨ ਬਾਰੇ ਸੋਚ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਚਿੱਠੀ ਕਿਸੇ ਕਾਮਰੇਡ ਪ੍ਰਕਾਸ਼ ਦੇ ਨਾਂ ਘੱਲੀ ਗਈ ਸੀ ਤੇ ਭੇਜਣ ਵਾਲੇ ਦਾ ਨਾਂ ਅੰਗਰੇਜ਼ੀ ਦੇ ‘ਆਰ’ ਅੱਖਰ ਨਾਲ ਸ਼ੁਰੂ ਹੁੰਦਾ ਹੈ। ਚਿੱਠੀ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇਸ ਮੰਤਵ ਲਈ ਐਮ-4 ਰਾਈਫਲ ਤੇ ਚਾਰ ਲੱਖ ਕਾਰਤੂਸਾਂ ਦਾ ਇੰਤਜ਼ਾਮ ਕਰਨ ਲਈ 8 ਕਰੋੜ ਰੁਪਏ ਦੀ ਲੋੜ ਪਵੇਗੀ। ਪੁਲੀਸ ਨੇ ਦੱਸਿਆ ਕਿ ਇਹ ਚਿੱਠੀ ਰੋਨਾ ਵਿਲਸਨ ਦੇ ਘਰੋਂ ਮਿਲੀ ਹੈ ਜੋ ਉਨ੍ਹਾਂ ਪੰਜ ਵਿਅਕਤੀਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਦਸੰਬਰ ਮਹੀਨੇ ਇੱਥੇ ਹੋਈ ‘ਐਲਗਰ ਪ੍ਰੀਸ਼ਦ’ ਤੇ ਉਸ ਤੋਂ ਬਾਅਦ ਭੀਮਾ ਕੋਰੇਗਾਓਂ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਮੁੰਬਈ, ਨਾਗਪੁਰ ਤੇ ਦਿੱਲੀ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਨੂੰ ਕੱਲ੍ਹ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਇਨ੍ਹਾਂ ਨੂੰ 14 ਜੂਨ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਚਿੱਠੀ ਵਿੱਚ ਲਿਖਿਆ ਹੈ ‘‘ ਮੋਦੀ ਦੀ ਅਗਵਾਈ ਹੇਠ ਹਿੰਦੂ ਫ਼ਾਸ਼ੀਵਾਦੀ ਹਕੂਮਤ ਸਾਡੇ ਆਦਿਵਾਸੀ ਜੀਵਨ-ਜਾਚ ਨੂੰ ਮਲੀਆਮੇਟ ਕਰਨ ਲੱਗੀ ਹੋਈ ਹੈ। ਹਾਲਾਂਕਿ ਇਹ ਆਤਮਘਾਤੀ ਜਾਪਦਾ ਹੈ ਤੇ ਬਹੁਤੇ ਆਸਾਰ ਇਸੇ ਗੱਲ ਦੇ ਹਨ ਕਿ ਅਸੀਂ ਕਾਮਯਾਬ ਨਹੀਂ ਹੋ ਸਕਾਂਗੇ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਰਟੀ ਪੀਬੀ (ਪੋਲਿਟ ਬਿਉੁਰੋ) ਅਤੇ ਸੀਸੀ (ਕੇਂਦਰੀ ਕਮੇਟੀ) ਸਾਡੀ ਇਸ ਤਜਵੀਜ਼ ’ਤੇ ਗੌਰ ਕਰੇ।’’ ਇਸ ਦੌਰਾਨ, ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਮਾਓਵਾਦੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਯੋਜਨਾ ਦੀ ਨਿਖੇਧੀ ਕੀਤੀ ਹੈ ਪਰ ਨਾਲ ਹੀ ਆਖਿਆ ਕਿ ਐਲਗਾਰ ਪ੍ਰੀਸ਼ਦ ਨਾਂ ਦੀ ਜਥੇਬੰਦੀ ਦੇ ਕਾਰਕੁਨ ਡਾ. ਬੀ ਆਰ ਅੰਬੇਡਕਰ ਦੇ ਪੈਰੋਕਾਰ ਹਨ ਤੇ ਉਨ੍ਹਾਂ ਦਾ ਮਾਓਵਾਦੀਆਂ ਨਾਲ ਕੋਈ ਸਬੰਧ ਨਹੀਂ ਹੈ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾਂ ਫਿਕਰਮੰਦ: ਗ੍ਰਹਿ ਮੰਤਰੀ
ਜੰਮੂ - ਮਾਓਵਾਦੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਘੜ੍ਹਨ ਦੀਆਂ ਖ਼ਬਰਾਂ ਆਉਣ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਰਕਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ।  ਅਸੀਂ ਹਮੇਸ਼ਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਮਾਓਵਾਦੀ ਹਾਰੀ ਹੋਈ ਲੜਾਈ ਲੜ ਰਹੇ ਹਨ ਤੇ ਉਹ ਹੁਣ ਸਿਰਫ ਦੇਸ਼ ਦੇ ਦਸ ਜ਼ਿਲ੍ਹਿਆਂ ਵਿੱਚ ਵਧੇਰੇ ਸਰਗਰਮ ਹਨ ਤੇ ਉਨ੍ਹਾਂ ਦਾ ਪ੍ਰਭਾਵ 90 ਜ਼ਿਲ੍ਹਿਆ ਤੱਕ ਸਿਮਟ ਗਿਆ ਹੈ। ਇਹ ਪ੍ਰਗਟਾਵਾ ਉਨ੍ਹਾਂ ਜੰਮੂ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਫੜਨਵੀਸ ਨੂੰ ਧਮਕੀ ਪੱਤਰ
ਮੁੰਬਈ - ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਦੇ ਸੂਤਰਾਂ ਨੇ ਅੱਜ ਕਿਹਾ ਕਿ ਹਫ਼ਤਾ ਪਹਿਲਾਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਕਥਿਤ ਤੌਰ ’ਤੇ ਮਾਓਵਾਦੀਆਂ ਵੱਲੋਂ ਲਿਖੇ ਦੋ ਧਮਕੀ ਪੱਤਰ ਮਿਲੇ ਹਨ ਜੋ ਪੁਲੀਸ ਨੂੰ ਸੌਂਪ ਦਿੱਤੇ ਗਏ ਹਨ। ਪੱਤਰਾਂ ਵਿੱਚ ਗੜਚਿਰੋਲੀ ਮੁਕਾਬਲੇ ਦਾ ਜ਼ਿਕਰ ਕੀਤਾ ਗਿਆ ਤੇ ਫੜਨਵੀਸ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੱਤੀ ਗਈ ਹੈ।

 

 

fbbg-image

Latest News
Magazine Archive