ਬਰਗਾੜੀ ਕਾਂਡ: ਪੰਜਾਬ ਪੁਲੀਸ ਦੇ ਹੱਥ ਲੱਗਾ ਮੁੱਖ ਸੁਰਾਗ਼


ਬਠਿੰਡਾ - ਬਰਗਾੜੀ ਕਾਂਡ ਦਾ ਮੁੱਖ ਸੁਰਾਗ਼ ਪੰਜਾਬ ਪੁਲੀਸ ਦੇ ਹੱਥ ਲੱਗਾ ਹੈ, ਜਿਸ ਤੋਂ ਪੰਜਾਬ ਪੁਲੀਸ ਨੂੰ ਕਈ ਦਾਗ਼ ਧੋਣ ਦੀ ਆਸ ਬੱਝੀ ਹੈ। ਕਰੀਬ ਢਾਈ ਵਰ੍ਹਿਆਂ ਮਗਰੋਂ ਪੁਲੀਸ ਦਾ ਹੱਥ ਇੱਕ ਅਹਿਮ ਕੜੀ ਨੂੰ ਪਿਆ ਹੈ ਅਤੇ ਖ਼ਾਸ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲੀਸ ਤਰਫ਼ੋਂ ਕਰੀਬ ਅੱਧੀ ਦਰਜਨ ਪੁਲੀਸ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵੱਲੋਂ ਇੱਕ ਹਫ਼ਤੇ ਤੋਂ ਅਲੱਗ ਅਲੱਗ ਥਾਵਾਂ ਉੱਤੇ ਸ਼ੱਕੀਆਂ ਦੀ ਗੁਪਤ ਤਰੀਕੇ ਨਾਲ ਪੈੜ ਨੱਪੀ ਜਾ ਰਹੀ ਸੀ। ਪੁਲੀਸ ਦੀ ਇੱਕ ਟੀਮ ਨੇ 7 ਜੂਨ ਦੀ ਦੁਪਹਿਰ 12.30 ਵਜੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਨੂੰ ਚੁੱਕਿਆ ਹੈ ਜੋ ਜ਼ਿਲ੍ਹਾ ਫ਼ਰੀਦਕੋਟ ਦਾ ਬਾਸ਼ਿੰਦਾ ਹੈ।    ਅਹਿਮ ਸੂਤਰਾਂ ਅਨੁਸਾਰ ਪੁਲੀਸ ਦੀ ਕੁੱਝ ਸਮੇਂ ਤੋਂ ਬਰਗਾੜੀ ਕਾਂਡ ਦੇ ਮਾਮਲੇ ਵਿੱਚ ਸ਼ੱਕ ਦੀ ਸੂਈ ਕੋਟਕਪੂਰਾ ਦੇ ਇਸ ਡੇਰਾ ਆਗੂ ਉੱਤੇ ਟਿੱਕੀ ਹੋਈ ਸੀ। ਕੁੱਝ ਹਫ਼ਤੇ ਪਹਿਲਾਂ ਬਰਗਾੜੀ ਦੇ ਲਾਗਲੇ ਪਿੰਡਾਂ ਦੇ ਪੰਜ ਛੇ ਡੇਰਾ ਪ੍ਰੇਮੀ ਵੀ ਪੁਲੀਸ ਨੇ ਚੁੱਕੇ ਸਨ ਪਰ ਉਨ੍ਹਾਂ ਨੂੰ ਪੁੱਛਗਿੱਛ ਕਰਨ ਮਗਰੋਂ ਛੱਡ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਜੋ ਪੁਲੀਸ ਨੇ ਕੱਲ੍ਹ ਡੇਰਾ ਆਗੂ ਪਾਲਮਪੁਰ ਤੋਂ ਚੁੱਕਿਆ ਹੈ, ਉਹ ਕੁੱਝ ਅਰਸਾ ਪਹਿਲਾਂ ਪਰਿਵਾਰ ਸਮੇਤ ਪਾਲਮਪੁਰ ਚਲਾ ਗਿਆ ਸੀ ਅਤੇ ਉੱਥੇ ਕਰਿਆਨਾ ਸਟੋਰ ਚਲਾਉਣ ਲੱਗਾ ਸੀ। ਪੁਲੀਸ ਨੂੰ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਦੋ ਹਫ਼ਤੇ ਪਹਿਲਾਂ ਕੋਟਕਪੂਰਾ ਦੇ ਨਾਮ ਚਰਚਾ ਘਰ ਵਿੱਚ ਇਹ ਡੇਰਾ ਆਗੂ ਆਇਆ ਸੀ ਪਰ ਉਦੋਂ ਪੁਲੀਸ ਨੂੰ ਕੋਈ ਭਿਣਕ ਨਹੀਂ ਲੱਗੀ ਸੀ। ਦੱਸਦੇ ਹਨ ਕਿ ਇਸ ਡੇਰਾ ਆਗੂ ਉੱਤੇ ਕੋਟਕਪੂਰਾ, ਸੰਗਰੂਰ ਤੇ ਪੰਚਕੂਲਾ ਵਿੱਚ ਕੇਸ ਦਰਜ ਹਨ।   ਪੁਲੀਸ ਟੀਮ ਨੇ ਕੱਲ੍ਹ ਉਸ ਨੂੰ ਹਿਰਾਸਤ ਵਿਚ ਲੈ ਲਿਆ ਸੀ ਅਤੇ ਪੁਲੀਸ ਟੀਮ ਪੁੱਛਗਿੱਛ ਕਰਨ ਵਿੱਚ ਜੁਟੀ ਹੋਈ ਹੈ। ਇਹ ਸਾਰਾ ਮਾਮਲਾ ਪੰਜਾਬ ਪੁਲੀਸ ਮੁਖੀ ਦੀਆਂ ਨਜ਼ਰਾਂ ਵਿੱਚ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ਇਲਾਕੇ ਦਾ ਇੱਕ ਵਿਅਕਤੀ ਪਿਛਲੇ ਦਿਨਾਂ ਵਿੱਚ ਜ਼ਿਲ੍ਹਾ ਸਿਰਸਾ ਵਿੱਚੋਂ ਪੁਲੀਸ ਨੇ ਚੁੱਕਿਆ ਸੀ, ਜਿਸ ਨੇ ਪੁਲੀਸ ਦਾ ਰਾਹ ਪੱਧਰਾ ਕੀਤਾ ਹੈ। ਸੂਤਰਾਂ ਅਨੁਸਾਰ ਕੋਟਕਪੂਰਾ ਦੇ ਡੇਰਾ ਆਗੂ ਵੱਲੋਂ ਕਥਿਤ ਨਿਰਦੇਸ਼ ਮਿਲਣ ਬਾਅਦ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ।
ਦੱਸਣਯੋਗ ਹੈ ਕਿ ਪਹਿਲੀ ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 110 ਪੱਤਰੇ ਪਾੜੇ ਹੋਏ ਮਿਲੇ ਸਨ। ਉਦੋਂ ਬਰਗਾੜੀ ਵਿੱਚ ਪੋਸਟਰ ਵੀ ਲੱਗੇ ਸਨ, ਜਿਨ੍ਹਾਂ ਵਿੱਚ ਡੇਰਾ ਸਿਰਸਾ ਦਾ ਜ਼ਿਕਰ ਸੀ। ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਬਰਗਾੜੀ ਕਾਂਡ ਦੀ ਤਫ਼ਤੀਸ਼ ਨਾਲ ਨੇੜਿਓਂ ਜੁੜੇ ਹੋਏ ਹਨ ਤੇ ਉਨ੍ਹਾਂ ਨੇ ਹੁਣ ਵੀ ਕਮਾਂਡ ਸੰਭਾਲੀ ਹੋਈ ਹੈ। ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿੱਚ ਪੰਥਕ ਧਿਰਾਂ ਨੇ ਹੁਣ 1 ਜੂਨ ਤੋਂ ਧਰਨਾ ਦਿੱਤਾ ਹੋਇਆ ਹੈ। ਪੱਖ ਜਾਣਨ ਲਈ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ।

 

Latest News
Magazine Archive