ਆਰਬੀਆਈ ਨੇ ਵਿਆਜ ਦਰ 25 ਆਧਾਰੀ ਅੰਕ ਵਧਾਈ


ਮੁੰਬਈ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਮੁੱਖ ਵਿਆਜ ਦਰ 0.25 ਫ਼ੀਸਦੀ ਜਾਂ 25 ਆਧਾਰੀ ਅੰਕ ਵਧਾ ਦਿੱਤੀ, ਤਾਂ ਕਿ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਮਹਿੰਗਾਈ ਦਰ ਦੇ ਵਾਧੇ ਨੂੰ ਰੋਕਿਆ ਜਾ ਸਕੇ। ਉਂਜ ਇਸ ਦਾ ਸਿੱਟਾ ਮਕਾਨ, ਵਾਹਨ ਤੇ ਹੋਰ ਕਰਜ਼ੇ ਮਹਿੰਗੇ ਹੋਣ ਦੇ ਰੂਪ ਵਿੱਚ ਨਿਕਲੇਗਾ। ਬੈਂਕ ਵੱਲੋਂ ਮੁੱਖ ਰੈਪੋ ਦਰ ਵਿੱਚ ਬੀਤੇ ਚਾਰ ਸਾਲਾਂ ਦੌਰਾਨ ਕੀਤਾ ਗਿਆ ਇਹ ਪਹਿਲਾ ਵਾਧਾ ਹੈ, ਜਿਸ ਨਾਲ ਵਿਆਜ ਦਰ ਵਧ ਕੇ 6.25 ਫ਼ੀਸਦੀ ਹੋ ਗਈ ਹੈ।
ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਤਿੰਨ ਦਿਨ ਚੱਲੀ ਮੀਟਿੰਗ ਤੋਂ ਬਾਅਦ ਅੱਜ ਦੇਸ਼ ਦੇ ਸਿਖਰਲੇ ਬੈਂਕ ਨੇ ਅਚਾਨਕ ਵਿਆਜ ਦਰ ਵਧਾ ਦੇ ਸਮੁੱਚੇ ਬਾਜ਼ਾਰ ਨੂੰ ਹੈਰਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਕਮੇਟੀ ਦੇ ਸਾਰੇ ਛੇ ਮੈਂਬਰਾਂ ਨੇ ਦਰ ਵਧਾਏ ਜਾਣ ਦੀ ਹਮਾਇਤ ਕੀਤੀ। ਰੈਪੋ ਉਹ ਦਰ ਹੈ, ਜਿਸ ’ਤੇ ਆਰਬੀਆਈ ਵੱਲੋਂ ਦੂਜੇ ਬੈਂਕਾਂ ਨੂੰ ਰਕਮਾਂ ਦਿੱਤੀਆਂ ਜਾਂਦੀਆਂ ਹਨ। ਦੂਜੇ ਪਾਸੇ ਮੋੜਵੀਂ ਰੈਪੋ ਦਰ, ਜਿਸ ਤਹਿਤ ਆਰਬੀਆਈ ਵੱਲੋਂ ਬੈਂਕਾਂ ਤੋਂ ਰਕਮਾਂ ਲਈਆਂ ਜਾਂਦੀਆਂ ਹਨ, ਵੀ ਇਸੇ ਅਨੁਪਾਤ ਵਿੱਚ ਵਧਾ ਕੇ 6 ਫ਼ੀਸਦੀ ਕਰ ਦਿੱਤੀ ਗਈ ਹੈ।
ਵਿਆਜ ਦਰ ਵਿੱਚ 28 ਜਨਵਰੀ, 2014 ਤੋਂ ਬਾਅਦ ਇਹ ਪਹਿਲਾ ਵਾਧਾ ਹੈ। ਉਦੋਂ ਬੈਂਕ ਨੇ ਵਿਆਜ ਦਰ ਇੰਨੀ ਹੀ ਵਧਾ ਕੇ 8 ਫ਼ੀਸਦੀ ਕਰ ਦਿੱਤੀ ਸੀ। ਉਸ ਤੋਂ ਬਾਅਦ ਬੈਂਕ ਨੇ ਛੇ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ। ਆਖ਼ਰੀ ਵਾਰ ਬੀਤੀ 2 ਅਗਸਤ, 2017 ਨੂੰ ਵਿਆਜ ਦਰ 25 ਆਧਾਰੀ ਅੰਕ ਘਟਾ ਕੇ 6 ਫ਼ੀਸਦੀ ਕੀਤੀ ਗਈ ਸੀ।
ਆਰਬੀਆਈ ਨੇ ਮਾਲੀ ਸਾਲ 2018-19 ਦੇ ਇਸ ਦੂਜੇ ਦੋਮਾਹੀ ਮੁਦਰਾ ਨੀਤੀ ਜਾਇਜ਼ੇ ਵਿੱਚ ਤੇਲ ਦੀਆਂ ਉਚੇਰੀਆਂ ਕੀਮਤਾਂ ਕਾਰਨ ਨੋਟ ਪਸਾਰੇ ਦੀ ਦਰ ’ਚ ਵਾਧੇ ਉਤੇ ਚਿੰਤਾ ਜ਼ਾਹਰ ਕੀਤੀ, ਪਰ ਬੈਂਕ ਨੇ ਇਸ ਮਾਲੀ ਸਾਲ ਲਈ ਆਰਥਿਕ ਵਿਕਾਸ ਦਰ ਦੇ 7.4 ਫ਼ੀਸਦੀ ਦੇ ਅੰਦਾਜ਼ੇ ਨੂੰ ਬਰਕਰਾਰ ਰੱਖਿਆ ਹੈ। ਗ਼ੌਰਤਲਬ ਹੈ ਕਿ ਚਾਲੂ ਮਾਲੀ ਸਾਲ ਦੇ ਪਹਿਲੇ ਅੱਧ ਭਾਵ ਅਪਰੈਲ ਤੋਂ ਸਤੰਬਰ ਤੱਕ ਦੇ ਅਰਸੇ ਲਈ ਪਰਚੂਨ ਮਹਿੰਗਾਈ ਦਰ 4.6 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ, ਜਦੋਂਕਿ ਦੂਜੇ ਅੱਧ ਦੌਰਾਨ ਇਹ ਹੋਰ ਵਧ ਕੇ 4.7 ਫ਼ੀਸਦੀ ਤੱਕ ਪੁੱਜ ਸਕਦੀ ਹੈ।
ਦੂਜੇ ਪਾਸੇ ਵੱਖ-ਵੱਖ ਬੈਂਕਾਂ ਖ਼ਾਸਕਰ ਐਸਬੀਆਈ, ਆਈਸੀਆਈਸੀਆਈ ਤੇ ਬੈਂਕ ਆਫ਼ ਬੜੌਦਾ ਨੇ ਪਹਿਲਾਂ ਹੀ ਇਸ ਵਾਧੇ ਦੀ ਸੰਭਾਵਨਾ ਨੂੰ ਭਾਸਦਿਆਂ ਬੀਤੇ ਹਫ਼ਤੇ ਆਪਣੀਆਂ ਵਿਆਜ ਦਰਾਂ 0.1 ਫ਼ੀਸਦੀ ਵਧਾ ਦਿੱਤੀਆਂ ਸਨ। ਇਸ ਨਾਲ ਇਨ੍ਹਾਂ ਬੈਂਕਾਂ ਦੇ ਕਰਜ਼ਦਾਰਾਂ ਦੇ ਕਰਜ਼ੇ ਮਹਿੰਗੇ ਹੋ ਗਏ ਹਨ। ਆਰਬੀਆਈ ਗਵਰਨਰ ਊਰਜਿਤ ਪਟੇਲ ਦੀ ਅਗਵਾਈ ਵਾਲੀ ਐਮਪੀਸੀ ਨੇ ਕਿਹਾ ਕਿ ਇਸ ਨੇ ਸਿਰਫ਼ ਰੈਪੋ ਦਰ ਵਿੱਚ ਹੀ ਵਾਧਾ ਕੀਤਾ ਹੈ ਅਤੇ ਬਾਕੀ ਉਪਾਵਾਂ ਨੂੰ ਨਿਰਪੱਖ ਬਣਾਈ ਰੱਖਿਆ ਹੈ।
ਮਹਿੰਗਾਈ ਦਰ ’ਚ ਵਾਧੇ ਦੀ ਸੰਭਾਵਨਾ
ਮੁੰਬਈ - ਰਿਜ਼ਰਵ ਬੈਂਕ ਨੇ ਅੱਜ ਆਲਮੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਚੜ੍ਹਨ ਦੇ ਮੱਦੇਨਜ਼ਰ ਚਾਲੂ ਮਾਲੀ ਸਾਲ ਲਈ ਮਹਿੰਗਾਈ ਦਰ ਬਾਰੇ ਆਪਣੇ ਅਨੁਮਾਨ ਵਿੱਚ ਮਾਮੂਲੀ ਵਾਧਾ ਕੀਤਾ ਹੈ। ਮਾਲੀ ਨੀਤੀ ਕਮੇਟੀ (ਐਮਪੀਸੀ) ਦੀ ਤਿੰਨ ਰੋਜ਼ਾ ਮੀਟਿੰਗ ਤੋਂ ਬਾਅਦ ਆਰਬੀਆਈ ਵੱਲੋਂ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਚੂਨ ਮਹਿੰਗਾਈ ਦਰ ਅਪਰੈਲ ਮਹੀਨੇ ਮੁੱਖ ਤੌਰ ’ਤੇ ਖਾਧ ਅਤੇ ਤੇਲ ਕੀਮਤਾਂ ਕਰ ਕੇ ਵਧ ਕੇ 4.6 ਫੀਸਦ ਹੋ ਗਈ ਸੀ। ਵੱਖ ਵੱਖ ਕਾਰਕਾਂ ਨੂੰ ਧਿਆਨ ਵਿੱਚ ਰੱਖਦਿਆਂ ਆਰਬੀਆਈ ਨੇ ਚਾਲੂ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਸੀਪੀਆਈ ਮਹਿੰਗਾਈ ਦਰ 4.8-4.9 ਫੀਸਦ ਰਹਿਣ ਦਾ ਅਨੁਮਾਨ ਲਾਇਆ ਹੈ।
ਵਿਆਜ ਦਰ ਵਧਣ ਨਾਲ ਘਟੇਗਾ ਵਿਕਾਸ: ਸਨਅਤਾਂ
ਨਵੀਂ ਦਿੱਲੀ - ਆਰਬੀਆਈ ਵੱਲੋਂ ਮੁੱਖ ਵਿਆਜ ਦਰ ਵਿੱਚ ਅੱਜ ਕੀਤੇ ਗਏ ਵਾਧੇ ’ਤੇ ਟਿੱਪਣੀ ਕਰਦਿਆਂ ਸਨਅਤੀ ਸੈਕਟਰ ਨੇ ਕਿਹਾ ਕਿ ਇਸ ਨਾਲ ਦੇਸ਼ ਦੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਠੇਸ ਲੱਗੇਗੀ। ਇੰਡੀਆ ਇੰਕ. ਨੇ ਬੈਂਕ ਨੂੰ ਕਿਹਾ ਕਿ ਉਹ ਇਸ ਦੀ ਥਾਂ ਨਰਮ ਮੁਦਰਾ ਨੀਤੀ ਅਪਣਾਵੇ। ਇੰਡੀਆ ਇੰਕ. ਦੇ ਇਕ ਹਿੱਸੇ ਦਾ ਖ਼ਿਆਲ ਹੈ ਕਿ ਆਗਾਮੀ ਸਮੇਂ ਦੌਰਾਨ ਵੀ ਵਿਆਜ ਦਰਾਂ ਵਧ ਸਕਦੀਆਂ ਹਨ, ਕਿਉਂਕਿ ਆਰਬੀਆਈ ਨੇ ਮਹਿੰਗਾਈ ਦਰ ’ਚ ਵਾਧੇ ਦੀ ਪੇਸ਼ੀਨਗੋਈ ਕੀਤੀ ਹੈ। ਸੀਆਈਆਈ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ, ‘‘ਮਹਿੰਗਾਈ ਦਰ ਦੇ ਸਪਲਾਈ ਨਾਲ ਜੁੜੇ ਮੁੱਦਿਆਂ ਤੋਂ ਚੱਲਣ ਕਾਰਨ ਸੀਆਈਆਈ ਦਾ ਖ਼ਿਆਲ ਹੈ ਕਿ ਵਿਆਜ ਦਰ ਵਧਾਉਣ ਨਾਲ ਵਿਕਾਸ ਦੀ ਤੋਰ ’ਚ ਵਿਘਨ ਪਵੇਗਾ।’’ ਐਸੋਚੈਮ ਦੇ ਸਕੱਤਰ ਜਨਰਲ ਡੀ.ਐਸ. ਰਾਵਤ ਨੇ ਕਿਹਾ ਕਿ ਇਹ ਵਾਧਾ ਕੋਈ ਚੰਗਾ ਸੰਕੇਤ ਨਹੀਂ ਹੈ।

 

 

fbbg-image

Latest News
Magazine Archive