ਸ੍ਰੀਨਗਰ ਸੈਕਸ ਸਕੈਂਡਲ: ਪੰਜ ਦੋਸ਼ੀਆਂ ਨੂੰ

ਦਸ-ਦਸ ਸਾਲ ਕੈਦ ਤੇ ਜੁਰਮਾਨਾ


ਚੰਡੀਗੜ੍ਹ - ਇਥੇ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੀਮਾ ਸੁਰੱਖਿਆ ਬਲ (ਬੀਐਸਐਫ਼) ਦੇ ਸਾਬਕਾ ਡੀਆਈਜੀ ਕੇ.ਸੀ. ਪਾਧੀ ਸਮੇਤ ਪੰਜ ਮੁਜਰਮਾਂ ਨੂੰ 2006 ਦੇ ਜੰਮੂ-ਕਸ਼ਮੀਰ ਦੇ ਇਕ ਸੈਕਸ ਸਕੈਂਡਲ ਸਬੰਧੀ ਕੇਸ ਵਿੱਚ ਦਸ-ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਹੁਕਮ ਅੱਜ ਵਿਸ਼ੇਸ਼ ਸੀਬੀਆਈ ਜੱਜ ਗਗਨ ਗੀਤ ਕੌਰ ਦੀ ਅਦਾਲਤ ਨੇ ਸੁਣਾਏ।
ਦੋਸ਼ੀਆਂ ਵਿੱਚ ਪਾਧੀ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਸਾਬਕਾ ਡੀਐਸਪੀ ਮੁਹੰਮਦ ਅਸ਼ਰਫ਼ ਮੀਰ ਅਤੇ ਮਕਸੂਦ ਅਹਿਮਦ, ਸ਼ਬੀਰ ਅਹਿਮਦ ਲਾਂਗੂ ਤੇ ਸ਼ਬੀਰ ਅਹਿਮਦ ਲਵਾਏ ਸ਼ਾਮਲ ਹਨ। ਅਦਾਲਤ ਨੇ ਪਾਧੀ ਅਤੇ ਮੀਰ ਨੂੰ ਇਕ-ਇਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ ਅਤੇ ਜੁਰਮਾਨਾ ਨਾ ਅਦਾ ਕਰਨ ’ਤੇ ਉਨ੍ਹਾਂ ਨੂੰ ਇਕ-ਇਕ ਸਾਲ ਹੋਰ ਕੈਦ ਬਾਮੁਸ਼ੱਕਤ ਭੁਗਤਣੀ ਪਵੇਗੀ। ਬਾਕੀ ਤਿੰਨ ਮੁਜਰਮਾਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ, ਜੋ ਅਦਾ ਨਾ ਕਰਨ ’ਤੇ ਉਨ੍ਹਾਂ ਨੂੰ ਛੇ-ਛੇ ਮਹੀਨੇ ਹੋਰ ਕੈਦ ਕੱਟਣੀ ਪਵੇਗੀ। ਅਦਾਲਤ
ਵੱਲੋਂ ਇਨ੍ਹਾਂ ਪੰਜਾਂ ਨੂੰ ਬੀਤੀ 30 ਮਈ ਨੂੰ ਜੰਮੂ-ਕਸ਼ਮੀਰ ਵਿੱਚ ਲਾਗੂ ਰਣਬੀਰ ਪੀਨਲ ਕੋਡ (ਆਰਪੀਸੀ) ਦੀ ਦਫ਼ਾ 376 (ਬਲਾਤਕਾਰ) ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਦਾਲਤ ਨੇ ਉਦੋਂ ਦੇ ਜੰਮੂ-ਕਸ਼ਮੀਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਸਣੇ ਦੋ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਇਹ ਕੇਸ ਕਸ਼ਮੀਰ ਦੀਆਂ ਨਾਬਾਲਗ਼ ਲੜਕੀਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਹੈ, ਜੋ ਉਸ ਵਕਤ ਵੱਡੇ ਪੱਧਰ ’ਤੇ ਮੀਡੀਆ ਦੀਆਂ ਸੁਰਖ਼ੀਆਂ ਦਾ ਕਾਰਨ ਬਣਿਆ ਸੀ। ਇਹ ਮਾਮਲਾ 2006 ਵਿੱਚ ਜੰਮੂ-ਕਸ਼ਮੀਰ ਵਿੱਚ ਪੁਲੀਸ ਵੱਲੋਂ ਦੋ ਸੀਡੀਜ਼ ਫੜੇ ਜਾਣ ਨਾਲ ਜ਼ਾਹਰ ਹੋਇਆ ਸੀ, ਜਿਹੜੀਆਂ ਇਨ੍ਹਾਂ ਲੜਕੀਆਂ ਦੇ ਜਿਨਸੀ ਸ਼ੋਸ਼ਣ ’ਤੇ ਆਧਾਰਤ ਸਨ। ਇਨ੍ਹਾਂ ਨਾਬਾਲਗ ਲੜਕੀਆਂ ਨੂੰ ਨਾ ਸਿਰਫ਼ ਚੋਟੀ ਦੇ ਪੁਲੀਸ ਅਫ਼ਸਰਾਂ, ਨੌਕਰਸ਼ਾਹਾਂ, ਸਿਆਸਤਦਾਨਾਂ ਤੇ ਆਤਮ ਸਮਰਪਣ ਕਰ ਚੁੱਕੇ ਦਹਿਸ਼ਤਗਰਦਾਂ ਆਦਿ ਨੂੰ ਸਪਲਾਈ ਕੀਤਾ ਜਾਂਦਾ ਸੀ, ਸਗੋਂ ਇਨ੍ਹਾਂ ਤੋਂ ਜਿਸਮਫ਼ਰੋਸ਼ੀ ਵੀ ਕਰਵਾਈ ਜਾਂਦੀ ਸੀ। ਮਾਮਲੇ ਦੇ ਦੋ ਮੁੱਖ ਦੋਸ਼ੀਆਂ ਸਬੀਨਾ ਤੇ ਉਸ ਦੇ ਪਤੀ ਅਬਦੁਲ ਹਮੀਦ ਬੁੱਲਾ, ਜੋ ਜਿਸਮਫ਼ਰੋਸ਼ੀ ਦਾ ਅੱਡਾ ਚਲਾਉਂਦੇ ਸਨ, ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ। 

 

 

fbbg-image

Latest News
Magazine Archive